- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਕਯਾ ਬਾਤਾਂ ‘ਆਪ’ ਦਾ ਪ੍ਰਧਾਨ, ਭਾਜਪਾ ਦਾ ਸੀਨੀਅਰ ਅਤੇ ਕਾਂਗਰਸ ਦਾ ਮੀਤ ਪ੍ਰਧਾਨ’

-ਨਗਰ ਕੌਂਸਲ ਦੇ ਅਹੁਦੇਦਾਰਾਂ ਦੀ ਚੋਣ ’ਚ ਅਨੋਖਾ ਗੱਠਜੋੜ, ਅਕਾਲੀ ਦਲ ਦੇ ਇਕਲੌਤੇ ਕੌਂਸਲਰ ਨੇ ਵੀ ਦਿੱਤਾ ਸਾਥ
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਦੇਸ਼ ਭਰ ’ਚ ਦੁਨੀਆਂ ਅੱਗੇ ਚਾਹੇ ਭਾਜਪਾ, ‘ਆਪ’ ਤੇ ਅਕਾਲੀ ਦਲ ਇਕ ਦੂਜੇ ਦੇ ਕੱਟੜ ਵਿਰੋਧੀ ਵਜੋਂ ਵਿਚਰਦੇ ਹਨ। ਕਿਸੇ ਵੀ ਮੁੱਦੇ ’ਤੇ ਕਿਸੇ ਨੂੰ ਵੀ ਘੇਰਨ ਵਾਲੇ ਇਹ ਰਾਜਨੀਤਿਕ ਵਿਰੋਧੀ ਆਪਸ ’ਚ ਕਿਤੇ ਨਾ ਕਿਤੇ ਇੱਕ ਹੁੰਦੇ ਸਮਾਂ ਨਹੀਂ ਲਾਉਂਦੇ। ਜਿਸ ਦੀ ਉਦਾਹਰਣ ਜਗਰਾਓਂ ਨਗਰ ਕੌਂਸਲ ਦੇ ਪ੍ਰਧਾਨ, ਸੀਨੀਅਰ ਅਤੇ ਜੂਨੀਅਰ ਮੀਤ ਪ੍ਰਧਾਨ ਦੀ ਚੋਣ ਮੌਕੇ ਦੇਖਣ ਨੂੰ ਮਿਲੀ। ਇਹ ਚੋਣ ‘ਆਪ’ ਨੇ ਭਾਜਪਾ ਦੇ ਸਮਰਥਣ ਨਾਲ ਜਿੱਤੀ ਤੇ ਦੋਵਾਂ ਪਾਰਟੀਆਂ ਆਪ ਅਤੇ ਭਾਜਪਾ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਅਕਾਲੀ ਦਲ ਦੇ ਇਕਲੌਤੇ ਕੌਂਸਲਰ ਨੇ ਵੀ ਯਾਰਾਨਾ ਨਿਭਾਇਆ। ਚੋਣ ਜਿੱਤਣ ਵਾਲਿਆਂ ਨੂੰ ਜਦੋਂ ਰਾਜਨੀਤਿਕ ਵਿਰੋਧਤਾ ਦਾ ਪੁੱਛਿਆ ਤਾਂ ਉਨ੍ਹਾਂ ਇਹ ਕਿਹਾ ਕਿ ਇਥੇ ਉਹ ਸਾਰੇ ਇੱਕ ਸ਼ਹਿਰ ਦੇ ਵਿਕਾਸ ਦੇ ਲਈ ਹੋਏ ਹਨ, ਕਿਉਂਕਿ ਪਿਛਲੇ 5 ਸਾਲ ਆਪਸੀ ਧੜੇਬਾਜ਼ੀ ਕਾਰਨ ਸ਼ਹਿਰ ’ਚ ਵਿਕਾਸ ਨਾ ਹੋਇਆ।
ਹਾਲਾਂਕਿ ਇਨ੍ਹਾਂ ਰਾਜਨੀਤਿਕਾਂ ਦੀ ਗੱਲ ਕਿੰਨੀ ਸੱਚੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਨਗਰ ਕੌਂਸਲ ’ਤੇ ਕਾਇਮ ਹੋਏ ਰਾਜਨੀਤਿਕ ਵਿਰੋਧੀਆਂ ਦਾ ਅਨੋਖਾ ਗੱਠਜੋੜ ਚਰਚਾ ਬਣਿਆ ਹੋਇਆ ਹੈ। ਇਸ ਚੋਣ ਵਿਚ ਪ੍ਰਧਾਨ ਦੇ ਲਈ ‘ਆਪ’ ਦੇ ਉਮੀਦਵਾਰ ਕੰਵਰਪਾਲ ਸਿੰਘ ਨਿੱਤਰੇ ਤਾਂ ਭਾਜਪਾ ਦੇ ਚਾਰ ਕੌਂਸਲਰਾਂ ਨੇ ਸਾਥ ਨਿਭਾਇਆ। ਇਸੇ ਤਰ੍ਹਾਂ ਦੋਵਾਂ ਵਿਚ ਚੋਣ ਤੋਂ ਪਹਿਲਾਂ ਹੋਏ ਸਮਝੋਤੇ ਅਨੁਸਾਰ ‘ਆਪ’ ਨੇ ਵੀ ਸੀਨੀਅਰ ਮੀਤ ਪ੍ਰਧਾਨ ਦਾ ਅਹੁਦਾ ਭਾਜਪਾ ਨੂੰ ਥਾਲੀ ਵਿਚ ਪਰੋਸ ਕੇ ਦਿੱਤਾ। ਉਨ੍ਹਾਂ ਦੇ ਸਿਰਫ਼ ਚਾਰ ਕੌਂਸਲਰ ਹੋਣ ਦੇ ਬਾਵਜੂਦ ‘ਆਪ’ ਨੇ ਭਾਜਪਾ ਦੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇਦਾਰ ਸਤੀਸ਼ ਕੁਮਾਰ ਪੱਪੂ ਨੂੰ ਵੋਟ ਪਾਈ। ਪ੍ਰਧਾਨ ਅਤੇ ਸੀਨੀਅਰ ਮੀਤ ਪ੍ਰਧਾਨ ਦੇ ਦੋਵਾਂ ਉਮੀਦਵਾਰਾਂ ਨੂੰ ਅਕਾਲੀ ਦਲ ਦੇ ਕੌਂਸਲਰ ਦਵਿੰਦਰਜੀਤ ਸਿੰਘ ਸਿੱਧੂ ਨੇ ਵੀ ਵੋਟ ਪਾਉਂਦਿਆਂ ਇਸ ਅਨੋਖੇ ਸਿਆਸੀ ਵਿਰੋਧੀਆਂ ਦੇ ਗੱਠਜੋੜ ਵਿਚ ਹਾਜ਼ਰੀ ਦਰਜ ਕਰਵਾਈ।
-ਇਸ ਵਾਰ ਕਾਂਗਰਸ ਨੇ ਦਿੱਤਾ ਇਕਜੁੱਟਤਾ ਦਾ ਸਬੂਤ
ਜਗਰਾਓਂ ਨਗਰ ਕੌਂਸਲ ਦੇ ਅਹੁਦੇਦਾਰਾਂ ਦੀ ਚੋਣ ਮੌਕੇ ਇਸ ਵਾਰ ਕਾਂਗਰਸ ਨੇ ਗੁੱਟਬਾਜ਼ੀ ਨੂੰ ਨੇੜੇ ਨਾ ਲੱਗਣ ਦਿੱਤਾ। ਕਾਂਗਰਸ ਦੇ 9 ਕੌਂਸਲਰਾਂ ਨੇ ਇਕਜੁੱਟਤਾ ਦਾ ਸੁਨੇਹਾ ਦਿੰਦਿਆਂ ਆਪਣੇ ਦਮ ’ਤੇ ਪ੍ਰਧਾਨ ਦੀ ਚੋਣ ਲੜੀ। ਹਾਲਾਂਕਿ ਭਾਜਪਾ ਦੇ ਸਹਿਯੋਗ ਸਦਕਾ ਆਮ ਆਦਮੀ ਪਾਰਟੀ ਚੋਣ ਜਿੱਤ ਗਈ ਪਰ ਕਾਂਗਰਸ ਦੇ ਕਿਸੇ ਕੌਂਸਲਰ ਨੇ ਪਾਰਟੀ ਤੋਂ ਅਲੱਗ ਹੋ ਕੇ ਸਾਥ ਨਾ ਦਿੱਤਾ।
-ਭਾਜਪਾ ‘ਆਪ’ ਦੀ ਵੀ ਪਾਰਟੀ ਹੋਇਆ ਅੱਜ ਜਗ ਜ਼ਾਹਰ
ਜਗਰਾਓਂ ਨਗਰ ਕੌਂਸਲ ਦੇ ਅਹੁਦੇਦਾਰਾਂ ਦੀ ਚੋਣ ’ਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਨੇ ਤਨਜ ਕੱਸਦਿਆਂ ਕਿਹਾ ਕਿ ਜਗਰਾਓਂ ’ਚ ਹੋਈ ਇਸ ਚੋਣ ਨੇ ਭਾਜਪਾ ‘ਆਪ’ ਦੀ ਹੀ ਪਾਰਟੀ ਹੈ, ਇਸ ਗੱਲ ਨੂੰ ਜਗ ਜ਼ਾਹਰ ਕਰ ਦਿੱਤਾ ਹੈ। ਦੇਸ਼ ਦੀ ਜਨਤਾ ਨੂੰ ਦੋਵੇਂ ਪਾਰਟੀਆਂ ਆਪਣੀ ਸੱਤਾ ਨੂੰ ਬਚਾਉਣ ਲਈ ਇਕ-ਦੂਜੇ ਦੇ ਉਲਟ ਹੋਣ ਦਾ ਦਿਖਾਵਾ ਕਰ ਰਹੀਆਂ ਹਨ ਪਰ ਕਿਸੇ ਵੀ ਮੋੜ ’ਤੇ ਆਪਣੇ ਮੁਫ਼ਾਦ ਲਈ ਕਦੋਂ ਇਕੱਠੇ ਹੋ ਜਾਣ, ਇਸਦਾ ਪਤਾ ਨਹੀਂ ਲੱਗਦਾ। ਅਜਿਹਾ ਹੀ ਜਗਰਾਓਂ ’ਚ ਦੇਖਣ ਨੂੰ ਮਿਲਿਆ।