ਨਾਲ ਲਿਜਾਣ ਦੀ ਜ਼ਿੱਦ 'ਤੇ ਅੜੇ ਪਤੀ ਨੇ ਸਹੁਰੇ ਘਰ ਪਹੁੰਚ ਕੇ ਪਤਨੀ ਦੇ ਪੈਰਾਂ ’ਚ ਚਲਾਈਆਂ ਗੋਲੀਆਂ,ਇਲਾਕੇ 'ਚ ਫੈਲੀ ਸਨਸਨੀ
ਸ਼ਿਕਾਇਤਕਰਤਾ ਅਨੁਸਾਰ ਬਲਕਰਨ ਸਿੰਘ ਬਾਜਵਾ ਸਕਾਰਪੀਓ ਕਾਰ ਵਿੱਚ ਸਵਾਰ ਹੋ ਕੇ ਉਨ੍ਹਾਂ ਦੇ ਘਰ ਪਹੁੰਚਿਆ। ਉਸ ਨੇ ਘਰ ਦੇ ਮੁੱਖ ਦਰਵਾਜ਼ੇ ਦੀ ਭੰਨਤੋੜ ਕਰ ਦਿੱਤੀ ਅਤੇ ਪਤਨੀ ਨੂੰ ਆਪਣੇ ਨਾਲ ਲਿਜਾਣ ਦੀ ਜ਼ਿੱਦ ਕਰਨ ਲੱਗ ਪਿਆ। ਜਦ ਲੜਕੀ ਆਪਣੇ ਪਤੀ ਨਾਲ ਘਰ ਜਾਣ ਲਈ ਰਾਜ਼ੀ ਨਾ ਹੋਈ ਤਾਂ ਉਹ ਬੁਰੀ ਤਰ੍ਹਾਂ ਭੜਕ ਗਿਆ ਅਤੇ ਪਿਸਤੌਲ ਕੱਢ ਲਿਆ। ਮੁਲਜ਼ਮ ਨੇ ਆਪਣੀ ਪਤਨੀ ਦੇ ਪੈਰਾਂ ਵੱਲ ਦੋ ਫਾਇਰ ਕਰ ਦਿੱਤੇ।
Publish Date: Tue, 10 Nov 2026 11:20 AM (IST)
Updated Date: Tue, 10 Nov 2026 11:29 AM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਬੁਰੀ ਤਰ੍ਹਾਂ ਦਿੱਤੇ ਗਏ ਤਸੀਹਿਆਂ ਤੋਂ ਬਾਅਦ ਜਦ ਵਿਆਹੁਤਾ ਆਪਣੇ ਪਤੀ ਨਾਲ ਘਰ ਜਾਣ ਲਈ ਰਾਜ਼ੀ ਨਾ ਹੋਈ ਤਾਂ ਨੌਜਵਾਨ ਨੇ ਆਪਣੀ ਪਤਨੀ ਦੇ ਪੈਰਾਂ ਵੱਲ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਚੱਲਣ ਨਾਲ ਘਰ ’ਚ ਦਹਿਸ਼ਤ ਫੈਲ ਗਈ।
ਖੁਸ਼ਕਿਸਮਤੀ ਨਾਲ ਦੋਵੇਂ ਗੋਲੀਆਂ ਲੜਕੀ ਨੂੰ ਨਹੀਂ ਲੱਗੀਆਂ ਅਤੇ ਉਸ ਦੀ ਜਾਨ ਬਚ ਗਈ। ਪਿਤਾ ਨੇ ਹਿੰਮਤ ਦਿਖਾਉਂਦਿਆਂ ਵਿਚਕਾਰ ਪੈ ਕੇ ਆਪਣੀ ਧੀ ਨੂੰ ਮੁਲਜ਼ਮ ਦੇ ਚੁੰਗਲ ’ਚੋਂ ਬਚਾਇਆ। ਵਾਰਦਾਤ ਤੋਂ ਬਾਅਦ ਮੁਲਜ਼ਮ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੋਇਆ ਮੌਕੇ ਤੋਂ ਫ਼ਰਾਰ ਹੋ ਗਿਆ।
ਮਾਮਲਾ ਬਾੜੇਵਾਲ ਇਲਾਕੇ ਦੀ ਆਦਰਸ਼ ਕਲੋਨੀ ਦਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਸਨਦੀਪ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਆਪਣੀ ਧੀ ਦੀਵਾਨਗੀ ਦਾ ਵਿਆਹ ਪਿੰਡ ਜੈਨਪੁਰ ਦੇ ਰਹਿਣ ਵਾਲੇ ਬਲਕਰਨ ਸਿੰਘ ਬਾਜਵਾ ਨਾਲ ਕੀਤਾ ਸੀ।
