ਰੰਜਿਸ਼ ’ਚ ਨੌਜਵਾਨ ’ਤੇ ਕੀਤੀ ਫਾਇਰਿੰਗ, ਇਕ ਜ਼ਖ਼ਮੀ 2 ਸਾਲ ਪਹਿਲਾਂ ਗੋਲੀ ਮਾਰਨ ਵਾਲੇ ਤੋਂ ਬਦਲਾ ਲੈਂਦਿਆਂ ਉਸ ਦੇ ਮਾਰੀ ਗੋਲੀ
Publish Date: Tue, 27 Oct 2026 09:11 PM (IST)
Updated Date: Tue, 27 Oct 2026 09:13 PM (IST)
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਬੇਟ ਇਲਾਕੇ ਦੇ ਪਿੰਡ ਖੁਰਸ਼ੈਦਪੁਰਾ ਵਿਖੇ 2 ਸਾਲ ਪਹਿਲਾਂ ਗੋਲੀ ਮਾਰਨ ਵਾਲੇ ਨੌਜਵਾਨ ਤੋਂ ਬਦਲਾ ਲੈਂਦਿਆਂ ਵਿਰੋਧੀਆਂ ਨੇ ਗੋਲੀਆਂ ਮਾਰ ਕੇ ਜਖ਼ਮੀ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਬੇਟ ਇਲਾਕੇ ਦੇ ਪਿੰਡ ਅੱਕੂਵਾਲ ਵਾਸੀ ਗੁਰਦੀਪ ਸਿੰਘ, ਉਸ ਦਾ ਭਰਾ ਸੰਦੀਪ ਸਿੰਘ ਪੁੱਤਰਾਨ ਬਲਵਿੰਦਰ ਸਿੰਘ ਦੀ ਦੋ ਸਾਲ ਪਹਿਲਾਂ ਵਿਰੋਧੀ ਧੜੇ ਨਾਲ ਲੜਾਈ ਹੋਈ ਸੀ। ਇਸ ਲੜਾਈ ’ਚ ਵਿਰੋਧੀ ਧਿਰ ਦੇ ਇਕ ਨੌਜਵਾਨ ਦੇ ਢਿੱਡ ਵਿਚ ਗੋਲੀ ਲੱਗੀ, ਜਿਸ ਤੋਂ ਬਾਅਦ ਪੁਲਿਸ ਨੇ ਗੁਰਦੀਪ ਅਤੇ ਸੰਦੀਪ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਦੋਵੇਂ ਹੀ ਸਾਲ ਬਾਅਦ ਜ਼ੇਲ੍ਹ ’ਚੋਂ ਜਮਾਨਤ ’ਤੇ ਬਾਹਰ ਆਏ ਸਨ। ਅੱਜ ਵਿਰੋਧੀ ਧਿਰ ਨੇ ਗੁਰਦੀਪ ਦੇ ਦੋਸਤਾਂ ਨੂੰ ਆਪਣੇ ਝਾਂਸੇ ਵਿਚ ਲੈ ਕੇ ਗੁਰਦੀਪ ਨੂੰ ਪਿੰਡ ਖੁਰਸ਼ੈਦਪੁਰਾ ਸੱਦਾ ਲਿਆ। ਗੁਰਦੀਪ ਆਪਣੇ ਮੋਟਰਸਾਈਕਲ ’ਤੇ ਦੋਸਤਾਂ ਦੀ ਦੱਸੀ ਥਾਂ ’ਤੇ ਪਹੁੰਚਿਆ ਹੀ ਸੀ ਕਿ ਪਹਿਲਾਂ ਤੋਂ ਹੀ ਇੰਤਜ਼ਾਰ ਕਰ ਰਹੇ ਵਿਰੋਧੀ ਗੁੱਟ ਨੇ ਪਿਸਤੌਲ ਨਾਲ ਕਈ ਫਾਇਰ ਕਰ ਦਿੱਤੇ। ਇਸ ਦੌਰਾਨ ਗੁਰਦੀਪ ਦੇ ਦੋ ਗੋਲੀਆਂ ਬਾਂਹ ਵਿਚ ਲੱਗੀਆਂ। ਉਸ ਦੇ ਰੌਲਾ ਪਾਉਣ ’ਤੇ ਗੋਲੀਆਂ ਮਾਰਨ ਵਾਲੇ ਫ਼ਰਾਰ ਹੋ ਗਏ। ਜ਼ਖ਼ਮੀ ਹਾਲਤ ਵਿਚ ਗੁਰਦੀਪ ਸਿੰਘ ਨੂੰ ਜਗਰਾਓਂ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਅਨੁਸਾਰ ਗੋਲੀਆਂ ਇਕ ਹਨ ਜਾਂ ਦੋ ਦਾ ਐਕਸਰੇ ਰਿਪੋਰਟ ਤੋਂ ਬਾਅਦ ਹੀ ਸਾਫ ਹੋਵੇਗਾ। ਇਸ ਸਬੰਧ ਵਿਚ ਥਾਣਾ ਸਿੱਧਵਾਂ ਬੇਟ ਦੇ ਮੁਖੀ ਅਮਰਜੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਨਾਲ ਉਹ ਖੁਦ ਘਟਨਾ ਸਥਾਨ ’ਤੇ ਪੁੱਜੇ ਸਨ। ਉਨ੍ਹਾਂ ਦੱਸਿਆ ਕਿ ਜਖ਼ਮੀ ਗੁਰਦੀਪ ਸਿੰਘ ਦੇ ਬਿਆਨ ਕਲਮਬੱਧ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।