- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂਰੀ ਖ਼ਬਰ:ਭਾਗਪੁਰ ਦੇ ਛੱਪੜ ਪ੍ਰੋਜੈਕਟ ਦਾ ਕੰਮ ਹੋਇਆ ਪੂਰਾ

-ਕਿਹਾ, ਭਾਗਪੁਰ ਦੇ ਛੱਪੜ ਪ੍ਰੋਜੈਕਟ ਦਾ ਕੰਮ ਤਿੰਨ ਮਹੀਨੇ ’ਚ ਹੋਇਆ ਪੂਰਾ
ਗੁਰਦੀਪ ਭਾਮੀਆਂ/ਰਵੀ ਭਾਟੀਆ, ਪੰਜਾਬੀ ਜਾਗਰਣ, ਸਾਹਨੇਵਾਲ/ਕੋਹਾੜਾ
ਹਲਕਾ ਸਾਹਨੇਵਾਲ ਅਧੀਨ ਆਉਂਦੇ ਪਿੰਡ ਭਾਗਪੁਰ ਵਿੱਚ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਦੇ ਹੱਲ ਤੇ ਵਾਤਾਵਰਨ ਦੀ ਸੰਭਾਲ ਦੇ ਉਦੇਸ਼ ਨਾਲ ਛੱਪੜ ਦੇ ਨਵੀਨੀਕਰਨ ਤੇ ਸੁੰਦਰੀਕਰਨ ਦਾ ਪ੍ਰੋਜੈਕਟ ਮੁਕੰਮਲ ਹੋ ਗਿਆ ਹੈ। ਇਹ ਪ੍ਰੋਜੈਕਟ ਪਿੰਡ ਦੇ ਸਰਪੰਚ ਗਗਨਦੀਪ ਸਿੰਘ ਢਿੱਲੋਂ ਦੇ ਉਪਰਾਲੇ ਅਤੇ ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸ਼ਰਨਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਜੁਝਾਰ ਗਰੁੱਪ ਵੱਲੋਂ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐੱਸਆਰ) ਫੰਡ ਤਹਿਤ 1 ਕਰੋੜ 40 ਲੱਖ ਦੀ ਲਾਗਤ ਨਾਲ ਲਗਭਗ ਤਿੰਨ ਮਹੀਨਿਆਂ ’ਚ ਮੁਕੰਮਲ ਕੀਤਾ ਹੈ।
ਪ੍ਰੋਜੈਕਟ ਦੇ ਉਦਘਾਟਨ ਮੌਕੇ ਸ਼ਰਨਜੀਤ ਸਿੰਘ ਢਿੱਲੋਂ ਨੇ ਜੁਝਾਰ ਗਰੁੱਪ ਤੇ ਕੰਪਨੀ ਦੇ ਹੈੱਡ ਗੁਰਦੀਪ ਸਿੰਘ ਜੁਝਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਜੈਕਟ ਪਿੰਡਾਂ ਦੀਆਂ ਬੁਨਿਆਦੀ ਸਮੱਸਿਆਵਾਂ ਦੇ ਹੱਲ ਦੇ ਨਾਲ-ਨਾਲ ਵਾਤਾਵਰਨ ਦੀ ਸਾਂਭ-ਸੰਭਾਲ ’ਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਛੱਪੜਾਂ ਦੇ ਨਵੀਨੀਕਰਨ ਅਤੇ ਗੰਦੇ ਪਾਣੀ ਦੀ ਸੁਚੱਜੀ ਨਿਕਾਸੀ ਲਈ ਅਜਿਹੇ ਉਪਰਾਲੇ ਸਮੇਂ ਦੀ ਮੁੱਖ ਲੋੜ ਹਨ। ਉਨ੍ਹਾਂ ਕਿਹਾ ਕਿ ਜੇਕਰ ਸਾਲ 2027 ਵਿੱਚ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਹੈ, ਤਾਂ ਸੂਬੇ ਦੇ ਹੋਰਨਾਂ ਪਿੰਡਾਂ ਵਿੱਚ ਵੀ ਅਜਿਹੇ ਪ੍ਰੋਜੈਕਟ ਲਿਆਉਣ ਲਈ ਉਪਰਾਲੇ ਕੀਤੇ ਜਾਣਗੇ, ਤਾਂ ਜੋ ਪਿੰਡਾਂ ਵਿੱਚ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਦਾ ਹੱਲ ਕੀਤਾ ਜਾ ਸਕੇ ਅਤੇ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਿਆ ਜਾ ਸਕੇ।
ਇਸ ਮੌਕੇ ਪਿੰਡ ਦੇ ਸਰਪੰਚ ਗਗਨਦੀਪ ਸਿੰਘ ਢਿੱਲੋਂ ਨੇ ਪ੍ਰੋਜੈਕਟ ਸਬੰਧੀ ਜਾਣਕਾਰੀ ਦਿੱਤੀ ਕਿ ਸੀ.ਐੱਸ.ਆਰ. ਫੰਡ ਤਹਿਤ ਥਾਪਰ ਪ੍ਰੋਜੈਕਟ, ਨਾਨਕ ਬਗੀਚੀ ਜੰਗਲ ਅਤੇ ਛੱਪੜ ਦੇ ਨਵੀਨੀਕਰਨ ਤੇ ਸੁੰਦਰੀਕਰਨ ਦੇ ਕੰਮ ਨੂੰ ਲਗਭਗ ਤਿੰਨ ਮਹੀਨਿਆਂ ’ਚ ਮੁਕੰਮਲ ਕੀਤਾ ਗਿਆ ਹੈ। ਇਸ ਸਮੁੱਚੇ ਪ੍ਰੋਜੈਕਟ ’ਤੇ 1 ਕਰੋੜ 40 ਲੱਖ ਰੁਪਏ ਦੀ ਲਾਗਤ ਆਈ ਹੈ। ਇਸ ਉਪਰਾਲੇ ਨਾਲ ਪਿੰਡ ਵਿੱਚ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਦੇ ਹੱਲ ਵਿੱਚ ਮਦਦ ਮਿਲੇਗੀ ਤੇ ਵਾਤਾਵਰਨ ਦੀ ਸੰਭਾਲ ਨੂੰ ਵੀ ਹੁਲਾਰਾ ਮਿਲੇਗਾ। ਇਸ ਮੌਕੇ ਸਿਮਰਨਜੀਤ ਸਿੰਘ ਢਿੱਲੋਂ, ਮੈਂਬਰ ਪੰਚਾਇਤ ਸੁਰਿੰਦਰ ਸਿੰਘ ਸੰਧੂ, ਮੇਵਾ ਸਿੰਘ ਸੰਧੂ, ਸਚਿਨਪ੍ਰੀਤ ਸਿੰਘ ਖਹਿਰਾ, ਕੇਸਰ ਸਿੰਘ, ਗੁਰਲਾਲ ਸਿੰਘ, ਨੀਟਾ ਢਿੱਲੋਂ, ਗੁਰਿੰਦਰ ਬਾਵਾ ਤੇ ਗੁਰਮੀਤ ਕੌਰ ਆਦਿ ਹਾਜ਼ਰ ਸਨ।