ਨੈਸ਼ਨਲ ਹਾਈਵੇ ਦੀ ਸਰਵਿਸ ਲੇਨ ਦੇ ਮੰਦੇ ਹਾਲ ਨੈਸ਼ਨਲ ਹਾਈਵੇ ਦੀ ਸਰਵਿਸ ਲੇਨ ਦੇ ਮੰਦੇ ਹਾਲ ਬਾਰੇ ਐਨਐਚਏਆਈ ਦੇ ਅਧਿਕਾਰੀਆਂ ਨੂੰ ਚਿੱਠੀ ਲਿਖੀ
Publish Date: Sat, 18 Jul 2026 10:35 PM (IST)
Updated Date: Sun, 19 Jul 2026 04:05 AM (IST)
ਐੱਨਐੱਚਏਆਈ ਦੇ ਅਧਿਕਾਰੀਆਂ ਨੂੰ ਚਿੱਠੀ ਲਿਖੀ ਸਰਵਿਸ ਲੇਨ ਦੀ ਹਾਲਤ ਵਿੱਚ ਬਰਸਾਤਾਂ ਤੋਂ ਪਹਿਲਾਂ ਸੁਧਾਰ ਕਰਨ ਦੀ ਕੀਤੀ ਮੰਗ ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਢੰਡਾਰੀ ਇੰਡਸਟਰੀਅਲ ਵੈੱਲਫ਼ੇਅਰ ਐਸੋਸੀਏਸ਼ਨ ਦੇ ਪ੍ਰਧਾਨ ਤੇ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂੰਫ਼ੈਕਚਰਜ਼ ਐਸੋਸੀਏਸ਼ਨ ਦੇ ਵਿੱਤ ਸਕੱਤਰ ਸਤਨਾਮ ਸਿੰਘ ਮੱਕੜ ਨੇ ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਦੇ ਅਧਿਕਾਰੀਆਂ ਨੂੰ ਚਿੱਠੀ ਲਿਖੀ ਹੈ।ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਲੁਧਿਆਣਾ ਵਿੱਚ ਸਾਹਨੇਵਾਲ ਤੋਂ ਜਲੰਧਰ ਬਾਈਪਾਸ ਅਤੇ ਜਲੰਧਰ ਬਾਈਪਾਸ ਤੋਂ ਸਾਹਨੇਵਾਲ ਤੱਕ ਨੈਸ਼ਨਲ ਹਾਈਵੇ ਦੀ ਸਰਵਿਸ ਲੇਨ ਦੀ ਹਾਲਤ ਬਹੁਤ ਹੀ ਤਰਸਯੋਗ ਬਣ ਚੁੱਕੀ ਹੈ। ਕਈ ਥਾਵਾਂ ਤੇ ਇੰਨੇ ਵੱਡੇ ਖੱਡੇ ਬਣ ਗਏ ਹਨ। ਜਿਸ ਕਰਕੇ ਰੋਜ਼ਾਨਾ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਈ-ਰਿਕਸ਼ੇ ਪਲਟ ਰਹੇ ਹਨ, ਦੋਪਹੀਆ ਵਾਹਨ ਚਾਲਕ ਡਿੱਗ ਰਹੇ ਹਨ ਅਤੇ ਟ੍ਰੈਫਿਕ ਜਾਮ ਆਮ ਗੱਲ ਬਣ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਈ ਵਾਰ ਧਿਆਨ ਦਿਵਾਇਆ ਜਾ ਚੁੱਕਾ ਹੈ, ਪਰ ਜਿੱਥੇ-ਕਿੱਥੇ ਮੁਰੰਮਤ ਦਾ ਕੰਮ ਕੀਤਾ ਵੀ ਗਿਆ, ਉਹ ਸਿਰਫ਼ ਖਾਨਾਪੂਰਤੀ ਤੱਕ ਹੀ ਸੀਮਤ ਰਿਹਾ। ਮੱਕੜ ਨੇ ਕਿਹਾ ਕਿ ਕੁੱਝ ਦਿਨਾਂ ਬਾਅਦ ਸੜਕ ਮੁੜ ਪਹਿਲਾਂ ਨਾਲੋਂ ਵੀ ਮਾੜੀ ਹਾਲਤ ਵਿੱਚ ਪਹੁੰਚ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸ਼ੇਰਪੁਰ ਚੌਂਕ ਤੋਂ ਮਿੱਤਲ ਕੰਡੇ ਤੱਕ, ਮਿੱਤਲ ਕੰਡੇ ਹੇਠਾਂ ਪੁੱਲ ਦੀ ਹਾਲਤ, ਗਿਆਸਪੁਰਾ ਵਿਖੇ ਜਿੱਥੇ ਪਾਈਪ ਲਾਈਨ ਦਾ ਕੰਮ ਕੀਤਾ ਗਿਆ ਸੀ ਅਤੇ ਸੜਕ ਅਜੇ ਤੱਕ ਢੰਗ ਨਾਲ ਬਹਾਲ ਨਹੀਂ ਕੀਤੀ ਗਈ ਉੱਥੇ ਮੰਦਾ ਹਾਲ ਹੈ। ਉਨ੍ਹਾਂ ਕਿਹਾ ਕਿ ਢੰਡਾਰੀ ਰੇਲਵੇ ਸਟੇਸ਼ਨ ਦੇ ਸਾਹਮਣੇ ਵਾਲਾ ਇਲਾਕਾ ਤੇ ਮੌਂਗਾ ਟਾਇਰ ਨੇੜੇ ਜਿੱਥੇ ਇੰਟਰਲਾਕ ਟਾਈਲਾਂ ਲਗਾਈਆਂ ਗਈਆਂ ਸਨ ਅਤੇ ਹੁਣ ਉੱਥੇ ਵੱਡੇ ਖੱਡੇ ਬਣ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬਰਸਾਤਾਂ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ। ਜੇਕਰ ਇਸ ਤੋਂ ਪਹਿਲਾਂ ਸਥਾਈ ਮੁਰੰਮਤ ਨਾ ਕੀਤੀ ਗਈ, ਤਾਂ ਸੜਕਾਂ ਦੀ ਹਾਲਤ ਹੋਰ ਵੀ ਖਰਾਬ ਹੋ ਜਾਵੇਗੀ ਅਤੇ ਆਵਾਜਾਈ ਪ੍ਰਭਾਵਿਤ ਹੋਣ ਦੇ ਨਾਲ-ਨਾਲ ਹਾਦਸਿਆਂ ਦਾ ਖ਼ਤਰਾ ਵੀ ਕਈ ਗੁਣਾ ਵੱਧ ਜਾਵੇਗਾ। ਮੱਕੜ ਨੇ ਕਿਹਾ ਕਿ ਇੱਕ ਹੋਰ ਗੱਲ ਵੀ ਸੋਚਣਯੋਗ ਹੈ ਕਿ ਆਮ ਜਨਤਾ ਭਾਰੀ ਮਾਤਰਾ ਵਿੱਚ ਟੈਕਸ ਅਦਾ ਕਰਦੀ ਹੈ ਅਤੇ ਨੈਸ਼ਨਲ ਹਾਈਵੇ ਦੀ ਵਰਤੋਂ ਲਈ ਟੋਲ ਵੀ ਭਰਦੀ ਹੈ। ਲਾਢੋਵਾਲ ਟੋਲ ਪਲਾਜ਼ਾ ਮਹਿੰਗੇ ਟੋਲਾਂ ਵਿੱਚੋਂ ਇੱਕ ਹੈ, ਫਿਰ ਵੀ ਲੁਧਿਆਣਾ ਦੀਆਂ ਸਰਵਿਸ ਲੇਨਾਂ ਦੀ ਇਹ ਹਾਲਤ ਸਮਝ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਇਹ ਵੀ ਧਿਆਨਯੋਗ ਹੈ ਕਿ ਹਰਿਆਣਾ ਵਿੱਚ ਦਾਖ਼ਲ ਹੁੰਦਿਆਂ ਹੀ ਸਰਵਿਸ ਲੇਨਾਂ ਦੀ ਹਾਲਤ ਕਾਫ਼ੀ ਬਿਹਤਰ ਨਜ਼ਰ ਆਉਂਦੀ ਹੈ, ਪਰ ਪੰਜਾਬ ਵਿੱਚ ਖ਼ਾਸ ਕਰਕੇ ਸਾਹਨੇਵਾਲ ਤੋਂ ਜਲੰਧਰ ਬਾਈਪਾਸ ਤੱਕ ਸੜਕਾਂ ਦੀ ਹਾਲਤ ਬਹੁਤ ਮਾੜੀ ਹੈ। ਜਦਕਿ ਲੁਧਿਆਣਾ ਪੰਜਾਬ ਦਾ ਸਭ ਤੋਂ ਵੱਡਾ ਉਦਯੋਗਿਕ ਸ਼ਹਿਰ ਹੈ ਅਤੇ ਸਰਕਾਰ ਨੂੰ ਸਭ ਤੋਂ ਵੱਧ ਟੈਕਸ ਦੇਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਹੈ। ਮੱਕੜ ਨੇ ਕਿਹਾ ਕਿ ਬਰਸਾਤਾਂ ਸ਼ੁਰੂ ਹੋਣ ਤੋਂ ਪਹਿਲਾਂ ਇਸ ਪੂਰੇ ਰੂਟ ਦਾ ਸਾਂਝਾ ਨਿਰੀਖਣ ਕਰਕੇ ਸਥਾਈ ਅਤੇ ਉੱਚ-ਗੁਣਵੱਤਾ ਵਾਲੀ ਮੁਰੰਮਤ ਕਰਵਾਈ ਜਾਵੇ, ਤਾਂ ਜੋ ਆਮ ਜਨਤਾ ਨੂੰ ਸੁਰੱਖਿਅਤ ਅਤੇ ਸੁਚੱਜੀ ਆਵਾਜਾਈ ਦੀ ਸਹੂਲਤ ਮਿਲ ਸਕੇ।