- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1 ਨੰਬਰ ਲਈ-ਨਗਰ ਨਿਗਮ ਹਾਊਸ ’ਚ ਹੰਗਾਮਾ, ਕੌਂਸਲਰਾਂ ਮਗਰੋਂ ਅਫ਼ਸਰਸ਼ਾਹੀ ਨੇ ਵੀ ਕੀਤਾ ਵਾਕਆਊਟ

-ਅਧਿਕਾਰੀਆਂ ਨੂੰ ਮੁਅੱਤਲ ਕਰਨ ਦੀ ਮੰਗ ’ਤੇ ਅੜੇ ਕੌਂਸਲਰ ਵੱਲੋਂ ਧਰਨਾ, ਹੰਗਾਮੇ ਦੌਰਾਨ ਧੱਕੇਸ਼ਾਹੀ ਨਾਲ ਸਾਰੇ ਮਤੇ ਪਾਸ
ਫ਼ੋਟੋ ਨੰਬਰ-42,43,44,45,46
ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ ਲੁਧਿਆਣਾ
ਸਥਾਨਕ ਨਿਗਮ ਹਾਊਸ ਦੀ ਮੀਟਿੰਗ ਸੋਮਵਾਰ ਨੂੰ ਗੁਰੂ ਨਾਨਕ ਦੇਵ ਭਵਨ ਵਿਖੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਵਿਰੋਧੀ ਧਿਰ ਦੇ ਕੌਂਸਲਰਾਂ ਨੇ ਜ਼ੋਰਦਾਰ ਹੰਗਾਮਾ ਕੀਤਾ। ਅਫ਼ਸਰਸ਼ਾਹੀ ਦੇ ਕੰਮ-ਕਾਜ ’ਤੇ ਸਵਾਲ ਉੱਠਣ ਤੋਂ ਬਾਅਦ ਨਿਗਮ ਅਧਿਕਾਰੀ ਮੀਟਿੰਗ ਦਾ ਬਾਈਕਾਟ ਕਰਕੇ ਬਾਹਰ ਚਲੇ ਗਏ। ਇਸ ਦੇ ਵਿਰੋਧ ਵਿੱਚ ਕੌਂਸਲਰਾਂ ਨੇ ਵੀ ਹਾਊਸ ਦਾ ਬਾਈਕਾਟ ਕਰ ਦਿੱਤਾ ਤੇ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੀ ਮੰਗ ’ਤੇ ਅੜ ਗਏ। ਹੰਗਾਮੇ ਤੇ ਵਿਰੋਧ ਦਰਮਿਆਨ ਹਾਊਸ ਵਿੱਚ ਸਾਰੇ ਮਤੇ ਪਾਸ ਕਰ ਦਿੱਤੇ।
-ਸਫ਼ਾਈ ਮੁਲਾਜ਼ਮਾਂ ਦੀ ਨਿਧੀ ਗੁਪਤਾ ਤੋਂ ਮੁਆਫ਼ੀ ਦੀ ਮੰਗ
ਮੀਟਿੰਗ ਦੌਰਾਨ ‘ਆਪ’ ਕੌਂਸਲਰ ਨਿਧੀ ਗੁਪਤਾ ਅਤੇ ਨਿਗਮ ਅਧਿਕਾਰੀਆਂ ਵਿਚਕਾਰ ਵੀ ਤਿੱਖੀ ਤਕਰਾਰ ਹੋਈ। ਨਿਧੀ ਗੁਪਤਾ ਨੇ ਆਪਣੇ ਵਾਰਡ ਦੀਆਂ ਸਮੱਸਿਆਵਾਂ ਦਾ ਮੁੱਦਾ ਚੁੱਕਦਿਆਂ ਅਧਿਕਾਰੀਆਂ ਤੇ ਮੁਲਾਜ਼ਮਾਂ ’ਤੇ ਸਿਆਸਤ ਕਰਨ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ ਲੋਕਾਂ ਦੇ ਕੰਮ ਕਰਨ ਲਈ ਤਨਖ਼ਾਹ ਮਿਲਦੀ ਹੈ। ਇਸ ਤੋਂ ਨਾਰਾਜ਼ ਹੋ ਕੇ ਨਿਗਮ ਦੇ ਐੱਸਈ, ਐਕਸੀਅਨ ਸਮੇਤ ਹੋਰ ਅਧਿਕਾਰੀ ਮੀਟਿੰਗ ਵਿੱਚੋਂ ਬਾਹਰ ਚਲੇ ਗਏ। ਦੂਜੇ ਪਾਸੇ, ਨਿਗਮ ਮੁਲਾਜ਼ਮਾਂ ਨੇ ਮੰਗ ਕੀਤੀ ਕਿ ਨਿਧੀ ਗੁਪਤਾ ਆਪਣੇ ਬਿਆਨਾਂ ਲਈ ਮੁਆਫ਼ੀ ਮੰਗਣ। ਮੁਲਾਜ਼ਮਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਬੁੱਧਵਾਰ ਸਵੇਰ ਤੋਂ ਸ਼ਹਿਰ ਵਿੱਚੋਂ ਕੂੜਾ ਚੁੱਕਣ ਦਾ ਕੰਮ ਬੰਦ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਵੇਰੇ 11 ਵਜੇ ਸਾਰੇ ਮੁਲਾਜ਼ਮ ਨਗਰ ਨਿਗਮ ਦੇ ਜ਼ੋਨ ਡੀ ਦਫ਼ਤਰ ਵਿਖੇ ਇਕੱਠੇ ਹੋਣਗੇ ਅਤੇ ਅਗਲੇ ਸੰਘਰਸ਼ ਬਾਰੇ ਫ਼ੈਸਲਾ ਲੈਣਗੇ। ਉੱਧਰ, ਸੱਤਾਧਾਰੀ ਧਿਰ ਦੇ ਕੌਂਸਲਰਾਂ ਅਤੇ ਵਿਧਾਇਕ ਨੇ ਵਾਕਆਊਟ ਕਰਨ ਵਾਲੇ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।
ਭਵਨੀਤ ਕੌਰ ਨੇ ਅਧਿਕਾਰੀ ’ਤੇ ਲਾਏ ਬਦਸਲੂਕੀ ਦੇ ਦੋਸ਼
ਮੀਟਿੰਗ ਦੌਰਾਨ ਭਾਜਪਾ ਕੌਂਸਲਰ ਭਵਨੀਤ ਕੌਰ ਨੇ ਨਿਗਮ ਅਧਿਕਾਰੀ ਨਿਸ਼ੂ ਘਈ ’ਤੇ ਬਦਸਲੂਕੀ ਕਰਨ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਅਧਿਕਾਰੀ ਨੇ ਉਨ੍ਹਾਂ ਨਾਲ ਗੱਲਬਾਤ ਦੌਰਾਨ ਮਰਿਆਦਾ ਦਾ ਧਿਆਨ ਨਹੀਂ ਰੱਖਿਆ ਅਤੇ ਉਨ੍ਹਾਂ ਨੂੰ ‘ਤੂੰ’ ਕਹਿ ਕੇ ਸੰਬੋਧਨ ਕੀਤਾ। ਇਸ ਮੁੱਦੇ ਨੂੰ ਲੈ ਕੇ ਵੀ ਹਾਊਸ ਵਿੱਚ ਤਣਾਅ ਬਣਿਆ ਰਿਹਾ।
