ਨਵੇਂ ਪ੍ਰਧਾਨ ਲਈ ਲੁਧਿਆਣਾ ਕਾਂਗਰਸ ਨੂੰ ਇਕਜੁੱਟ ਕਰਨਾ ਸੌਖਾ ਨਹੀਂ ਜਾਪਦਾ 1 ਨੰਬਰ ਦਾ ਬੌਟਮ:ਨਵੇਂ ਪ੍ਰਧਾਨ ਲਈ ਸੌਖਾ ਨਹੀਂ ਜਾਪਦਾ ਲੁਧਿਆਣਾ ਕਾਂਗਰਸ ਨੂੰ ਇੱਕਜੁੱਟ ਕਰਨਾ
Publish Date: Thu, 08 Oct 2026 07:41 PM (IST)
Updated Date: Fri, 09 Oct 2026 04:09 AM (IST)
-ਸਾਬਕਾ ਪ੍ਰਧਾਨ ਵੜਿੰਗ ਤੇ ਆਸ਼ੂ ਧੜਾ ਹਨ ਆਹਮੋ ਸਾਹਮਣੇ ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ/ਸਾਹਨੇਵਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵ ਨਿਯੁਕਤ ਪ੍ਰਧਾਨ ਪ੍ਰਗਟ ਸਿੰਘ ਨੇ ਕਈ ਦਿਨਾਂ ਦੀ ਉਡੀਕ ਤੋਂ ਬਾਅਦ ਭਾਵੇਂ ਅੱਜ ਪੰਜਾਬ ਦੇ ਅੰਦਰ ਦਸਤਕ ਦੇ ਦਿੱਤੀ ਹੈ ਤੇ ਉਹਨਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਰਬਾਰ ਸਾਹਿਬ ਸਮੇਤ ਸਾਰੇ ਹੀ ਧਾਰਮਿਕ ਅਸਥਾਨਾਂ ’ਤੇ ਨਤਮਸਤਕ ਹੋ ਕੇ ਆਸ਼ੀਰਵਾਦ ਵੀ ਪ੍ਰਾਪਤ ਕਰ ਲਿਆ ਹੈ। ਕਾਂਗਰਸ ਨੇ ਨਵ ਨਿਯੁਕਤ ਪ੍ਰਧਾਨ ਦਾ ਜਿੱਥੇ ਉਹਨਾਂ ਦੇ ਸਮਰਥਕਾਂ ਅਤੇ ਕਾਂਗਰਸੀ ਵਰਕਰਾਂ ਨੇ ਜ਼ੋਰ ਸ਼ੋਰ ਦੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਸਵਾਗਤ ਕੀਤਾ ਹੈ। ਉਸ ਦੇ ਨਾਲ ਹੀ ਕਾਂਗਰਸ ਪਾਰਟੀ ਦੀ ਅੰਦਰੂਨੀ ਸੁਲਗਦੀ ਧੜੇਬਾਜ਼ੀ ਵੀ ਕਦੋਂ ਭਾਂਬੜ ਬਣ ਜਾਵੇ ਨਵੇਂ ਪ੍ਰਧਾਨ ਦੀ ਉਡੀਕ ਕਰਦੀ ਨਜ਼ਰ ਆ ਰਹੀ ਹੈ। ਜੇਕਰ ਪੰਜਾਬ ਕਾਂਗਰਸ ਦੀ ਗੱਲ ਕੀਤੀ ਜਾਵੇ, ਤਾਂ ਕਾਂਗਰਸ ਦੀ ਅੰਦਰੂਨੀ ਧੜੇਬਾਜ਼ੀ ਬਲਾਕ ਪੱਧਰ ਤੋਂ ਲੈ ਕੇ ਪੰਜਾਬ ਪੱਧਰ ਤੱਕ ਜੱਗ ਜਾਹਿਰ ਹੈ, ਉਸ ਦੇ ਨਾਲ ਹੀ ਪੰਜਾਬ ਦੇ ਸਭ ਤੋਂ ਵੱਡੇ ਜ਼ਿਲ੍ਹੇ ਲੁਧਿਆਣਾ ਅੰਦਰ ਨਵੇਂ ਪ੍ਰਧਾਨ ਲਈ ਆਪਣੇ ਅਤੀ ਨਜ਼ਦੀਕੀ ਮੰਨੇ ਜਾਂਦੇ ਭਾਰਤ ਭੂਸ਼ਣ ਆਸ਼ੂ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਜਾ ਵੜਿੰਗ ਦੇ ਧੜੇ ਨੂੰ ਇੱਕਜੁੱਟ ਕਰਨਾ ਵੱਡੀ ਚੁਣੌਤੀ ਹੋਵੇਗੀ। ਜੇਕਰ ਲੁਧਿਆਣਾ ਕਾਂਗਰਸ ਦੀ ਗੱਲ ਕੀਤੀ ਜਾਵੇ, ਤਾਂ ਲੋਕ ਸਭਾ ਹਲਕਾ ਲੁਧਿਆਣਾ ਤੋਂ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਐਮਪੀ ਹਨ ਅਤੇ ਇੱਕ ਧੜੇ ਦੀ ਅਗਵਾਈ ਕਰਦੇ ਹਨ, ਜਦੋਂ ਕਿ ਦੂਜੇ ਧੜੇ ਦੀ ਅਗਵਾਈ ਮੌਜੂਦਾ ਸੂਬਾ ਪ੍ਰਧਾਨ ਪ੍ਰਗਟ ਸਿੰਘ ਦੇ ਨਜ਼ਦੀਕੀ ਮੰਨੇ ਜਾਂਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਕਰਦੇ ਹਨ। ਦੋਹਾਂ ਧੜਿਆਂ ਦੇ ਵਿੱਚ ਆਪਸੀ ਕੁੜੱਤਣ ਦਾ ਅੰਦਾਜ਼ਾ ਨਵੇਂ ਪ੍ਰਧਾਨ ਦੀ ਖੁਸ਼ੀ ਵਿੱਚ ਲੁਧਿਆਣਾ ਅੰਦਰ ਲਗਾਏ ਬੋਰਡਾਂ ਤੋਂ ਸਾਫ ਨਜ਼ਰ ਆਉਂਦਾ, ਕਿਉਂਕਿ ਇਹਨਾਂ ਬੋਰਡਾਂ ਉੱਪਰ ਭਾਰਤ ਭੂਸ਼ਣ ਆਸ਼ੂ ਦੀ ਵੱਡੀ ਤਸਵੀਰ ਨਜ਼ਰ ਆਉਂਦੀ ਹੈ, ਜਦੋਂ ਕਿ ਐਮਪੀ ਰਾਜਾ ਵੜਿੰਗ ਅਤੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਸੰਜੇ ਤਲਵਾੜ ਕੀਤੇ ਦਿਖਾਈ ਨਹੀਂ ਦਿੰਦੇ। ਜੇਕਰ ਸਿਆਸੀ ਪੰਡਤਾਂ ਦੀ ਮੰਨੀਏ, ਤਾਂ ਲੋਕ ਸਭਾ ਹਲਕਾ ਲੁਧਿਆਣਾ ਦੇ 6 ਹਲਕਿਆਂ ਦੇ ਅੰਦਰ ਕਾਂਗਰਸ ਪਾਰਟੀ ਦੀ ਆਪਸੀ ਧੜੇਬਾਜ਼ੀ ਹੋਰ ਉਭਰ ਕੇ ਸਾਹਮਣੇ ਆ ਸਕਦੀ ਹੈ। ਜੇਕਰ ਲੁਧਿਆਣਾ ਸ਼ਹਿਰੀ ਦੇ ਹਲਕਿਆਂ ਦੀ ਗੱਲ ਕੀਤੀ ਜਾਵੇ, ਤਾਂ ਇੱਕੋ ਇੱਕ ਹਲਕਾ ਆਤਮ ਨਗਰ ਸੀ, ਜਿੱਥੋਂ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਜਾ ਵੜਿੰਗ ਲੋਕ ਸਭਾ ਚੋਣਾਂ ਵਿੱਚ ਜਿੱਤੇ ਸਨ। ਬਾਕੀ ਸ਼ਹਿਰ ਦੇ ਸਾਰੇ ਹਲਕਿਆਂ ਦੇ ਅੰਦਰ ਕਾਂਗਰਸ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਹਲਕੇ ਦੀ ਅਗਵਾਈ ਸਾਬਕਾ ਵਿਧਾਇਕ ਵੜਿੰਗ ਧੜੇ ਦੇ ਮੰਨੇ ਜਾਂਦੇ ਸਿਮਰਜੀਤ ਸਿੰਘ ਬੈਂਸ ਕਰਦੇ ਹਨ, ਜਦੋਂ ਕਿ ਕਾਂਗਰਸ ਪਾਰਟੀ ਦੀ ਟਿਕਟ ’ਤੇ ਪਿਛਲੀ ਵਾਰ ਚੋਣ ਲੜੇ ਕਮਲਜੀਤ ਕੜਵਲ ਆਸੂ ਧੜੇ ਨਾਲ ਸੰਬੰਧਿਤ ਹਨ। ਜਿਨ੍ਹਾਂ ਨੇ ਨਵੇਂ ਪ੍ਰਧਾਨ ਬਣਨ ਦੀ ਖੁਸ਼ੀ ਵਿੱਚ ਹਲਕੇ ਦੇ ਅੰਦਰ ਬੋਰਡ ਵੀ ਲਗਾ ਦਿੱਤੇ ਹਨ, ਇਸੇ ਤਰ੍ਹਾਂ ਹੀ ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਜਿੱਥੇ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਬੈਂਸ ਹਨ ਅਤੇ ਇਸੇ ਹਲਕੇ ਤੋਂ ਪਿਛਲੀ ਵਾਰ ਕਾਂਗਰਸ ਦੀ ਟਿਕਟ ਤੇ ਚੋਣ ਲੜੇ ਈਸ਼ਵਰਜੋਤ ਚੀਮਾ ਵੀ ਆਸ਼ੂ ਦੇ ਅਤੀ ਨਜ਼ਦੀਕੀ ਮੰਨੇ ਜਾਂਦੇ ਹਨ। ਇਸ ਤੋਂ ਇਲਾਵਾ ਜੇਕਰ ਦਿਹਾਤੀ ਦੀ ਗੱਲ ਕੀਤੀ ਜਾਵੇ, ਤਾਂ ਰਿਜ਼ਰਵ ਹਲਕਾ ਗਿੱਲ ਅੰਦਰ ਸਾਬਕਾ ਪ੍ਰਧਾਨ ਵੜਿੰਗ ਦੇ ਹੱਕ ਵਿੱਚ ਹਮੇਸ਼ਾ ਡਟ ਕੇ ਬੋਲਣ ਵਾਲੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਹਨ। ਜਿਨਾਂ ਦਾ ਵਿਰੋਧ ਆਸੂ ਧੜਾ ਡੱਟ ਕੇ ਘਰ ਦਾ ਹੈ, ਇਸੇ ਤਰ੍ਹਾਂ ਹੀ ਵਿਧਾਨ ਸਭਾ ਹਲਕਾ ਦਾਖਾ ਦੇ ਅੰਦਰ ਕਾਂਗਰਸ ਦੇ ਸਕੱਤਰ ਜਨਰਲ ਤੇ ਦਫਤਰ ਇੰਚਾਰਜ ਸੰਦੀਪ ਸੰਧੂ ਹਨ, ਜੋ ਹਮੇਸ਼ਾ ਆਸੂ ਧੜੇ ਦੀ ਅੱਖ ਵਿੱਚ ਰੜਕਦੇ ਰਹਿੰਦੇ ਹਨ ਅਤੇ ਜਗਰਾਉਂ ਵਿੱਚ ਵੀ ਆਸੂ ਧੜਾ ਕਾਫੀ ਸਰਗਰਮ ਦੱਸਿਆ ਜਾ ਰਿਹਾ ਹੈ। ਜੇਕਰ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਸੰਜੈ ਤਲਵਾੜ ਦੇ ਹਲਕੇ ਪੂਰਬੀ ਦੀ ਗੱਲ ਕੀਤੀ ਜਾਵੇ, ਤਾਂ ਇਥੇ ਵੀ ਵੱਖ ਵੱਖ ਧੜਿਆਂ ਦੇ ਕਈ ਆਗੂ ਟਿਕਟ ਲਈ ਦਾਵੇਦਾਰ ਦੱਸੇ ਜਾ ਰਹੇ ਹਨ। ਭਾਵੇਂ ਕਿਸੇ ਸਮੇਂ ਤਲਵਾਰ ਅਤੇ ਆਸੂ ਦੇ ਦੋਸਤਾਨਾ ਸਬੰਧਾਂ ਦੀ ਚਰਚਾ ਹੁੰਦੀ ਸੀ, ਪਰ ਅੱਜ ਕੱਲ ਦੋਵਾਂ ਤੇ ਵਖਰੇਵਿਆਂ ਦੀਆਂ ਗੱਲਾਂ ਵੀ ਸੱਥਾਂ ਵਿੱਚ ਆਮ ਹੁੰਦੀਆਂ ਹਨ। -ਬਾਕਸ- -ਨਵੇਂ ਸੂਬਾ ਪ੍ਰਧਾਨ ਨੂੰ ਵਧਾਈ ਦੇਣੀ ਭੁੱਲੇ ਜ਼ਿਲ੍ਹਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜਮਾਨਾ ਹੈ ਅਤੇ ਜਦੋਂ ਨਵੇਂ ਪ੍ਰਧਾਨ ਪ੍ਰਗਟ ਸਿੰਘ ਨੂੰ ਮਿਲੀ ਸੂਬਾ ਕਾਂਗਰਸ ਦੀ ਜਿੰਮੇਵਾਰੀ ਦੀ ਖਬਰ ਸੋਸ਼ਲ ਮੀਡੀਆ ’ਤੇ ਆਈ ਤਾਂ ਬਹੁਤੇ ਕਾਂਗਰਸ ਦੇ ਅਹੁਦੇਦਾਰਾਂ ਨੇ ਉਹਨਾਂ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਹੀ ਵਧਾਈਆਂ ਦਿੱਤੀਆਂ, ਪਰ ਕਾਂਗਰਸ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੰਜੇ ਤਲਵਾਰ ਨਵੇਂ ਸੂਬਾ ਪ੍ਰਧਾਨ ਪ੍ਰਗਟ ਸਿੰਘ ਨੂੰ ਵਧਾਈਆਂ ਦੇਣੀਆਂ ਹੀ ਭੁੱਲ ਗਏ। -ਅੜੀਅਲ ਸੁਭਾਅ ਲਈ ਜਾਣੇ ਜਾਂਦੇ ਨੇ ਭਾਰਤ ਭੂਸ਼ਣ ਆਸ਼ੂ ਲੁਧਿਆਣਾ ਦੀ ਰਾਜਨੀਤੀ ਦੇ ਅੰਦਰ ਜਿੱਥੇ ਬੈਂਸ ਭਰਾਵਾਂ ਦਾ ਆਪਣਾ ਦਬਦਬਾ ਹੈ, ਕਿਉਂਕਿ ਦੋਹਾਂ ਭਰਾਵਾਂ ਨੇ ਪਹਿਲੀ ਵਾਰ ਆਜ਼ਾਦ ਚੋਣਾਂ ਜਿੱਤ ਕੇ ਦੇਸ਼ ਦੀ ਰਾਜਨੀਤੀ ਨੂੰ ਹੈਰਾਨ ਕਰ ਦਿੱਤਾ ਸੀ ਅਤੇ ਲੋਕ ਸਭਾ ਚੋਣਾਂ ਦੇ ਵਿੱਚ ਆਪਣੀ ਲੋਕ ਇਨਸਾਫ ਪਾਰਟੀ ਨੂੰ ਕਾਂਗਰਸ ਵਿੱਚ ਮਰਜ ਕਰ ਦਿੱਤਾ ਸੀ, ਜਿਸ ਤੋਂ ਬਾਅਦ ਸਾਬਕਾ ਪ੍ਰਧਾਨ ਰਾਜਾ ਵੜਿੰਗ ਦੀ ਜਿੱਤ ਵਿੱਚ ਵੀ ਬੈਂਸ ਭਰਾਵਾਂ ਦਾ ਅਹਿਮ ਰੋਲ ਮੰਨਿਆ ਜਾਂਦਾ ਹੈ, ਜਿਸ ਦਾ ਜ਼ਿਕਰ ਕਈ ਵਾਰ ਸਾਬਕਾ ਪ੍ਰਧਾਨ ਰਾਜਾ ਵੜਿੰਗ ਵੀ ਕਰ ਚੁੱਕੇ ਹਨ। ਪਰ ਭਾਰਤ ਭੂਸ਼ਣ ਆਸ਼ੂ ਆਪਣੇ ਅੜੀਅਲ ਸੁਭਾਅ ਕਰਕੇ ਜਾਣੇ ਜਾਂਦੇ ਹਨ, ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਦੋਂ ਸਰਕਾਰ ਦੇ ਉਲਟ ਆਸੂ ਜਿਮਨੀ ਚੋਣ ਲੜ ਰਹੇ ਸਨ, ਤਾਂ ਵੀ ਉਹਨਾਂ ਨੇ ਸੂਬਾ ਪ੍ਰਧਾਨ ਜਿਹੜੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਵੀ ਸਨ। ਉਹਨਾਂ ਸਮੇਤ ਬੈਂਸ ਭਰਾ, ਜ਼ਿਲ੍ਹਾ ਪ੍ਰਧਾਨ ਤਲਵਾੜ, ਵੈਦ ਅਤੇ ਕੈਪਟਨ ਸੰਦੀਪ ਸੰਧੂ ਨੂੰ ਚੋਣ ਵਿੱਚ ਮਦਦ ਕਰਨ ਦੀ ਅਪੀਲ ਕਰਨਾ ਤਾਂ ਦੂਰ ਉਨਾਂ ਨੂੰ ਨਾ ਤਾਂ ਕੋਈ ਤਵੱਜੋ ਦਿੱਤੀ ਅਤੇ ਨਾ ਹੀ ਮੂੰਹ ਵਿਖਾਈ ਲਈ ਆਏ ਸੂਬਾ ਪ੍ਰਧਾਨ ਸਮੇਤ ਇਹਨਾਂ ਆਗੂਆਂ ਨਾਲ ਉਸ ਸਮੇਂ ਸਟੇਜ ਸਾਂਝੀ ਨਹੀਂ ਕੀਤੀ ਜਿਸ ਸਮੇਂ ਉਹਨਾਂ ਨੂੰ ਹਰ ਵਿਅਕਤੀ ਦੀ ਲੋੜ ਸੀ ਕਿ ਹੁਣ ਉਹ ਇਹਨਾਂ ਆਗੂਆਂ ਦੇ ਨਾਲ ਇੱਕ ਮੰਚ ’ਤੇ ਨਜ਼ਰ ਆਉਣਗੇ।