
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਾਹਨੇਵਾਲ ਤੋਂ ਜਲੰਧਰ ਬਾਈਪਾਸ ਤੱਕ ਸਰਵਿਸ ਲਾਈਨ ਦੀ ਕੰਕਰੀਟ ਸੜਕ ਦਾ ਕੰਮ ਸ਼ੁਰੂ

-56 ਕਰੋੜ ਰੁਪਏ ਦਾ ਪ੍ਰੋਜੈਕਟ ਇਕ ਸਾਲ ’ਚ ਮੁਕੰਮਲ ਹੋਣ ਦੀ ਆਸ
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਸਾਹਨੇਵਾਲ ਤੋਂ ਜਲੰਧਰ ਬਾਈਪਾਸ ਤੱਕ ਸਰਵਿਸ ਲਾਈਨ ਨੂੰ ਮਜ਼ਬੂਤ ਅਤੇ ਪੱਕਾ ਕਰਨ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਹੁਣ ਅਮਲੀ ਰੂਪ ਲੈਣ ਲੱਗੀ ਹੈ। ਸਰਵਿਸ ਲਾਈਨ ਨੂੰ ਕੰਕਰੀਟ ਦੀ ਸੜਕ ਵਿੱਚ ਤਬਦੀਲ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਪ੍ਰੋਜੈਕਟ ’ਤੇ ਲਗਭਗ 56 ਕਰੋੜ ਰੁਪਏ ਦੀ ਲਾਗਤ ਆਉਣ ਦੀ ਆਸ ਹੈ।
ਢੰਡਾਰੀ ਇੰਡਸਟਰੀਅਲ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਪਿਛਲੇ ਸਾਲ ਇਸ ਸੜਕ ਨੂੰ ਕੰਕਰੀਟ ਨਾਲ ਬਣਾਉਣ ਦਾ ਟੀਚਾ ਲਿਆ ਗਿਆ ਸੀ। ਇਸ ਸਬੰਧੀ ਨੈਸ਼ਨਲ ਹਾਈਵੇ ਦੇ ਦਫ਼ਤਰ ਵਿਖੇ ਪ੍ਰੋਜੈਕਟ ਡਾਇਰੈਕਟਰ ਮੈਡਮ ਪ੍ਰਿਅੰਕਾ ਨੂੰ ਲਿਖਤੀ ਰੂਪ ਵਿੱਚ ਮੰਗ ਪੱਤਰ ਵੀ ਦਿੱਤਾ ਸੀ। ਮੰਗ ਪੱਤਰ ਵਿੱਚ ਸਾਹਨੇਵਾਲ ਤੋਂ ਜਲੰਧਰ ਬਾਈਪਾਸ ਤੱਕ ਸਰਵਿਸ ਲਾਈਨ ਦੀ ਸੜਕ ਪਿਛਲੇ ਕਈ ਸਾਲਾਂ ਤੋਂ ਖਸਤਾ ਹਾਲਤ ਹੋਣ ਬਾਰੇ ਗੱਲ ਆਖੀ ਗਈ ਸੀ। ਸੜਕ ’ਤੇ ਵਾਰ-ਵਾਰ ਵੱਡੇ ਖੱਡੇ ਪੈ ਜਾਂਦੇ ਸਨ ਅਤੇ ਕਈ ਵਾਰ ਮੁਰੰਮਤ ਕਰਵਾਉਣ ਦੇ ਬਾਵਜੂਦ ਸਮੱਸਿਆ ਦਾ ਸਥਾਈ ਹੱਲ ਨਹੀਂ ਹੋ ਸਕਿਆ।
ਇਸੇ ਕਾਰਨ ਐਸੋਸੀਏਸ਼ਨ ਵੱਲੋਂ ਮਜ਼ਬੂਤ ਕੰਕਰੀਟ ਸੜਕ ਬਣਾਉਣ ਦੀ ਮੰਗ ਕੀਤੀ ਗਈ ਸੀ। ਇਸ ਪ੍ਰੋਜੈਕਟ ਨੂੰ ਅਮਲੀ ਰੂਪ ਦੇਣ ਲਈ ਨੈਸ਼ਨਲ ਹਾਈਵੇ ਦੇ ਚੇਅਰਮੈਨ ਸੰਤੋਸ਼ ਕੁਮਾਰ ਯਾਦਵ ਅਤੇ ਪ੍ਰੋਜੈਕਟ ਡਾਇਰੈਕਟਰ ਮੈਡਮ ਪ੍ਰਿਅੰਕਾ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਦੋਵਾਂ ਵੱਲੋਂ ਮੰਗ ਨੂੰ ਗੰਭੀਰਤਾ ਨਾਲ ਲੈਂਦਿਆਂ ਪ੍ਰੋਜੈਕਟ ਨੂੰ ਜਲਦੀ ਫਾਈਨਲ ਕਰਵਾਉਣ ਅਤੇ ਕੰਮ ਸ਼ੁਰੂ ਕਰਵਾਉਣ ਵਿੱਚ ਸਹਿਯੋਗ ਦਿੱਤਾ ਗਿਆ। ਠੇਕੇਦਾਰ ਵੱਲੋਂ ਸਰਵਿਸ ਲਾਈਨ ਦੇ ਆਲੇ-ਦੁਆਲੇ ਰਹਿੰਦੇ ਲੋਕਾਂ ਅਤੇ ਸਮੂਹ ਲੁਧਿਆਣਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੇ ਸੀਵਰੇਜ ਦੇ ਨਵੇਂ ਪਾਈਪ ਪਾਉਣੇ ਹਨ, ਪੁਰਾਣੇ ਪਾਈਪ ਬਦਲਣੇ ਹਨ ਜਾਂ ਕੋਈ ਹੋਰ ਅੰਡਰਗਰਾਊਂਡ ਕਨੈਕਸ਼ਨ ਕਰਵਾਉਣਾ ਹੈ, ਤਾਂ ਇਹ ਕੰਮ ਸੜਕ ਬਣਨ ਤੋਂ ਪਹਿਲਾਂ ਹੀ ਕਰਵਾ ਲਿਆ ਜਾਵੇ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਨਵੀਂ ਬਣੀ ਕੰਕਰੀਟ ਸੜਕ ਨੂੰ ਬਾਅਦ ਵਿੱਚ ਦੁਬਾਰਾ ਪੁੱਟਣ ਨਾਲ ਸੜਕ ਦੀ ਮਜ਼ਬੂਤੀ ਅਤੇ ਗੁਣਵੱਤਾ ਪ੍ਰਭਾਵਿਤ ਹੋ ਸਕਦੀ ਹੈ। ਇਸ ਲਈ ਜ਼ਰੂਰੀ ਅੰਡਰਗਰਾਊਂਡ ਕੰਮ ਸੜਕ ਨਿਰਮਾਣ ਦੌਰਾਨ ਹੀ ਮੁਕੰਮਲ ਕਰ ਲੈਣੇ ਚਾਹੀਦੇ ਹਨ, ਤਾਂ ਜੋ ਭਵਿੱਖ ਵਿੱਚ ਨਵੀਂ ਸੜਕ ਨੂੰ ਦੁਬਾਰਾ ਨਾ ਪੁੱਟਣਾ ਪਵੇ। ਉਨ੍ਹਾਂ ਦੱਸਿਆ ਕਿ ਲਗਭਗ 56 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਪ੍ਰੋਜੈਕਟ ਤਕਰੀਬਨ ਇੱਕ ਸਾਲ ਵਿੱਚ ਪੂਰਾ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਇਹ ਲੰਬੇ ਸਮੇਂ ਲਈ ਬਹੁਤ ਮਹੱਤਵਪੂਰਨ ਪ੍ਰੋਜੈਕਟ ਹੈ। ਇਸ ਲਈ ਨਿਰਮਾਣ ਦੌਰਾਨ ਲੋਕਾਂ ਨੂੰ ਕੁੱਝ ਸਮੇਂ ਲਈ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਸਮਝਦਿਆਂ ਸਹਿਯੋਗ ਦੇਣਾ ਚਾਹੀਦਾ ਹੈ, ਤਾਂ ਜੋ ਸੜਕ ਮਜ਼ਬੂਤ ਅਤੇ ਗੁਣਵੱਤਾ ਨਾਲ ਤਿਆਰ ਹੋ ਸਕੇ।
-ਬਾਕਸ
-ਐਸੋਸੀਏਸ਼ਨ ਦੀਆਂ ਕੋਸ਼ਿਸ਼ਾਂ ਬੂਰ ਪਿਆ-ਮੱਕੜ
ਢੰਡਾਰੀ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਤੇ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂੰਫੈਕਚਰਜ਼ ਐਸੋਸੀਏਸ਼ਨ ਦਾ ਵਿੱਤ ਸਕੱਤਰ ਸਤਨਾਮ ਸਿੰਘ ਮੱਕੜ ਨੇ ਕਿਹਾ ਕਿ ਐਸੋਸੀਏਸ਼ਨ ਵੱਲੋਂ ਸੜਕ ਨੂੰ ਕੰਕਰੀਟ ਦੀ ਬਣਾਉਣ ਲਈ ਪਿਛਲੇ ਕਾਫ਼ੀ ਸਮੇਂ ਯਤਨ ਕੀਤੇ ਜਾ ਰਹੇ ਸਨ। ਸੜਕ ਦਾ ਨਿਰਮਾਣ ਸ਼ੁਰੂ ਹੋਣ ਨਾਲ ਐਸੋਸੀਏਸ਼ਨ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ ਹੈ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਇੱਕ ਵਾਰ ਬਣਨ ਤੋਂ ਬਾਅਦ ਇਹ ਸੜਕ ਲੰਬੇ ਸਮੇਂ ਤੱਕ ਉਦਯੋਗਿਕ ਇਲਾਕੇ ਅਤੇ ਆਮ ਲੋਕਾਂ ਲਈ ਸੁਵਿਧਾਜਨਕ ਤੇ ਮਜ਼ਬੂਤ ਆਵਾਜਾਈ ਸਹੂਲਤ ਪ੍ਰਦਾਨ ਕਰੇ।