ਸਫ਼ਾਈ ਵਿਵਸਥਾ ’ਤੇ ਕੌਂਸਲਰ ਸੋਹਣ ਸਿੰਘ ਗੋਗਾ ਨੇ ਚੁੱਕੇ ਸਵਾਲ
ਮੀਟਿੰਗ ਦੌਰਾਨ ਕੌਂਸਲਰ ਸੋਹਣ ਸਿੰਘ ਗੋਗਾ ਨੇ ਸ਼ਹਿਰ ਦੇ ਵਾਰਡਾਂ ਵਿੱਚ ਸਫ਼ਾਈ ਵਿਵਸਥਾ ਦਾ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਸੇਵਾਮੁਕਤ ਹੋ ਰਹੇ ਮੁਲਾਜ਼ਮਾਂ ਦੀ ਥਾਂ ਨਵੇਂ ਕਰਮਚਾਰੀ ਮੁਹੱਈਆ ਕਰਵਾਉਣ ਸਬੰਧੀ ਸਥਿਤੀ ਸਪੱਸ਼ਟ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਵਾਰਡਾਂ ਵਿੱਚ ਸਫ਼ਾਈ ਕਰਮਚਾਰੀਆਂ ਦੀ ਘਾਟ ਅਤੇ ਨਿਗਮ ਦੀ ਕਾਰਜਪ੍ਰਣਾਲੀ ’ਤੇ ਵੀ ਸਵਾਲ ਚੁੱਕੇ।
-1208 ਮੁਲਾਜ਼ਮਾਂ ਦੀ ਮਦ ਰੱਦ ਕਰਨ ਦੀ ਮੰਗ
ਭਾਜਪਾ ਕੌਂਸਲਰ ਸੁਨੀਲ ਮੋਦਗਿੱਲ ਨੇ 1208 ਮੁਲਾਜ਼ਮਾਂ ਨਾਲ ਸਬੰਧਤ ਮਾਮਲਾ ਉਠਾ ਕੇ ਇਸ ਨੂੰ ਚਰਚਾ ਦਾ ਵਿਸ਼ਾ ਬਣਾ ਦਿੱਤਾ। ਉਨ੍ਹਾਂ ਇਸ ਮਦ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਇਸ ਤਹਿਤ ਦੋ ਕਰੋੜ ਰੁਪਏ ਦਿੱਤੇ ਜਾਂਦੇ ਹਨ। ਉਨ੍ਹਾਂ ਇਸ ਖਰਚੇ ਅਤੇ ਸਬੰਧਤ ਮਦ ਦੀ ਲੋੜ ’ਤੇ ਸਵਾਲ ਚੁੱਕੇ। ਕੌਂਸਲਰ ਤਨਵੀਰ ਸਿੰਘ ਧਾਲੀਵਾਲ ਨੇ ਮਾਈਕ ਰਾਹੀਂ ਅਧਿਕਾਰੀਆਂ ਨੂੰ ਵਾਪਸ ਮੀਟਿੰਗ ਵਿੱਚ ਆਉਣ ਦੀ ਅਪੀਲ ਕੀਤੀ, ਪਰ ਕੌਂਸਲਰ ਉਨ੍ਹਾਂ ਨੂੰ ਵਾਪਸ ਬੁਲਾਉਣ ਦੀ ਬਜਾਏ ਮੁਅੱਤਲ ਕਰਨ ਦੀ ਕਾਰਵਾਈ ’ਤੇ ਅੜੇ ਰਹੇ। ਇਸ ਦੌਰਾਨ ਮਾਹੌਲ ਤਣਾਅਪੂਰਨ ਬਣਿਆ ਰਿਹਾ।
-ਬਾਕਸ-
-ਕੌਂਸਲਰ ਗੌਰਵ ਭੱਟੀ ਮੁੜ ਹਾਈ ਕੋਰਟ ਜਾਣ ਦੀ ਤਿਆਰੀ ’ਚ
