ਸਮਾਰਟ ਸਿਟੀ ਲੁਧਿਆਣਾ ’ਚ ਪੈਦਲ ਚੱਲਣਾ ਵੀ ਬਣਿਆ ਚੁਣੌਤੀ 4 ਨੰਬਰ ਦਾ ਬੌਟਮ:ਸਮਾਰਟ ਸਿਟੀ ਲੁਧਿਆਣਾ ’ਚ ਪੈਦਲ ਚੱਲਣਾ ਵੀ ਚੁਣੌਤੀ ਬਣਿਆ
Publish Date: Sun, 13 Sep 2026 07:27 PM (IST)
Updated Date: Mon, 14 Sep 2026 04:05 AM (IST)
-ਫੁੱਟਪਾਥਾਂ ’ਤੇ ਦੁਕਾਨਦਾਰਾਂ ਤੇ ਵਾਹਨਾਂ ਦੇ ਕਬਜ਼ੇ, ਬਜ਼ੁਰਗਾਂ, ਬੱਚਿਆਂ ਤੇ ਦਿਵਿਆਂਗਾਂ ਨੂੰ ਸਭ ਤੋਂ ਵੱਧ ਮੁਸ਼ਕਲ ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਮਹਾਨਗਰ ਨੂੰ ਸਮਾਰਟ ਸਿਟੀ ਬਣਾਉਣ ਲਈ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ’ਤੇ ਫੰਡ ਅਤੇ ਸਰੋਤ ਮੁਹੱਈਆ ਕਰਵਾਉਣ ਦੇ ਬਾਵਜੂਦ ਸ਼ਹਿਰ ’ਚ ਪੈਦਲ ਯਾਤਰੀਆਂ ਲਈ ਸੁਰੱਖਿਅਤ ਤੇ ਨਿਰਵਿਘਨ ਆਵਾਜਾਈ ਅਜੇ ਵੀ ਵੱਡੀ ਚੁਣੌਤੀ ਬਣੀ ਹੋਈ ਹੈ। ਸ਼ਹਿਰ ਦੀਆਂ ਕਈ ਮੁੱਖ ਸੜਕਾਂ ’ਤੇ ਬਣੇ ਫੁੱਟਪਾਥ ਦੁਕਾਨਦਾਰਾਂ, ਵਾਹਨਾਂ ਅਤੇ ਹੋਰ ਕਬਜ਼ਿਆਂ ਦੀ ਲਪੇਟ ’ਚ ਹਨ। ਕਈ ਥਾਵਾਂ ’ਤੇ ਫੁੱਟਪਾਥ ਜਾਂ ਤਾਂ ਪੂਰੀ ਤਰ੍ਹਾਂ ਕਬਜ਼ੇ ਹੇਠ ਹਨ ਜਾਂ ਮੌਜੂਦ ਹੀ ਨਹੀਂ। ਇਸ ਕਾਰਨ ਪੈਦਲ ਯਾਤਰੀਆਂ ਨੂੰ ਵਾਹਨਾਂ ਦੇ ਵਿਚਾਲੇ ਸੜਕਾਂ ’ਤੇ ਚੱਲਣ ਲਈ ਮਜਬੂਰ ਹੋਣਾ ਪੈਂਦਾ ਹੈ। ਇਸ ਗੰਭੀਰ ਸਮੱਸਿਆ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣ ਲਈ ਸਮਾਜਿਕ ਕਾਰਕੁੰਨ ਬ੍ਰਿਜ ਭੂਸ਼ਣ ਗੋਇਲ ਅਤੇ ਵਾਤਾਵਰਣ ਕਾਰਕੁੰਨ ਕਰਨਲ ਜਸਜੀਤ ਸਿੰਘ ਨੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਅਤੇ ਵਧੀਕ ਡਿਪਟੀ ਕਮਿਸ਼ਨਰ ਪ੍ਰਗਿਆ ਸ਼ਰਮਾ ਨਾਲ ਮੁਲਾਕਾਤ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੀ ਜ਼ਮੀਨੀ ਸਥਿਤੀ ਤੋਂ ਜਾਣੂੰ ਕਰਵਾਉਂਦਿਆਂ ਫੁੱਟਪਾਥਾਂ ਨੂੰ ਕਬਜ਼ਾ-ਮੁਕਤ ਕਰਵਾਉਣ ਅਤੇ ਪੈਦਲ ਯਾਤਰੀਆਂ ਲਈ ਸੁਰੱਖਿਅਤ ਰਸਤਾ ਯਕੀਨੀ ਬਣਾਉਣ ਦੀ ਮੰਗ ਕੀਤੀ। ਇਸ ਸਬੰਧੀ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। -ਬਾਕਸ- -ਜ਼ੋਨਵਾਰ ਸਰਵੇਖਣ ਕਰਕੇ ਰਿਪੋਰਟ ਵੈੱਬਸਾਈਟ ’ਤੇ ਪਾਉਣ ਦੀ ਮੰਗ ਮੰਗ ਪੱਤਰ ’ਚ ਕਿਹਾ ਕਿ ਨਿਗਮ ਨੂੰ ਇਸ ਸਬੰਧੀ ਪਹਿਲਾਂ ਵੀ ਕਈ ਵਾਰ ਜਾਣੂੰ ਕਰਵਾਇਆ ਜਾ ਚੁੱਕਾ ਹੈ। ਇਸ ਦੇ ਬਾਵਜੂਦ ਫੁੱਟਪਾਥਾਂ ’ਤੇ ਕਬਜ਼ਿਆਂ ਦੀ ਸਮੱਸਿਆ ਦਾ ਸਥਾਈ ਹੱਲ ਨਹੀਂ ਹੋ ਸਕਿਆ। ਮੰਗ ਕੀਤੀ ਕਿ ਨਿਗਮ ਸ਼ਹਿਰ ਦੀਆਂ ਸਾਰੀਆਂ ਸੜਕਾਂ ਦਾ ਜ਼ੋਨਵਾਰ ਸਰਵੇਖਣ ਕਰਵਾਏ ਅਤੇ ਮੌਜੂਦਾ ਫੁੱਟਪਾਥਾਂ, ਉਨ੍ਹਾਂ ਦੀ ਸਥਿਤੀ ਤੇ ਕਬਜ਼ਿਆਂ ਸਬੰਧੀ ਪੂਰੀ ਜਾਣਕਾਰੀ ਆਪਣੀ ਵੈੱਬਸਾਈਟ ’ਤੇ ਜਨਤਕ ਕਰੇ।ਜਿੱਥੇ ਫੁੱਟਪਾਥ ਮੌਜੂਦ ਨਹੀਂ ਹਨ, ਉੱਥੇ ਪੈਦਲ ਆਵਾਜਾਈ ਦੀ ਲੋੜ ਅਨੁਸਾਰ ਨਵੇਂ ਫੁੱਟਪਾਥ ਬਣਾਉਣ ਦੀ ਵੀ ਮੰਗ ਕੀਤੀ ਗਈ। ਇਸ ਦੇ ਨਾਲ ਸਮਾਰਟ ਸਿਟੀ ਪ੍ਰਾਜੈਕਟਾਂ ਤਹਿਤ ਬਣਾਏ ਗਏ ਫੁੱਟਪਾਥਾਂ ਨੂੰ ਵੀ ਤੁਰੰਤ ਕਬਜ਼ਾ-ਮੁਕਤ ਕਰਵਾਉਣ ਲਈ ਪ੍ਰਭਾਵਸ਼ਾਲੀ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ। -ਬਾਕਸ- -ਕਬਜ਼ੇ ਹਟਾਉਣ ਤੋਂ ਬਾਅਦ ਫੁੱਟਪਾਥਾਂ ਦੀ ਮੁਰੰਮਤ ਵੀ ਹੋਵੇ ਕਾਰਕੁੰਨਾਂ ਨੇ ਕਿਹਾ ਕਿ ਸਿਰਫ਼ ਕਬਜ਼ੇ ਹਟਾਉਣਾ ਹੀ ਕਾਫ਼ੀ ਨਹੀਂ ਹੈ। ਕਬਜ਼ੇ ਹਟਾਉਣ ਤੋਂ ਬਾਅਦ ਫੁੱਟਪਾਥਾਂ ਨੂੰ ਸਮਤਲ, ਸਾਫ਼ ਤੇ ਸੁਰੱਖਿਅਤ ਬਣਾਇਆ ਜਾਣਾ ਚਾਹੀਦਾ ਹੈ, ਤਾਂ ਜੋ ਬਜ਼ੁਰਗ, ਬੱਚੇ, ਮਹਿਲਾਵਾਂ ਅਤੇ ਦਿਵਿਆਂਗ ਵਿਅਕਤੀ ਬਿਨਾਂ ਕਿਸੇ ਖ਼ਤਰੇ ਦੇ ਆਵਾਜਾਈ ਕਰ ਸਕਣ। ਉਨ੍ਹਾਂ ਜ਼ੈਬਰਾ ਕਰਾਸਿੰਗ ਨੂੰ ਸੁਚਾਰੂ ਬਣਾਉਣ, ਲੋੜ ਅਨੁਸਾਰ ਡਿਵਾਈਡਰਾਂ ਅਤੇ ਕਰਬਾਂ ਵਿੱਚ ਤਬਦੀਲੀਆਂ ਕਰਨ ਅਤੇ ਪੈਦਲ ਯਾਤਰੀਆਂ ਲਈ ਸੁਰੱਖਿਅਤ ਕ੍ਰਾਸਿੰਗ ਪੁਆਇੰਟ ਵਿਕਸਤ ਕਰਨ ਦੀ ਮੰਗ ਵੀ ਕੀਤੀ। ਫੁੱਟਪਾਥਾਂ ਦੀ ਉਸਾਰੀ ਅਤੇ ਨਿਯਮਤ ਰੱਖ-ਰਖਾਅ ਲਈ ਨਗਰ ਨਿਗਮ ਦੇ ਬਜਟ ਵਿੱਚ ਤਰਜੀਹ ਦੇਣ ਦੀ ਵੀ ਅਪੀਲ ਕੀਤੀ ਗਈ। -ਬਾਕਸ- -ਵੱਡੇ ਪ੍ਰੋਜੈਕਟ ਨਹੀਂ, ਨਾਗਰਿਕਾਂ ਦੀ ਸੁਰੱਖਿਆ ਹੈ ਸਮਾਰਟ ਸਿਟੀ ਦੀ ਪਛਾਣ ਸਮਾਜ-ਸੇਵੀ ਬ੍ਰਿਜ ਭੂਸ਼ਣ ਗੋਇਲ ਤੇ ਕਰਨਲ ਜਸਜੀਤ ਸਿੰਘ ਨੇ ਕਿਹਾ ਕਿ ਕਿਸੇ ਸ਼ਹਿਰ ਨੂੰ ਸਮਾਰਟ ਬਣਾਉਣ ਦੀ ਪਛਾਣ ਸਿਰਫ਼ ਵੱਡੇ ਪ੍ਰਾਜੈਕਟਾਂ, ਸੁੰਦਰ ਸੜਕਾਂ ਜਾਂ ਤਕਨੀਕੀ ਸਹੂਲਤਾਂ ਨਾਲ ਨਹੀਂ ਹੁੰਦੀ। ਅਸਲ ਸਮਾਰਟ ਸਿਟੀ ਉਹ ਹੈ, ਜਿੱਥੇ ਆਮ ਨਾਗਰਿਕ ਸੁਰੱਖਿਅਤ ਅਤੇ ਆਸਾਨੀ ਨਾਲ ਪੈਦਲ ਚੱਲ ਸਕੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨਾਗਰਿਕ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਫੁੱਟਪਾਥ ਦੀ ਥਾਂ ਵਾਹਨਾਂ ਨਾਲ ਭਰੀ ਸੜਕ ’ਤੇ ਚੱਲਣਾ ਪਵੇ ਤਾਂ ਸਮਾਰਟ ਸਿਟੀ ਦਾ ਉਦੇਸ਼ ਹੀ ਅਧੂਰਾ ਰਹਿ ਜਾਂਦਾ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਮਾਮਲੇ ਵਿੱਚ ਨਗਰ ਨਿਗਮ ਨੂੰ ਠੋਸ ਅਤੇ ਸਮਾਂਬੱਧ ਕਾਰਵਾਈ ਲਈ ਨਿਰਦੇਸ਼ ਦੇਵੇਗਾ।