1000 ਰੁਪਏ ਤੇ ਰਾਸ਼ਨ ਦੀ ਸੁਵਿਧਾ ਨਾ ਦੇਣ ਵਾਲੀ ਮਾਨ ਸਰਕਾਰ 10 ਲੱਖ ਦਾ ਬੀਮਾ ਕਿੱਥੋਂ ਦੇਵੇਗੀ : ਭਿੰਦਾ
1000 ਰੁਪਏ ਤੇ ਰਾਸ਼ਨ ਦੀ ਸੁਵਿਧਾ ਨਾ ਦੇਣ ਵਾਲੀ ਮਾਨ ਸਰਕਾਰ 10 ਲੱਖ ਦਾ ਬੀਮਾ ਕਿੱਥੋਂ ਦਵੇਗੀ-ਭਿੰਦਾ
Publish Date: Wed, 18 Feb 2026 07:58 PM (IST)
Updated Date: Thu, 19 Feb 2026 04:10 AM (IST)

- ਕਿਹਾ, ਨਿਤ ਨਵੇਂ ਸ਼ਗੂਫਿਆਂ ਨਾਲ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਨੂੰ ਲੋਕ ਕਾਮਯਾਬ ਨਹੀਂ ਹੋਣ ਦੇਣਗੇ ਫੋਟੋ ਨੰਬਰ-25 ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਅਕਾਲੀ ਜੱਥਾ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਨੇ ਸੂਬਾ ਸਰਕਾਰ ਉੱਤੇ ਸ਼ਬਦੀ ਵਾਰ ਕਰਦੇ ਹੋਏ ਕਿਹਾ ਕਿ ਜਿਹੜੀ ਸਰਕਾਰ ਪੰਜਾਬ ਦੀਆਂ ਔਰਤਾਂ ਨੂੰ 1 ਹਜ਼ਾਰ ਰੁਪਏ ਮਹੀਨਾ ਦੇਣ ਦਾ ਵਾਅਦਾ ਪੂਰਾ ਨਹੀਂ ਕਰ ਸਕੀ ਅਤੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਕਾਰਡ ਦੀ ਮੁੱਢਲੀ ਸਹੂਲਤ ਵੀ ਯਕੀਨੀ ਨਹੀਂ ਬਣਾ ਸਕੀ, ਉਹ 10 ਲੱਖ ਰੁਪਏ ਦਾ ਬੀਮਾ ਦੇਣ ਦੇ ਦਾਅਵੇ ਕਿਵੇਂ ਪੂਰੇ ਕਰੇਗੀ। ਭਿੰਦਾ ਨੇ ਕਿਹਾ ਕਿ ਲੋਕਾਂ ਨੂੰ ਵੱਡੇ-ਵੱਡੇ ਸੁਪਨੇ ਦਿਖਾਉਣ ਦੀ ਬਜਾਏ ਸਰਕਾਰ ਨੂੰ ਜ਼ਮੀਨੀ ਹਕੀਕਤਾਂ ’ਤੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਰਹਿੰਦੇ ਹੋਏ ਰਾਸ਼ਨ ਕਾਰਡ ਤਾਂ ਮਾਨ ਸਰਕਾਰ ਨੇ ਕੀ ਬਣਾਉਣੇ ਸੀ, ਬਲਕਿ ਬਾਦਲ ਸਾਹਿਬ ਵੱਲੋਂ ਬਣਾਏ ਹੋਏ ਕਾਰਡ ਹੀ ਮਾਨ ਸਰਕਾਰ ਨੇ ਕੱਟ ਦਿੱਤੇ। ਜਿਸ ਨਾਲ ਲੋਕਾਂ ਨੂੰ ਬਾਦਲ ਸਾਹਿਬ ਦੀ ਚਲਾਈ ਆਟਾ ਦਾਲ ਯੋਜਨਾ ਤੋਂ ਵੀ ਵਾਂਝੇ ਹੋਣਾ ਪੈ ਰਿਹਾ ਹੈ। ਜਦਕਿ ਔਰਤਾਂ ਨੂੰ 1000 ਰੁਪਏ ਮਹੀਨਾ ਦੇਣ ਦੇ ਨਾਲ ਆਰਥਿਕ ਮਜ਼ਬੂਤੀ ਦੇਣ ਦੇ ਵਾਅਦੇ ਸਿਰਫ਼ ਕਾਗਜ਼ਾਂ ਤੱਕ ਹੀ ਸੀਮਿਤ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ 10 ਲੱਖ ਰੁਪਏ ਦੇ ਬੀਮੇ ਦੀ ਘੋਸ਼ਣਾ ਸਿਰਫ਼ ਲੋਕਾਂ ਨੂੰ ਭਰਮਾਉਣ ਲਈ ਕੀਤੀ ਜਾ ਰਹੀ ਹੈ। ਕਿਉਂਕਿ ਪੰਜਾਬ ਨੂੰ ਲੱਖਾਂ ਕਰੋੜ ਕਰਜੇ ਦੇ ਬੋਝ ਥੱਲੇ ਦਬਾਉਣ ਵਾਲੀ ਮਾਨ ਸਰਕਾਰ ਵੱਲੋਂ ਜਦੋਂ ਮੁੱਢਲੀਆਂ ਸਹੂਲਤਾਂ ਹੀ ਪ੍ਰਦਾਨ ਨਹੀਂ ਕਰਵਾਈਆਂ ਜਾ ਰਹੀਆਂ। ਤਾਂ ਸਰਕਾਰ 10 ਲੱਖ ਦਾ ਬੀਮਾ ਕਿੱਥੋਂ ਦੇਵੇਗੀ।ਉਨ੍ਹਾਂ ਕਿਹਾ ਕਿ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਵਾਅਦੇ ਕੀਤੇ ਗਏ, ਪਰ ਕਿਸੇ ਨੂੰ ਵੀ ਲਾਗੂ ਨਹੀਂ ਕੀਤਾ ਗਿਆ। ਜਦਕਿ ਹੁਣ ਇੱਕ ਵਾਰ ਫਿਰ ਤੋਂ 10 ਲੱਖ ਦੇ ਬੀਮੇ ਵਾਲੇ ਸ਼ਗੂਫੇ ਨਾਲ ਮਾਨ ਸਰਕਾਰ ਵੱਲੋਂ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਨੂੰ ਸੂਬੇ ਦੇ ਲੋਕ ਕਾਮਯਾਬ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਵੱਲੋਂ ਕੀਤੇ ਗਏ ਕੰਮ ਅਤੇ ਦਿੱਤੀਆਂ ਗਈਆਂ ਸਹੂਲਤਾਂ ਦਾ ਲੋਕ ਅੱਜ ਵੀ ਆਨੰਦ ਮਾਣ ਰਹੇ ਹਨ, ਜਦਕਿ ਮਾਨ ਸਰਕਾਰ ਨਿੱਤ ਨਵੇਂ ਸ਼ਗੂਫਿਆਂ ਤੇ ਵਿਰੋਧੀਆਂ ਤੇ ਤੰਜ ਕਸਣ ਤੋਂ ਇਲਾਵਾ ਲੋਕਾਂ ਦੀ ਭਲਾਈ ਲਈ ਕੁੱਝ ਵੀ ਨਹੀਂ ਕਰ ਰਹੀ। ਜਿਸ ਦਾ ਜਵਾਬ ਲੋਕ 2027 ਦੀਆਂ ਵੋਟਾਂ ਦੌਰਾਨ ਮਾਨ ਸਰਕਾਰ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾ ਕੇ ਦੇਣਗੇ।