ਕੈਨੇਡਾ ਦੀ ਪੀਆਰ ਛੱਡ ਆਇਆ ਨੌਜਵਾਨ ਬਣਿਆ ਦੋਰਾਹਾ ਨਗਰ ਕੌਂਸਲ ਦਾ ਪ੍ਰਧਾਨ ਕੈਨੇਡਾ ਦੀ ਪੀਆਰ ਛੱਡ ਆਇਆ ਨੌਜਵਾਨ ਬਣਿਆ ਦੋਰਾਹਾ ਨਗਰ ਕੌਂਸਲ ਦਾ ਪ੍ਰਧਾਨ
Publish Date: Mon, 27 Jul 2026 08:16 PM (IST)
Updated Date: Tue, 28 Jul 2026 04:08 AM (IST)
ਅਨਮੋਲ ਸ਼ਰਮਾ ਨੂੰ ਨਗਰ ਕੌਂਸਲ ਦੋਰਾਹਾ ਦੇ ਪ੍ਰਧਾਨ ਦੀ ਕੁਰਸੀ ’ਤੇ ਬਿਠਾਉਣ ਸਮੇਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਨਾਲ ਸੁਦਰਸ਼ਨ ਸ਼ਰਮਾ। ਵਿਧਾਇਕ ਗਿਆਸਪੁਰਾ ਨੇ ਕੁਰਸੀ ਤੇ ਬਿਠਾਇਆ, ਪਹਿਲੇ ਦਿਨ ਹੀ ਸ਼ਹਿਰ ਦੀ ਵੱਡੀ ਮੰਗ ਹੋਈ ਪੂਰੀ ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ, ਖੰਨਾ : ਕੈਨੇਡਾ ਦੀ ਪੀਆਰ ਛੱਡ ਆਇਆ ਨੌਜਵਾਨ ਅਨਮੋਲ ਸ਼ਰਮਾ ਨਗਰ ਕੌਂਸਲ ਦੋਰਾਹਾ ਦਾ ਪ੍ਰਧਾਨ ਚੁਣਿਆ ਗਿਆ ਹੈ। ਇਹ ਨੌਜਵਾਨ ਵਿਦੇਸ਼ ਵੱਲ ਭੱਜਣ ਵਾਲੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਹੈ, ਜਿਸ ਨੇ ਕੈਨੇਡਾ ਦੀ ਪੀਆਰ ਨੂੰ ਛੱਡ ਆਪਣੇ ਸ਼ਹਿਰ ਦੀ ਸੇਵਾ ਕਰਨ ਦਾ ਫੈਸਲਾ ਕੀਤਾ। ਅਨਮੋਲ ਸ਼ਰਮਾ ਨਗਰ ਕੌਂਸਲ ਦੋਰਾਹਾ ਦੇ ਸਾਬਕਾ ਪ੍ਰਧਾਨ ਸੁਦਰਸ਼ਨ ਸ਼ਰਮਾ ਦਾ ਬੇਟਾ ਹੈ, ਜਿਸ ਨੇ ਕੈਨੇਡਾ ਤੋਂ ਵਾਪਸ ਆ ਕੇ ਨਗਰ ਕੌਂਸਲ ਚੋਣ ਲੜੀ, ਲੋਕਾਂ ਦਾ ਭਰੋਸਾ ਜਿੱਤਿਆ ਅਤੇ ਹੁਣ ਆਮ ਆਦਮੀ ਪਾਰਟੀ ਨੇ ਉਸਨੂੰ ਦੋਰਾਹਾ ਨਗਰ ਕੌਂਸਲ ਦਾ ਪ੍ਰਧਾਨ ਬਣਾ ਕੇ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੀ ਮੌਜੂਦਗੀ ’ਚ ਅਨਮੋਲ ਸ਼ਰਮਾ ਨੇ ਨਗਰ ਕੌਂਸਲ ਪ੍ਰਧਾਨ ਵਜੋਂ ਆਪਣਾ ਅਹੁਦਾ ਸੰਭਾਲਿਆ। ਦੱਸਣਯੋਗ ਹੈ ਕਿ ਅਨਮੋਲ ਸ਼ਰਮਾ ਦੇ ਪਿਤਾ ਅਤੇ ਸਾਬਕਾ ਪ੍ਰਧਾਨ ਸੁਦਰਸ਼ਨ ਸ਼ਰਮਾ ਪਿਛਲੇ ਕਰੀਬ 35 ਸਾਲਾਂ ਤੋਂ ਦੋਰਾਹਾ ਦੀ ਸੇਵਾ ਕਰ ਰਹੇ ਹਨ ਅਤੇ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਅੱਗੇ ਲਿਆਉਣ ਲਈ ਖੁਦ ਪ੍ਰਧਾਨਗੀ ਦੀ ਕੁਰਸੀ ਦਾ ਤਿਆਗ ਕੀਤਾ। ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਹੈ ਕਿ ਪੰਜਾਬ ਵਿੱਚ ਇੰਨਾ ਵਿਕਾਸ ਹੋਵੇ ਕਿ ਵਿਦੇਸ਼ਾਂ ’ਚ ਵਸੇ ਪੰਜਾਬੀ ਮੁੜ ਆਪਣੇ ਵਤਨ ਵਾਪਸ ਆਉਣ। ਉਨ੍ਹਾਂ ਕਿਹਾ ਕਿ ਅਨਮੋਲ ਸ਼ਰਮਾ ਇਸ ਸੋਚ ਦੀ ਇੱਕ ਜਿਉਂਦੀ-ਜਾਗਦੀ ਮਿਸਾਲ ਹੈ, ਜਿਸ ਨੇ ਵਿਦੇਸ਼ ਦੀ ਆਰਾਮਦਾਇਕ ਜ਼ਿੰਦਗੀ ਛੱਡ ਕੇ ਆਪਣੇ ਸ਼ਹਿਰ ਦੀ ਸੇਵਾ ਨੂੰ ਤਰਜੀਹ ਦਿੱਤੀ। ਅਹੁਦਾ ਸੰਭਾਲਦੇ ਹੀ ਅਨਮੋਲ ਸ਼ਰਮਾ ਨੇ ਸਭ ਤੋਂ ਪਹਿਲਾਂ ਦੋਰਾਹਾ ’ਚ ਇੱਕ ਆਧੁਨਿਕ ਖੇਡ ਮੈਦਾਨ ਬਣਾਉਣ ਦੀ ਮੰਗ ਰੱਖੀ, ਜਿਸ ਤੇ ਉਨ੍ਹਾਂ ਨੇ ਤੁਰੰਤ 10 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਅਨਮੋਲ ਸ਼ਰਮਾ ਨੇ ਕਿਹਾ ਕਿ ਲੋਕਾਂ ਵੱਲੋਂ ਦਿੱਤਾ ਗਿਆ ਪਿਆਰ ਤੇ ਭਰੋਸਾ ਉਨ੍ਹਾਂ ਲਈ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਦੋਰਾਹਾ ਸ਼ਹਿਰ ਦੀ ਨੁਹਾਰ ਬਦਲਣ ਲਈ ਦਿਨ-ਰਾਤ ਮਿਹਨਤ ਕਰਨਗੇ ਅਤੇ ਵਿਕਾਸ ਕਾਰਜਾਂ ਵਿੱਚ ਕੋਈ ਕਸਰ ਨਹੀਂ ਛੱਡਣਗੇ। ਉਨ੍ਹਾਂ ਦੀ ਪਹਿਲੀ ਤਰਜੀਹ ਸ਼ਹਿਰ ਦੀਆਂ ਬੁਨਿਆਦੀ ਸਮੱਸਿਆਵਾਂ ਦਾ ਹੱਲ ਕਰਨਾ ਹੋਵੇਗੀ। ਦੋਰਾਹਾ ਵਿੱਚ ਆਧੁਨਿਕ ਖੇਡ ਗਰਾਊਂਡ, ਨੌਜਵਾਨਾਂ ਲਈ ਲਾਇਬ੍ਰੇਰੀ, ਬਜ਼ੁਰਗਾਂ ਲਈ ਵਧੀਆ ਪਾਰਕ, ਸ਼ਹਿਰ ਦੀ ਟਰੈਫਿਕ ਸਮੱਸਿਆ ਦਾ ਪੱਕਾ ਹੱਲ ਅਤੇ ਹੋਰ ਵਿਕਾਸ ਕਾਰਜ ਪਹਿਲ ਦੇ ਆਧਾਰ ਤੇ ਕਰਵਾਏ ਜਾਣਗੇ।