45) ਆਪਸ ’ਚ ਹੱਥੋਪਾਈ ਹੋਣ ਸਮੇਂ ‘ਆਪ’ ਦੇ ਕੌਂਸਲਰ ਅਸ਼ਵਨੀ ਸ਼ਰਮਾ ਤੇ ਕਾਂਗਰਸੀ ਕੌਂਸਲਰ ਗੌਰਵ ਭੱਟੀ। ਤਸਵੀਰ : ਲੱਕੀ ਭੱਟੀ।
ਵਰਿੰਦਰ ਰਾਣਾ, ਪੰਜਾਬੀ ਜਾਗਰਣ ਲੁਧਿਆਣਾ
ਨਿਗਮ ਦੀ ਸੋਮਵਾਰ ਨੂੰ ਗੁਰੂ ਨਾਨਕ ਦੇਵ ਭਵਨ ਵਿਖੇ ਹੋਈ ਜਨਰਲ ਹਾਊਸ ਦੀ ਮੀਟਿੰਗ ਦੌਰਾਨ ਜ਼ਬਰਦਸਤ ਹੰਗਾਮਾ ਹੋਇਆ। ਕਾਂਗਰਸੀ ਕੌਂਸਲਰ ਗੌਰਵ ਭੱਟੀ ਅਤੇ ‘ਆਪ’ ਦੇ ਕੌਂਸਲਰ ਅਸ਼ਵਨੀ ਸ਼ਰਮਾ ਵਿਚਕਾਰ ਤਕਰਾਰ ਇੰਨੀ ਵਧ ਗਈ ਕਿ ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ। ਸਥਿਤੀ ਨੂੰ ਕਾਬੂ ਕਰਨ ਲਈ ਦੋਵਾਂ ਨੂੰ ਵੱਖ ਕਰਨਾ ਪਿਆ। ਇਸ ਤੋਂ ਬਾਅਦ ਮੇਅਰ ਇੰਦਰਜੀਤ ਕੌਰ ਦੇ ਹੁਕਮਾਂ ’ਤੇ ਪੁਲਿਸ ਨੇ ਭਾਜਪਾ ਕੌਂਸਲਰ ਗੌਰਵਜੀਤ ਗੌਰਾ ਅਤੇ ਕਾਂਗਰਸੀ ਕੌਂਸਲਰ ਗੌਰਵ ਭੱਟੀ ਨੂੰ ਸਦਨ ’ਚੋਂ ਬਾਹਰ ਕੱਢ ਦਿੱਤਾ। ਧੱਕਾ-ਮੁੱਕੀ ਦੌਰਾਨ ਕੁਝ ਕੌਂਸਲਰਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ, ਜਿਨ੍ਹਾਂ ਨੂੰ ਡੀਐੱਮਸੀ ਵਿਖੇ ਮੁੱਢਲੀ ਮਦਦ ਦਿੱਤੀ। ਇਸੇ ਦੌਰਾਨ ਸਿਹਤ ਸ਼ਾਖਾ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਵੀ ਵਾਕਆਊਟ ਕਰ ਦਿੱਤਾ। ‘ਆਪ’ ਕੌਂਸਲਰ ਨਿਧੀ ਗੁਪਤਾ ਵੱਲੋਂ ਨਿਗਮ ਅਧਿਕਾਰੀਆਂ ਤੇ ਮੁਲਾਜ਼ਮਾਂ ’ਤੇ ਸਿੱਧੇ ਦੋਸ਼ ਲਾਉਣ ਤੋਂ ਬਾਅਦ ਕਰੀਬ 250 ਅਧਿਕਾਰੀ ਅਤੇ ਮੁਲਾਜ਼ਮ ਮੀਟਿੰਗ ਛੱਡ ਕੇ ਬਾਹਰ ਚਲੇ ਗਏ। ਹੰਗਾਮੇ ਦੇ ਬਾਵਜੂਦ ਸੱਤਾਧਾਰੀ ਧਿਰ ਨੇ 34 ਮਤੇ ਪਾਸ ਕਰ ਦਿੱਤੇ। ਇਨ੍ਹਾਂ ਵਿੱਚ ਮਕੈਨੀਕਲ ਸਵੀਪਿੰਗ ਅਤੇ 1207 ਮੁਲਾਜ਼ਮਾਂ ਦੇ ਕਾਰਜਕਾਲ ’ਚ ਇਕ ਸਾਲ ਦਾ ਵਾਧਾ ਕਰਨ ਨਾਲ ਸਬੰਧਤ ਮਤੇ ਵੀ ਸ਼ਾਮਲ ਹਨ।
