ਵਿਆਹ ਤੋਂ ਤਿੰਨ ਦਿਨ ਬਾਅਦ ਸਹੁਰੇ ਘਰ ਬੇਇੱਜ਼ਤ ਹੋਏ ਨੌਜਵਾਨ ਨੇ ਖਾਧਾ ਜ਼ਹਿਰ, 13 ਦਿਨਾਂ ਬਾਅਦ ਇਲਾਜ ਦੌਰਾਨ ਮੌਤ
ਥਾਣਾ ਡੇਹਲੋਂ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਮ੍ਰਿਤਕ ਹਰਦੀਪ ਸਿੰਘ ਦੇ ਪਿਤਾ ਪ੍ਰਿਥੀਪਾਲ ਸਿੰਘ ਨੇ ਦੱਸਿਆ ਕਿ ਹਰਦੀਪ ਸਿੰਘ ਦਾ ਵਿਆਹ 20 ਸਤੰਬਰ 2026 ਨੂੰ ਪ੍ਰਭਜੋਤ ਕੌਰ ਨਾਲ ਹੋਇਆ ਸੀ। ਵਿਆਹ ਤੋਂ ਬਾਅਦ 23 ਸਤੰਬਰ ਨੂੰ ਹਰਦੀਪ ਆਪਣੀ ਪਤਨੀ ਨੂੰ ਮਿਲਣ ਲਈ ਉਸ ਦੇ ਪਿੰਡ ਘਵੱਦੀ ਸਥਿਤ ਸਹੁਰੇ ਘਰ ਗਿਆ। ਉੱਥੇ ਵਿਚੋਲਣ ਬਲਜਿੰਦਰ ਕੌਰ ਉਰਫ਼ ਰਾਣੋ ਤੋਂ ਇਲਾਵਾ ਪਤਨੀ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ।
Publish Date: Wed, 21 Oct 2026 11:21 AM (IST)
Updated Date: Wed, 21 Oct 2026 11:34 AM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਸਾਇਆ ਕਲਾਂ ’ਚ ਵਿਆਹ ਤੋਂ ਕੁਝ ਦਿਨ ਬਾਅਦ ਹੀ ਸ਼ੁਰੂ ਹੋਏ ਕਥਿਤ ਪਰਿਵਾਰਕ ਵਿਵਾਦ ਦਾ ਮਾਮਲਾ ਨੌਜਵਾਨ ਦੀ ਮੌਤ ਤੱਕ ਪਹੁੰਚ ਗਿਆ। ਆਪਣੇ ਵਿਆਹ ਤੋਂ ਸਿਰਫ਼ ਤਿੰਨ ਦਿਨ ਬਾਅਦ ਪਤਨੀ ਨੂੰ ਮਿਲਣ ਲਈ ਸਹੁਰੇ ਘਰ ਗਏ ਹਰਦੀਪ ਸਿੰਘ ਨੂੰ ਉੱਥੇ ਕਥਿਤ ਤੌਰ ’ਤੇ ਬੇਇੱਜ਼ਤੀ ਅਤੇ ਅਪਮਾਨਜਨਕ ਸ਼ਬਦਾਂ ਦਾ ਸਾਹਮਣਾ ਕਰਨਾ ਪਿਆ।
ਇਸ ਘਟਨਾ ਤੋਂ ਬਾਅਦ ਉਹ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿਣ ਲੱਗ ਪਿਆ। ਲੜਕਾ ਇਸ ਕਦਰ ਜਲੀਲ ਹੋਇਆ ਕਿ ਉਸ ਨੇ ਜ਼ਹਿਰੀਲੀ ਦਵਾਈ ਨਿਗਲ ਲਈ ਸੀ। ਇਲਾਜ ਦੌਰਾਨ ਮੰਡੀ ਅਹਿਮਦਗੜ੍ਹ ਦੇ ਹਿੰਦ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੇ ਪਿਤਾ ਪ੍ਰਿਥੀਪਾਲ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਡੇਹਲੋਂ ਦੀ ਪੁਲਿਸ ਨੇ ਚਾਰ ਵਿਅਕਤੀਆਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀ ਧਾਰਾ 108 ਤਹਿਤ ਮੁਕੱਦਮਾ ਦਰਜ ਕੀਤਾ ਹੈ। ਨਾਮਜ਼ਦ ਮੁਲਜ਼ਮਾਂ ’ਚ ਮ੍ਰਿਤਕ ਦੀ ਪਤਨੀ ਪ੍ਰਭਜੋਤ ਕੌਰ, ਵਿਚੋਲਣ ਬਲਜਿੰਦਰ ਕੌਰ ਉਰਫ਼ ਰਾਣੋ, ਸਹੁਰਾ ਜਗਰੂਪ ਸਿੰਘ ਅਤੇ ਸਾਲਾ ਲਾਡੀ ਸ਼ਾਮਲ ਹਨ। ਇਸ ਮਾਮਲੇ ’ਚ ਬੀਐਨ ਇਸ ਦੀ ਧਾਰਾ 108 (ਖੁਦਕੁਸ਼ੀ ਲਈ ਮਜਬੂਰ ਕਰਨ) ਤਹਿਤ ਕਾਰਵਾਈ ਕੀਤੀ ਗਈ ਹੈ।