ਸ਼ਿਕਾਇਤਕਰਤਾ ਅਨੁਸਾਰ ਵਿਆਹ ਤੋਂ ਬਾਅਦ ਉਸ ਦਾ ਜਵਾਈ ਅਕਸਰ ਉਨ੍ਹਾਂ ਦੀ ਧੀ ਨਾਲ ਕੁੱਟਮਾਰ ਕਰਦਾ ਸੀ। ਬੀਤੇ ਦਿਨੀਂ ਵੀ ਮੁਲਜ਼ਮ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਧੀ ਆਪਣੇ ਪੇਕੇ ਘਰ ਆ ਗਈ।
ਸ਼ਿਕਾਇਤਕਰਤਾ ਅਨੁਸਾਰ ਬਲਕਰਨ ਸਿੰਘ ਬਾਜਵਾ ਸਕਾਰਪੀਓ ਕਾਰ ਵਿੱਚ ਸਵਾਰ ਹੋ ਕੇ ਉਨ੍ਹਾਂ ਦੇ ਘਰ ਪਹੁੰਚਿਆ। ਉਸ ਨੇ ਘਰ ਦੇ ਮੁੱਖ ਦਰਵਾਜ਼ੇ ਦੀ ਭੰਨਤੋੜ ਕਰ ਦਿੱਤੀ ਅਤੇ ਪਤਨੀ ਨੂੰ ਆਪਣੇ ਨਾਲ ਲਿਜਾਣ ਦੀ ਜ਼ਿੱਦ ਕਰਨ ਲੱਗ ਪਿਆ। ਜਦ ਲੜਕੀ ਆਪਣੇ ਪਤੀ ਨਾਲ ਘਰ ਜਾਣ ਲਈ ਰਾਜ਼ੀ ਨਾ ਹੋਈ ਤਾਂ ਉਹ ਬੁਰੀ ਤਰ੍ਹਾਂ ਭੜਕ ਗਿਆ ਅਤੇ ਪਿਸਤੌਲ ਕੱਢ ਲਿਆ। ਮੁਲਜ਼ਮ ਨੇ ਆਪਣੀ ਪਤਨੀ ਦੇ ਪੈਰਾਂ ਵੱਲ ਦੋ ਫਾਇਰ ਕਰ ਦਿੱਤੇ।
ਘਟਨਾ ਦੌਰਾਨ ਪਿਤਾ ਸਨਦੀਪ ਸਿੰਘ ਨੇ ਦਖ਼ਲ ਦਿੱਤਾ ਅਤੇ ਬੜੀ ਮੁਸ਼ਕਲ ਨਾਲ ਆਪਣੀ ਧੀ ਦੀ ਜਾਨ ਬਚਾਈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਮੁਲਜ਼ਮ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੋਇਆ ਮੌਕੇ ਤੋਂ ਫ਼ਰਾਰ ਹੋ ਗਿਆ। ਘਰ ਦੇ ਦਰਵਾਜ਼ੇ ਦੀ ਭੰਨਤੋੜ ਅਤੇ ਪਿਸਤੌਲ ਨਾਲ ਫਾਇਰਿੰਗ ਦੀ ਇਸ ਘਟਨਾ ਨੇ ਪਰਿਵਾਰ ਨੂੰ ਦਹਿਸ਼ਤ ਵਿੱਚ ਪਾ ਦਿੱਤਾ।
ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਜਗਦੀਪ ਸਿੰਘ ਨੇ ਦੱਸਿਆ ਕਿ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਸਨਦੀਪ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਬਲਕਰਨ ਸਿੰਘ ਬਾਜਵਾ, ਵਾਸੀ ਪਿੰਡ ਜੈਨਪੁਰ, ਖ਼ਿਲਾਫ਼ ਅਸਲਾ ਐਕਟ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਭਾਲ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।