-ਬਾਕਸ-
-ਕੂੜਾ ਪ੍ਰਬੰਧਨ ਦੇ ਮਤੇ ਨੂੰ ਲੈ ਕੇ ਹਾਈ ਕੋਰਟ ਜਾਣਗੇ ਭੱਟੀ
ਕਾਂਗਰਸੀ ਕੌਂਸਲਰ ਗੌਰਵ ਭੱਟੀ ਨੇ ਦੋਸ਼ ਲਾਇਆ ਕਿ ਫਾਇਨਾਂਸ ਐਂਡ ਕੰਟਰੈਕਟ ਕਮੇਟੀ (ਐੱਫਐਂਡਸੀਸੀ) ਦੀ ਮੀਟਿੰਗ ਵਿੱਚ ਕੂੜਾ ਨਿਪਟਾਰੇ ਨਾਲ ਸਬੰਧਤ ਮਤੇ ਨੂੰ ਰੱਦ ਕਰਨ ਦੀ ਗੱਲ ਹੋਈ ਸੀ ਅਤੇ ਉਨ੍ਹਾਂ ਨੇ ਇਸ ਸਬੰਧੀ ਲਿਖਤੀ ਵਿਰੋਧ ਵੀ ਦਰਜ ਕਰਵਾਇਆ ਸੀ। ਇਸ ਦੇ ਬਾਵਜੂਦ ਮਤੇ ਨੂੰ ਪਾਸ ਕਰ ਦਿੱਤਾ ਗਿਆ। ਸੋਮਵਾਰ ਨੂੰ ਜਨਰਲ ਹਾਊਸ ਦੀ ਮੀਟਿੰਗ ਵਿੱਚ ਐੱਫਐਂਡਸੀਸੀ ਵੱਲੋਂ ਪਾਸ ਕੀਤੇ ਗਏ ਪੰਜ ਮਤਿਆਂ ਨੂੰ ਮਨਜ਼ੂਰੀ ਦਿੱਤੀ ਗਈ, ਜਿਨ੍ਹਾਂ ਵਿੱਚ ਕੂੜਾ ਪ੍ਰਬੰਧਨ ਦਾ ਮਤਾ ਵੀ ਸ਼ਾਮਲ ਸੀ। ਭੱਟੀ ਨੇ ਕਿਹਾ ਕਿ ਐੱਫਐਂਡਸੀਸੀ ਦੀ ਮੀਟਿੰਗ ਦੌਰਾਨ ਲੁੜੀਂਦੇ ਮੈਂਬਰਾਂ ਦੀ ਮੌਜੂਦਗੀ ਨੂੰ ਲੈ ਕੇ ਵੀ ਸਵਾਲ ਹਨ। ਇਸ ਤੋਂ ਇਲਾਵਾ ਮਕੈਨੀਕਲ ਸਵੀਪਿੰਗ ਦੇ ਮਤੇ ਦਾ ਵਿਰੋਧ ਪੂਰੀ ਵਿਰੋਧੀ ਧਿਰ ਨੇ ਕੀਤਾ ਸੀ, ਪਰ ਇਸ ਨੂੰ ਵੀ ਪਾਸ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਹ ਦੋਵਾਂ ਮਤਿਆਂ ਨੂੰ ਹਾਈ ਕੋਰਟ ਵਿੱਚ ਚੁਣੌਤੀ ਦੇਣਗੇ ਅਤੇ ਇਨ੍ਹਾਂ ’ਤੇ ਰੋਕ ਲਾਉਣ ਦੀ ਮੰਗ ਕਰਨਗੇ।
-ਸਫ਼ਾਈ ਮੁਲਾਜ਼ਮਾਂ ਦੀ ਗਿਣਤੀ ’ਤੇ ਵੀ ਹੋਇਆ ਵਿਵਾਦ
