ਲੰਬੇ ਸਮੇਂ ਤੱਕ ਸਬੰਧ ਬਣਾਉਣ ਤੋਂ ਬਾਅਦ ਮੁੱਕਰਿਆ ਨੌਜਵਾਨ, ਵਿਆਹ ਲਈ ਦਬਾਅ ਬਣਾਇਆ ਤਾਂ ਪਰਿਵਾਰ ਨਾਲ ਮਿਲ ਕੇ ਲੜਕੀ ਨੂੰ ਦਿੱਤੇ ਤਸੀਹੇ
ਲੜਕੀ ਦਾ ਦੋਸ਼ ਹੈ ਕਿ ਜਦੋਂ ਉਸ ਨੇ ਵਿਆਹ ਕਰਵਾਉਣ ਲਈ ਦਬਾਅ ਬਣਾਇਆ ਤਾਂ ਮੁਲਜ਼ਮ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਤਸੀਹੇ ਦਿੱਤੇ। ਮਾਮਲੇ ਸਬੰਧੀ ਲੜਕੀ ਵੱਲੋਂ ਹਰਿਆਣਾ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਸ਼ਿਕਾਇਤ ਕੀਤੇ ਜਾਣ ਤੋਂ ਬਾਅਦ ਥਾਣਾ ਟੋਹਾਣਾ ਦੀ ਪੁਲਿਸ ਨੇ ਜ਼ੀਰੋ ਐੱਫ.ਆਈ.ਆਰ. ਦਰਜ ਕਰਕੇ ਜਾਂਚ ਲੁਧਿਆਣਾ ਦੇ ਥਾਣਾ ਸਦਰ ਦੀ ਪੁਲਿਸ ਨੂੰ ਭੇਜ ਦਿੱਤੀ ਹੈ।
Publish Date: Sat, 03 Oct 2026 11:55 AM (IST)
Updated Date: Sat, 03 Oct 2026 12:04 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਪਹਿਲਾਂ ਦੋਸਤੀ, ਫਿਰ ਵਿਆਹ ਦਾ ਭਰੋਸਾ ਦੇ ਕੇ ਲੰਮੇ ਸਮੇਂ ਤੱਕ ਸਰੀਰਕ ਸਬੰਧ ਬਣਾਉਣ ਅਤੇ ਬਾਅਦ ’ਚ ਵਿਆਹ ਤੋਂ ਮੁੱਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਹਰਿਆਣਾ ਦੇ ਇੱਕ ਇਲਾਕੇ ਦੀ ਰਹਿਣ ਵਾਲੀ ਲੜਕੀ ਨੇ ਲੁਧਿਆਣਾ ਵਾਸੀ ਹਰਗੋਬਿੰਦ ਸਿੰਘ ਨਾਮ ਦੇ ਨੌਜਵਾਨ ’ਤੇ ਵਿਆਹ ਦਾ ਭਰੋਸਾ ਦੇ ਕੇ ਸਰੀਰਕ ਸਬੰਧ ਬਣਾਉਣ ਦੇ ਦੋਸ਼ ਲਗਾਏ ਹਨ।
ਲੜਕੀ ਦਾ ਦੋਸ਼ ਹੈ ਕਿ ਜਦੋਂ ਉਸ ਨੇ ਵਿਆਹ ਕਰਵਾਉਣ ਲਈ ਦਬਾਅ ਬਣਾਇਆ ਤਾਂ ਮੁਲਜ਼ਮ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਤਸੀਹੇ ਦਿੱਤੇ। ਮਾਮਲੇ ਸਬੰਧੀ ਲੜਕੀ ਵੱਲੋਂ ਹਰਿਆਣਾ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਸ਼ਿਕਾਇਤ ਕੀਤੇ ਜਾਣ ਤੋਂ ਬਾਅਦ ਥਾਣਾ ਟੋਹਾਣਾ ਦੀ ਪੁਲਿਸ ਨੇ ਜ਼ੀਰੋ ਐੱਫ.ਆਈ.ਆਰ. ਦਰਜ ਕਰਕੇ ਜਾਂਚ ਲੁਧਿਆਣਾ ਦੇ ਥਾਣਾ ਸਦਰ ਦੀ ਪੁਲਿਸ ਨੂੰ ਭੇਜ ਦਿੱਤੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ, ਪੀੜਤ ਲੜਕੀ ਹਰਿਆਣਾ ਦੇ ਇੱਕ ਇਲਾਕੇ ਦੀ ਰਹਿਣ ਵਾਲੀ ਹੈ ਅਤੇ ਲੁਧਿਆਣਾ ’ਚ ਪੜ੍ਹਾਈ ਕਰਨ ਦੇ ਨਾਲ-ਨਾਲ ਕੰਮ ਵੀ ਕਰ ਰਹੀ ਸੀ। ਇਸੇ ਦੌਰਾਨ ਉਸ ਦੀ ਮੁਲਾਕਾਤ ਹਰਗੋਬਿੰਦ ਸਿੰਘ ਨਾਲ ਹੋਈ ਅਤੇ ਦੋਵਾਂ ਵਿਚਕਾਰ ਦੋਸਤੀ ਹੋ ਗਈ।
ਲੜਕੀ ਵੱਲੋਂ ਲਗਾਏ ਗਏ ਦੋਸ਼ਾਂ ਅਨੁਸਾਰ, ਦੋਸਤੀ ਦੌਰਾਨ ਹਰਗੋਬਿੰਦ ਸਿੰਘ ਨੇ ਉਸ ਨੂੰ ਜਜ਼ਬਾਤੀ ਤੌਰ ’ਤੇ ਆਪਣੇ ਨਾਲ ਜੋੜਿਆ ਅਤੇ ਵਿਆਹ ਕਰਵਾਉਣ ਦਾ ਭਰੋਸਾ ਦੇ ਕੇ ਉਸ ਨਾਲ ਸਰੀਰਕ ਸਬੰਧ ਕਾਇਮ ਕਰ ਲਏ।
ਸ਼ਿਕਾਇਤ ’ਚ ਲੜਕੀ ਨੇ ਦੋਸ਼ ਲਗਾਇਆ ਹੈ ਕਿ ਇਸ ਤੋਂ ਬਾਅਦ ਮੁੱਖ ਮੁਲਜ਼ਮ ਲੰਮੇ ਸਮੇਂ ਤੱਕ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ। ਲੜਕੀ ਅਨੁਸਾਰ, ਉਹ ਹਰਗੋਬਿੰਦ ਸਿੰਘ ਵੱਲੋਂ ਵਿਆਹ ਕਰਵਾਉਣ ਦੇ ਦਿੱਤੇ ਭਰੋਸੇ ’ਤੇ ਵਿਸ਼ਵਾਸ ਕਰਦੀ ਰਹੀ। ਬਾਅਦ ਵਿੱਚ ਜਦੋਂ ਉਸ ਨੇ ਹਰਗੋਬਿੰਦ ਸਿੰਘ ਨੂੰ ਵਿਆਹ ਕਰਵਾਉਣ ਲਈ ਕਿਹਾ ਤਾਂ ਉਹ ਵਿਆਹ ਕਰਵਾਉਣ ਤੋਂ ਸਾਫ਼ ਮੁੱਕਰ ਗਿਆ।
ਲੜਕੀ ਦਾ ਦੋਸ਼ ਹੈ ਕਿ ਜਦੋਂ ਉਸ ਨੇ ਵਿਆਹ ਕਰਵਾਉਣ ਲਈ ਹਰਗੋਬਿੰਦ ਸਿੰਘ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਮਾਮਲਾ ਹੋਰ ਗੰਭੀਰ ਹੋ ਗਿਆ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਹਰਗੋਬਿੰਦ ਸਿੰਘ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸ ਨੂੰ ਕਥਿਤ ਤੌਰ ’ਤੇ ਤਸੀਹੇ ਦਿੱਤੇ। ਇਸ ਘਟਨਾ ਤੋਂ ਬਾਅਦ ਲੜਕੀ ਬੁਰੀ ਤਰ੍ਹਾਂ ਪਰੇਸ਼ਾਨ ਹੋ ਗਈ ਅਤੇ ਲੁਧਿਆਣਾ ਤੋਂ ਆਪਣੇ ਘਰ ਹਰਿਆਣਾ ਚਲੀ ਗਈ।