ਥਾਣਾ ਡੇਹਲੋਂ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਮ੍ਰਿਤਕ ਹਰਦੀਪ ਸਿੰਘ ਦੇ ਪਿਤਾ ਪ੍ਰਿਥੀਪਾਲ ਸਿੰਘ ਨੇ ਦੱਸਿਆ ਕਿ ਹਰਦੀਪ ਸਿੰਘ ਦਾ ਵਿਆਹ 20 ਸਤੰਬਰ 2026 ਨੂੰ ਪ੍ਰਭਜੋਤ ਕੌਰ ਨਾਲ ਹੋਇਆ ਸੀ। ਵਿਆਹ ਤੋਂ ਬਾਅਦ 23 ਸਤੰਬਰ ਨੂੰ ਹਰਦੀਪ ਆਪਣੀ ਪਤਨੀ ਨੂੰ ਮਿਲਣ ਲਈ ਉਸ ਦੇ ਪਿੰਡ ਘਵੱਦੀ ਸਥਿਤ ਸਹੁਰੇ ਘਰ ਗਿਆ। ਉੱਥੇ ਵਿਚੋਲਣ ਬਲਜਿੰਦਰ ਕੌਰ ਉਰਫ਼ ਰਾਣੋ ਤੋਂ ਇਲਾਵਾ ਪਤਨੀ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ।
ਸ਼ਿਕਾਇਤਕਰਤਾ ਦੇ ਦੋਸ਼ ਹਨ ਕਿ ਸਹੁਰੇ ਘਰ ਪਹੁੰਚਣ ’ਤੇ ਹਰਦੀਪ ਨਾਲ ਕਥਿਤ ਤੌਰ ’ਤੇ ਬਦਸਲੂਕੀ ਕੀਤੀ ਗਈ ਅਤੇ ਉਸ ਦੀ ਸ਼ਾਨ ਦੇ ਖ਼ਿਲਾਫ਼ ਅਪਮਾਨਜਨਕ ਸ਼ਬਦ ਬੋਲੇ ਗਏ। ਇਸ ਘਟਨਾ ਵਿੱਚ ਪਤਨੀ, ਵਿਚੋਲਣ ਅਤੇ ਸਹੁਰੇ ਪਰਿਵਾਰ ਦੇ ਮੈਂਬਰਾਂ ਦੀ ਸ਼ਮੂਲੀਅਤ ਹੋਣ ਦੇ ਦੋਸ਼ ਲਗਾਏ ਗਏ ਹਨ।
ਪਿਤਾ ਵੱਲੋਂ ਪੁਲਿਸ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ, ਸਹੁਰੇ ਘਰ ਵਾਪਰੀ ਘਟਨਾ ਤੋਂ ਬਾਅਦ ਹਰਦੀਪ ਸਿੰਘ ਕਾਫ਼ੀ ਪਰੇਸ਼ਾਨ ਰਹਿਣ ਲੱਗ ਪਿਆ ਸੀ। ਇਸੇ ਦੌਰਾਨ 6 ਅਕਤੂਬਰ ਨੂੰ ਉਸ ਨੇ ਜ਼ਹਿਰੀਲੀ ਦਵਾਈ ਨਿਗਲ ਲਈ। ਉਸ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਮੰਡੀ ਅਹਿਮਦਗੜ੍ਹ ਦੇ ਹਿੰਦ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੇ ਕਈ ਦਿਨਾਂ ਤੱਕ ਉਸਦਾ ਇਲਾਜ ਕਰਕੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਜ਼ਹਿਰੀਲੀ ਦਵਾਈ ਨਿਗਲਣ ਕਾਰਨ ਸਰੀਰ ਦੇ ਅੰਦਰ ਜ਼ਹਿਰ ਬਹੁਤ ਜ਼ਿਆਦਾ ਫੈਲ ਚੁੱਕਾ ਸੀ, ਜਿਸ ਕਾਰਨ ਉਸਦੀ ਮੌਤ ਹੋ ਗਈ।
ਹਰਦੀਪ ਦੀ ਮੌਤ ਤੋਂ ਬਾਅਦ ਉਸ ਦੇ ਪਿਤਾ ਨੇ ਪੁਲਿਸ ਕੋਲ ਪਹੁੰਚ ਕਰਦਿਆਂ ਉਕਤ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਜਗਜੀਤ ਸਿੰਘ ਨੇ ਦੱਸਿਆ ਕਿ ਥਾਣਾ ਡੇਹਲੋਂ ਪੁਲਿਸ ਨੇ ਬਲਜਿੰਦਰ ਕੌਰ ਉਰਫ਼ ਰਾਣੋ, ਪ੍ਰਭਜੋਤ ਕੌਰ, ਲਾਡੀ ਅਤੇ ਜਗਰੂਪ ਸਿੰਘ ਖ਼ਿਲਾਫ਼ ਬੀਐੱਨਐੱਸ ਦੀ ਧਾਰਾ 108 ਤਹਿਤ ਮੁਕੱਦਮਾ ਦਰਜ ਕੀਤਾ ਹੈ। ਉਨ੍ਹਾਂ ਅਨੁਸਾਰ, ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਸਬੰਧੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਪੁਲਿਸ ਜਾਂਚ ਦੌਰਾਨ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ, ਘਟਨਾ ਦੇ ਹਾਲਾਤ ਅਤੇ ਨੌਜਵਾਨ ਦੀ ਮੌਤ ਨਾਲ ਸਬੰਧਤ ਸਾਰੇ ਪਹਿਲੂਆਂ ਦੀ ਪੜਤਾਲ ਕੀਤੀ ਜਾਵੇਗੀ।