ਉਸਾਰੀ ਅਧੀਨ ਇਮਾਰਤ ਤੋਂ ਡਿੱਗਣ ਵਾਲੇ ਵੈਲਡਰ ਦੀ 11 ਦਿਨ ਬਾਅਦ ਮੌਤ
ਉਸਾਰੀ ਅਧੀਨ ਇਮਾਰਤ ਤੋਂ ਡਿੱਗ ਕੇ ਵੈਲਡਰ ਦੀ ਮੌਤ
Publish Date: Thu, 26 Mar 2026 09:29 PM (IST)
Updated Date: Fri, 27 Mar 2026 04:11 AM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਸਰਾਭਾ ਨਗਰ ਇਲਾਕੇ ’ਚ ਇਕ ਦੁਖਦਾਈ ਹਾਦਸੇ ਦੌਰਾਨ ਉਸਾਰੀ ਅਧੀਨ ਇਮਾਰਤ ’ਚ ਕੰਮ ਕਰਦੇ ਇਕ ਨੌਜਵਾਨ ਵੈਲਡਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਚਰਨ ਸਿੰਘ (24) ਪੁੱਤਰ ਸੁਰਿੰਦਰ ਸਿੰਘ ਵਾਸੀ ਬਸੰਤ ਨਗਰ, ਸ਼ਿਮਲਾਪੁਰੀ ਵਜੋਂ ਹੋਈ ਹੈ। ਪੀੜਤ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਗੁਰਚਰਨ ਸਿੰਘ 14 ਮਾਰਚ ਨੂੰ ਫਿਰੋਜ਼ਪੁਰ ਰੋਡ ਤੇ ਸਥਿਤ ਇਕ ਨਿਰਮਾਣ ਅਧੀਨ ਇਮਾਰਤ ਦੀ ਦੂਜੀ ਮੰਜ਼ਿਲ ਤੇ ਵੈਲਡਿੰਗ ਦਾ ਕੰਮ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਉਸ ਦਾ ਪੈਰ ਤਿਲਕ ਗਿਆ ਤੇ ਉਹ ਉੱਚਾਈ ਤੋਂ ਹੇਠਾਂ ਡਿੱਗ ਪਿਆ, ਜਿਸ ਨਾਲ ਉਸ ਨੂੰ ਗੰਭੀਰ ਸੱਟਾਂ ਲੱਗੀਆਂ। ਹਾਦਸੇ ਤੋਂ ਬਾਅਦ ਉਸ ਨੂੰ ਤੁਰੰਤ ਵੱਖ-ਵੱਖ ਹਸਪਤਾਲਾਂ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ 11 ਦਿਨ ਤੱਕ ਉਸ ਦਾ ਇਲਾਜ ਚੱਲਦਾ ਰਿਹਾ। ਪਰ ਹਾਲਤ ’ਚ ਕੋਈ ਸੁਧਾਰ ਨਾ ਆਉਣ ਕਾਰਨ ਦੇਰ ਰਾਤ ਨੂੰ ਉਸ ਦੀ ਮੌਤ ਹੋ ਗਈ। ਥਾਣਾ-5 ਦੇ ਜਾਂਚ ਅਧਿਕਾਰੀ ਮੇਵਾ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ’ਚ ਪੋਸਟਮਾਰਟਮ ਕਰਵਾਇਆ ਗਿਆ ਤੇ ਬਾਅਦ ’ਚ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।