ਪਤਨੀ ਤੋਂ ਪਰੇਸ਼ਾਨ ਨੌਜਵਾਨ ਨੇ ਫਾਹਾ ਲਾ ਕੇ ਕੀਤੀ ਖੁਦਕੁਸ਼ੀ
ਪਤਨੀ ਤੋਂ ਪਰੇਸ਼ਾਨ ਹੋਏ ਨੌਜਵਾਨ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ
Publish Date: Sun, 29 Mar 2026 08:36 PM (IST)
Updated Date: Mon, 30 Mar 2026 04:12 AM (IST)

ਸੁਸਾਈਡ ਨੋਟ ਲਿਖ ਕੇ ਲਾਇਆ ਮੌਤ ਨੂੰ ਗਲੇ, ਪਤਨੀ ਅਤੇ ਸੱਸ ਖਿਲਾਫ ਮੁਕੱਦਮਾ ਦਰਜ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਇੱਕ ਨੌਜਵਾਨ ਆਪਣੀ ਪਤਨੀ ਤੇ ਸੱਸ ਤੋਂ ਇਸ ਕਦਰ ਪਰੇਸ਼ਾਨ ਹੋ ਗਿਆ ਕਿ ਉਸ ਨੇ ਆਪਣੇ ਘਰ ’ਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਆਤਮ-ਹੱਤਿਆ ਕਰਨ ਤੋਂ ਪਹਿਲਾਂ ਨੌਜਵਾਨ ਨੇ ਇੱਕ ਸੁਸਾਈਡ ਨੋਟ ਲਿਖਿਆ, ਜਿਸ ’ਚ ਉਸ ਨੇ ਆਪਣੀ ਮੌਤ ਦੇ ਜ਼ਿੰਮੇਵਾਰ ਸੱਸ ਤੇ ਪਤਨੀ ਨੂੰ ਦੱਸਿਆ। ਇਸ ਮਾਮਲੇ ’ਚ ਥਾਣਾ ਦਰੇਸੀ ਦੀ ਪੁਲਿਸ ਨੇ ਮ੍ਰਿਤਕ ਬਿਕਰਮਜੀਤ ਦੀ ਮਾਤਾ ਸਰਬਜੀਤ ਕੌਰ ਦੀ ਸ਼ਿਕਾਇਤ ’ਤੇ ਸੁਭਾਸ਼ ਨਗਰ ਕਰਮਸਰ ਕਾਲੋਨੀ ਦੀ ਰਹਿਣ ਵਾਲੀ ਕਾਜਲ ਤੇ ਰਾਜ ਰਾਣੀ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਦਰੇਸੀ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਸਰਬਜੀਤ ਕੌਰ ਨੇ ਦੱਸਿਆ ਕਿ ਉਸ ਦੇ ਪੁੱਤਰ ਬਿਕਰਮਜੀਤ ਦਾ ਵਿਆਹ ਡੇਢ ਸਾਲ ਪਹਿਲਾਂ ਕਾਜਲ ਨਾਲ ਹੋਇਆ ਸੀ। ਵਿਆਹ ਦੇ ਕੁਝ ਦਿਨਾਂ ਬਾਅਦ ਹੀ ਕਾਜਲ ਘਰ ’ਚ ਕਲੇਸ਼ ਕਰਨ ਲੱਗ ਪਈ। ਇੱਕ ਸਾਲ ਬਾਅਦ ਉਨ੍ਹਾਂ ਦੇ ਘਰ ਇੱਕ ਬੱਚੇ ਨੇ ਜਨਮ ਲਿਆ। ਬੇਟੇ ਦੇ ਜਨਮ ਦੇ ਬਾਵਜੂਦ ਲੜਕੀ ਲਗਾਤਾਰ ਸਹੁਰੇ ਪਰਿਵਾਰ ਨਾਲ ਲੜਦੀ ਰਹੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਕਾਜਲ ਤੇ ਉਸ ਦੀ ਮਾਂ ਰਾਜ ਰਾਣੀ ਬਿਕਰਮਜੀਤ ਨੂੰ ਬੇਹੱਦ ਪਰੇਸ਼ਾਨ ਕਰਦੀਆਂ ਸਨ। ਪਿਛਲੇ 2 ਮਹੀਨੇ ਤੋਂ ਕਾਜਲ ਆਪਣੇ ਪੇਕੇ ਘਰ ’ਚ ਰਹਿ ਰਹੀ ਸੀ। ਹੌਜ਼ਰੀ ’ਚ ਕਟਰ ਮਾਸਟਰ ਦਾ ਕੰਮ ਕਰਨ ਵਾਲਾ ਬਿਕਰਮਜੀਤ ਸੱਸ ਤੇ ਪਤਨੀ ਕੋਲੋਂ ਇਸ ਕਦਰ ਪਰੇਸ਼ਾਨ ਹੋ ਗਿਆ ਕਿ ਉਸ ਨੇ ਸੁਸਾਈਡ ਨੋਟ ਲਿਖ ਕੇ ਪੱਖੇ ਨਾਲ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਉਧਰੋਂ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਦਰੇਸੀ ਦੇ ਏਐੱਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਸੁਸਾਈਡ ਨੋਟ ਦੇ ਆਧਾਰ ਤੇ ਸਰਬਜੀਤ ਕੌਰ ਦੇ ਬਿਆਨਾਂ ਤੋਂ ਬਾਅਦ ਪੁਲਿਸ ਨੇ ਕਾਜਲ ਤੇ ਰਾਜ ਰਾਣੀ ਖਿਲਾਫ ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।