ਘਰ ਪਹੁੰਚਣ ਤੋਂ ਬਾਅਦ ਲੜਕੀ ਨੇ ਹਰਿਆਣਾ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦੇ ਕੇ ਆਪਣੇ ਨਾਲ ਲੁਧਿਆਣਾ ਵਿੱਚ ਵਾਪਰੀਆਂ ਘਟਨਾਵਾਂ ਬਾਰੇ ਜਾਣਕਾਰੀ ਦਿੱਤੀ। ਕਿਉਂਕਿ ਸਾਰਾ ਮਾਮਲਾ ਲੁਧਿਆਣਾ ਨਾਲ ਸੰਬੰਧਿਤ ਸੀ , ਇਹ ਸਾਰੀ ਘਟਨਾ ਲੁਧਿਆਣਾ ਦੇ ਕੀਜ ਹੋਟਲ ਦੇ ਲਾਗੇ ਵਾਪਰੀ। ਇਸ ਲਈ ਥਾਣਾ ਟੋਹਾਣਾ ਦੀ ਪੁਲਿਸ ਨੇ ਜ਼ੀਰੋ ਐੱਫ.ਆਈ.ਆਰ. ਦਰਜ ਕਰਕੇ ਮਾਮਲਾ ਲੁਧਿਆਣਾ ਦੇ ਥਾਣਾ ਸਦਰ ਪੁਲਿਸ ਨੂੰ ਭੇਜ ਦਿੱਤਾ।
ਪੁਲਿਸ ਅਨੁਸਾਰ ਇਸ ਕੇਸ ਵਿੱਚ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਹਰਗੋਬਿੰਦ ਸਿੰਘ, ਜਗੀਰ ਸਿੰਘ, ਜਮਨਾ ਬਾਈ, ਬਲਵਿੰਦਰ ਸਿੰਘ ਅਤੇ ਸੀਲੋ ਬਾਈ ਵਜੋਂ ਹੋਈ ਹੈ। ਇਨ੍ਹਾਂ ਵਿੱਚ ਹਰਗੋਬਿੰਦ ਸਿੰਘ ਨੂੰ ਮੁੱਖ ਮੁਲਜ਼ਮ ਦੱਸਿਆ ਗਿਆ ਹੈ, ਜਦਕਿ ਬਾਕੀ ਨਾਮਜ਼ਦ ਮੁਲਜ਼ਮ ਉਸ ਦੇ ਪਰਿਵਾਰਕ ਮੈਂਬਰ ਦੱਸੇ ਗਏ ਹਨ। ਪੁਲਿਸ ਮੁਤਾਬਕ ਸਾਰੇ ਮੁਲਜ਼ਮ ਪਿੱਛੋਂ ਫਾਜ਼ਿਲਕਾ ਦੀ ਮਿਆਣੀ ਬਸਤੀ ਦੇ ਰਹਿਣ ਵਾਲੇ ਹਨ।
ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ. ਜਗਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ ਸਮੇਤ ਮਾਮਲੇ ਨਾਲ ਜੁੜੇ ਸਾਰੇ ਪੱਖਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਾਂਚ ਦੇ ਆਧਾਰ ’ਤੇ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ ਅਤੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।