ਜਗਰਾਓਂ ਦੇ 2 ਬੀਐੱਲਓਜ਼ ਨੂੰ 100 ਫ਼ੀਸਦ ਡਿਜੀਟਲਾਈਜ਼ੇਸ਼ਨ ’ਤੇ ਮਿਲਿਆ ਸਨਮਾਨ ਜਗਰਾਓਂ ਦੇ ਦੋ ਬੀਐਲਓਜ਼ ਨੂੰ 100 ਫ਼ੀਸਦ ਡਿਜੀਟਲਾਈਜ਼ੇਸ਼ਨ ’ਤੇ ਮਿਲਿਆ ਸਨਮਾਨ
Publish Date: Tue, 14 Jul 2026 07:34 PM (IST)
Updated Date: Wed, 15 Jul 2026 04:09 AM (IST)
ਡੀਸੀ ਨੇ ਬੀਐੱਲਓ ਹਰਪ੍ਰੀਤ ਸਿੰਘ ਅਤੇ ਕੁਲਦੀਪ ਸਿੰਘ ਨੂੰ ਕੀਤਾ ਸਨਮਾਨਿਤ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਹਲਕੇ ਦੇ 2 ਬੀਐੱਲਓਜ਼ ਨੂੰ ਗਣਨਾ ਫਾਰਮ ਦੀ 100 ਫ਼ੀਸਦ ਡਿਜੀਟਲਾਈਜ਼ੇਸ਼ਨ ਦਾ ਟੀਚਾ ਸਭ ਤੋਂ ਪਹਿਲਾ ਪੂਰਾ ਕਰਨ ’ਤੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੱਲੋਂ ਸਨਮਾਨਿਤ ਕੀਤਾ ਗਿਆ। ਇਥੇ ਇਹ ਵੀ ਵਰਣਨਯੋਗ ਹੈ ਕਿ ਲੁਧਿਆਣਾ ਜ਼ਿਲ੍ਹੇ ’ਚ 16 ਬੀਐੱਲਓਜ਼ ਨੇ 100 ਫੀਸਦੀ ਟੀਚਾ ਇਸ ਮੁਹਿੰਮ ਦੇ ਮੁਕੰਮਲ ਹੋਣ 16 ਦਿਨ ਪਹਿਲਾਂ ਹੀ ਮੁਕੰਮਲ ਕਰ ਲਿਆ। ਇਨ੍ਹਾਂ ਵਿਚ ਜਗਰਾਓਂ ਦੇ ਦੋ ਬੀਐੱਲਓਜ਼ ਬੂਥ ਨੰਬਰ 92 ਕੋਠੇ ਖੰਜੂਰਾਂ (ਸਮਸੇ) ਦੇ ਹਰਪ੍ਰੀਤ ਸਿੰਘ ਅਤੇ ਬੂਥ ਨੰਬਰ 169 ਪਿੰਡ ਮੱਲ੍ਹਾ ਦੇ ਕੁਲਦੀਪ ਸਿੰਘ ਸ਼ਾਮਲ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ ਵਿਚ ਸਪੈਸ਼ਲ ਇੰਟੈਂਸਿਵ ਰਿਵੀਜਨ-2026 ਨੂੰ ਮੁੱਖ ਰੱਖਦੇ ਹੋਏ 25 ਜੂਨ ਤੋਂ 24 ਜੁਲਾਈ ਤੱਕ ਬੀ.ਐੱਲ.ਓਜ਼ ਵੱਲੋਂ ਕੀਤੇ ਜਾ ਰਹੇ ਡੋਰ ਟੂ ਡੋਰ ਸਰਵੇ ਦੌਰਾਨ ਵੋਟਰਾਂ ਨੂੰ ਗਣਨਾ ਫ਼ਰਮਾਂ ਦੀ ਵੰਡ ਕੀਤੀ ਜਾ ਰਹੀ ਹੈ ਅਤੇ ਵੋਟਰਾਂ ਪਾਸੋਂ ਭਰੇ ਹੋਏ ਫਾਰਮ ਇਕੱਤਰ ਕਰ ਕੇ ਬੀਐੱਲਓ, ਐੱਪ ਵਿੱਚ ਡੀਜੀਟਾਈਜ਼ ਕੀਤੇ ਜਾ ਰਹੇ ਹਨ। ਇਸ ਮੁਹਿੰਮ ਤਹਿਤ ਜ਼ਿਲ੍ਹੇ ਦੇ 16 ਬੀਐੱਲਓਜ਼ ਜਿਨ੍ਹਾਂ ਵਿਚ ਜਗਰਾਓਂ ਦੇ 2, ਖੰਨਾ ਦੇ 2, ਸਮਰਾਲਾ ਦੇ 6, ਸਾਹਨੇਵਾਲ ਦੇ 1, ਲੁਧਿਆਣਾ ਪੂਰਬੀ ਤੋਂ 1, ਹਲਕਾ ਗਿੱਲ ਤੋਂ 3 ਅਤੇ ਦਾਖਾ ਤੋਂ 1 ਬੀਐੱਲਓ ਨੇ ਇਹ ਟੀਚਾ ਪਹਿਲਾ ਹੀ ਪੂਰਾ ਕਰਦਿਆਂ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ’ਤੇ ਅੱਜ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵੱਲੋਂ ਇਨ੍ਹਾਂ ਬੀਐੱਲਓਜ਼ ਨੂੰ ਸਭ ਤੋਂ ਪਹਿਲਾਂ 100 ਫੀਸਦੀ ਟੀਚਾ ਪੂਰਾ ਕਰਨ ਤੇ ਮਿੰਨੀ ਸਕੱਤਰੇਤ ਲੁਧਿਆਣਾ ਵਿਖੇ ਸਮਾਗਮ ਵਿਚ ਡੀਸੀ ਹਿਮਾਂਸ਼ੂ ਜੈਨ ਨੇ ਪ੍ਰਸੰਸਾ ਪੱਤਰ ਅਤੇ ਤੋਹਫੇ ਨਾਲ ਸਨਮਾਨਿਤ ਕੀਤਾ ਗਿਆ। ਬਾਕਸ--- ਸਨਮਾਨਿਤ ਬੀਐੱਲਓਜ਼ ਨੂੰ ਐੱਸਡੀਐੱਮ ਨੇ ਦਿੱਤੀ ਮੁਬਾਰਕਬਾਦ ਜਗਰਾਓਂ ਦੇ ਐੱਸਡੀਐੱਮ ਬਾਦਲ ਦੀਨ ਨੇ ਗਣਨਾ ਫਾਰਮ ਦੀ 100 ਫ਼ੀਸਦ ਡਿਜੀਟਲਾਈਜ਼ੇਸ਼ਨ ਦਾ ਟੀਚਾ ਸਭ ਤੋਂ ਪਹਿਲਾ ਪੂਰਾ ਕਰਨ ’ਤੇ ਜਗਰਾਓਂ ਦੇ ਬੀਐੱਲਓ ਹਰਪ੍ਰੀਤ ਸਿੰਘ ਅਤੇ ਕੁਲਦੀਪ ਸਿੰਘ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰੀ ਡਿਊਟੀ ’ਤੇ ਪਹਿਰਾ ਦੇਣਾ ਹਰ ਇੱਕ ਮੁਲਾਜ਼ਮ ਦਾ ਫ਼ਰਜ਼ ਹੁੰਦਾ ਹੈ ਪਰ ਉਸ ਤੋਂ ਅੱਗੇ ਜਾ ਕੇ ਜੀਜਾਨ ਅਤੇ ਲਗਨ ਨਾਲ ਇਸ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣਾ ਵੱਡਾ ਸ਼ਲਾਘਾਯੋਗ ਕੰਮ ਹੈ। ਜਿਸ ਨੂੰ ਉਕਤ ਦੋਵਾਂ ਬੀਐੱਲਓਜ਼ ਨੇ ਬਾਖੂਬੀ ਨਾਲ ਨਿਭਾਉਂਦਿਆਂ ਹੋਰਾਂ ਨੂੰ ਵੀ ਪ੍ਰੇਰਿਤ ਕੀਤਾ ਹੈ। ਉਨ੍ਹਾਂ ਸਪੈਸ਼ਲ ਇੰਟੈਸਿਵ ਰਿਵੀਜ਼ਨ 2026 ਦੇ ਅਗਲੇਰੇ ਟੀਚਿਆਂ ਨੂੰ ਵੀ ਬੀਐੱਲਓਜ਼ ਨੂੰ ਪੂਰੀ ਲਗਨ ਨਾਲ ਪੂਰਾ ਕਰਨ ਦੀ ਅਪੀਲ ਕੀਤੀ।