ਮੀਟਿੰਗ ਦੁਪਹਿਰ 3.10 ਵਜੇ ਸ਼ੁਰੂ ਹੋਈ। ਸ਼ੁਰੂਆਤ ’ਚ ਹੀ ਵਿਰੋਧੀ ਧਿਰ ਨੇ ਜ਼ੀਰੋ ਆਵਰ ਦੀ ਮੰਗ ਕੀਤੀ, ਪਰ ਮੇਅਰ ਨੇ ਸਪੱਸ਼ਟ ਕੀਤਾ ਕਿ ਪਹਿਲਾਂ ਏਜੰਡੇ ’ਤੇ ਚਰਚਾ ਕਰ ਕੇ ਮਤੇ ਪਾਸ ਕੀਤੇ ਜਾਣਗੇ ਤੇ ਇਸ ਤੋਂ ਬਾਅਦ ਜ਼ੀਰੋ ਆਵਰ ਦਿੱਤਾ ਜਾਵੇਗਾ। ਇਸ ਦੌਰਾਨ ਵਿਧਾਇਕ ਭੋਲਾ ਨੇ ਵਿਰੋਧੀ ਧਿਰ ’ਤੇ ਤਨਜ਼ ਕੱਸਿਆ, ਜਿਸ ਕਾਰਨ ਮਾਹੌਲ ਹੋਰ ਭਖ ਗਿਆ। ਬਾਅਦ ’ਚ ਕੌਂਸਲਰ ਪੂਨਮ ਰਤੜਾ ਨੇ ਆਊਟਸੋਰਸ ਆਧਾਰ ’ਤੇ ਰੱਖੇ ਗਏ 1208 ਸਫ਼ਾਈ ਮੁਲਾਜ਼ਮਾਂ ਦਾ ਮੁੱਦਾ ਚੁੱਕਿਆ। ਇਸ ਤੋਂ ਬਾਅਦ ਕੌਂਸਲਰ ਭਵਦੀਪ ਕੌਰ ਨੇ ਆਪਣੇ ਵਾਰਡ ’ਚ ਰੱਖੇ 10 ਸਫ਼ਾਈ ਮੁਲਾਜ਼ਮਾਂ ਦੇ ਰਿਕਾਰਡ ਨਾ ਹੋਣ ਦਾ ਦੋਸ਼ ਲਾਇਆ ਤੇ ਇਸ ਲਈ ਸਿਹਤ ਵਿਭਾਗ ਦੇ ਮੁਲਾਜ਼ਮ ਨੀਸ਼ੂ ਨੂੰ ਜ਼ਿੰਮੇਵਾਰ ਠਹਿਰਾਇਆ। ਇਸ ਗੱਲ ਸਬੰਧੀ ਦੋਵਾਂ ਧਿਰਾਂ ਵਿਚਾਲੇ ਤਿੱਖੀ ਬਹਿਸ ਹੋਈ ਤੇ ਸਿਹਤ ਸ਼ਾਖਾ ਦੇ ਮੁਲਾਜ਼ਮ ਮੀਟਿੰਗ ਦਾ ਬਾਈਕਾਟ ਕਰ ਕੇ ਬਾਹਰ ਚਲੇ ਗਏ।
-ਸਦਨ ਦੀ ਮੀਟਿੰਗ ਦੌਰਾਨ ਸਾਰੇ ਮਤੇ ਪਾਸ : ਮੇਅਰ ਇੰਦਰਜੀਤ ਕੌਰ
ਮੇਅਰ ਇੰਦਰਜੀਤ ਕੌਰ ਨੇ ਕਿਹਾ ਕਿ ਸਦਨ ਦੀ ਮੀਟਿੰਗ ਵਿੱਚ ਪੇਸ਼ ਕੀਤੇ ਗਏ ਸਾਰੇ ਮਤੇ ਪਾਸ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਮੈਂਬਰਾਂ ਨੂੰ ਆਪਣੀ ਗੱਲ ਰੱਖਣ ਲਈ ਜ਼ੀਰੋ ਆਵਰ ਦੇਣ ਦੀ ਗੱਲ ਪਹਿਲਾਂ ਹੀ ਸਪੱਸ਼ਟ ਕਰ ਦਿੱਤੀ ਗਈ ਸੀ, ਪਰ ਇਸ ਦੇ ਬਾਵਜੂਦ ਬਿਨਾਂ ਵਜ੍ਹਾ ਹੰਗਾਮਾ ਕੀਤਾ ਗਿਆ। ਮੇਅਰ ਨੇ ਕਿਹਾ ਕਿ ਨਿਗਮ ਦੀਆਂ ਮੀਟਿੰਗਾਂ ਸ਼ਹਿਰ ਦੇ ਵਿਕਾਸ ਕੰਮਾਂ ਲਈ ਕੀਤੀਆਂ ਜਾਂਦੀਆਂ ਹਨ ਤੇ ਇਸ ਤਰ੍ਹਾਂ ਦੇ ਹੰਗਾਮੇ ਕਾਰਨ ਵਿਕਾਸ ਕਾਰਜ ਪ੍ਰਭਾਵਿਤ ਹੁੰਦੇ ਹਨ।