ਫੈਕਟਰੀ ਗਾਰਡ ਦੀ ਬਹਾਦਰੀ ਨਾਲ ਵਾਰਦਾਤ ਨੂੰ ਅੰਜਾਮ ਦੇਣ ਆਏ ਦੋ ਬਾਈਕ ਸਵਾਰ ਕਾਬੂ, ਲੋਕਾਂ ਨੇ ਖੰਭੇ ਨਾਲ ਬੰਨ੍ਹ ਕੇ ਕੀਤੀ ਕੁੱਟਮਾਰ
ਰੌਲਾ ਸੁਣ ਕੇ ਇਕੱਠੇ ਹੋਏ ਲੋਕਾਂ ਨੇ ਦੋਵਾਂ ਨੂੰ ਫੜ ਲਿਆ ਅਤੇ ਬਿਜਲੀ ਦੇ ਖੰਭੇ ਨਾਲ ਰੱਸੀ ਨਾਲ ਬੰਨ੍ਹ ਦਿੱਤਾ। ਇਸ ਦੌਰਾਨ ਗੁੱਸੇ ਵਿੱਚ ਆਏ ਲੋਕਾਂ ਵੱਲੋਂ ਦੋਵਾਂ ਨਾਲ ਕੁੱਟਮਾਰ ਵੀ ਕੀਤੀ ਗਈ।ਜਾਣਕਾਰੀ ਮੁਤਾਬਕ ਦੋਵੇਂ ਬਾਈਕ ਸਵਾਰ ਪਹਿਲਾਂ ਫੈਕਟਰੀ ਦੇ ਬਾਹਰ ਰੁਕੇ ਅਤੇ ਆਲੇ-ਦੁਆਲੇ ਦੇ ਹਾਲਾਤ ’ਤੇ ਨਜ਼ਰ ਮਾਰੀ। ਇਸ ਤੋਂ ਬਾਅਦ ਮੋਟਰਸਾਈਕਲ ’ਤੇ ਪਿੱਛੇ ਬੈਠਾ ਵਿਅਕਤੀ ਹੇਠਾਂ ਉਤਰਿਆ ਅਤੇ ਚੁੱਪਚਾਪ ਫੈਕਟਰੀ ਅੰਦਰ ਦਾਖਲ ਹੋ ਗਿਆ।
Publish Date: Sat, 22 Aug 2026 07:47 PM (IST)
Updated Date: Sun, 23 Aug 2026 12:16 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਇੰਡਸਟਰੀਅਲ ਏਰੀਆ ਏ ਵਿੱਚ ਫੈਕਟਰੀ ਅੰਦਰੋਂ ਸਾਮਾਨ ਚੋਰੀ ਕਰਕੇ ਮੋਟਰਸਾਈਕਲ ’ਤੇ ਫਰਾਰ ਹੋਣ ਦੀ ਕੋਸ਼ਿਸ਼ ਕਰ ਰਹੇ ਦੋ ਬਾਈਕ ਸਵਾਰ ਮੁਲਜ਼ਮਾਂ ਨੂੰ ਇੱਕ ਚੌਕਸ ਫੈਕਟਰੀ ਗਾਰਡ ਦੀ ਦਲੇਰੀ ਕਾਰਨ ਮੌਕੇ ’ਤੇ ਹੀ ਕਾਬੂ ਕਰ ਲਿਆ ਗਿਆ। ਗਾਰਡ ਨੇ ਚੋਰੀ ਕਰਕੇ ਭੱਜ ਰਹੇ ਮੁਲਜ਼ਮਾਂ ਦਾ ਪਿੱਛਾ ਕਰਦਿਆਂ ਉਨ੍ਹਾਂ ਦੀ ਮੋਟਰਸਾਈਕਲ ਨੂੰ ਧੱਕਾ ਮਾਰ ਦਿੱਤਾ, ਜਿਸ ਕਾਰਨ ਬਾਈਕ ਬੇਕਾਬੂ ਹੋ ਕੇ ਸੜਕ ’ਤੇ ਪਲਟ ਗਈ ਅਤੇ ਦੋਵੇਂ ਮੁਲਜ਼ਮ ਚੋਰੀ ਕੀਤੇ ਸਾਮਾਨ ਵਾਲੇ ਡੱਬੇ ਸਮੇਤ ਹੇਠਾਂ ਡਿੱਗ ਪਏ।
ਰੌਲਾ ਸੁਣ ਕੇ ਇਕੱਠੇ ਹੋਏ ਲੋਕਾਂ ਨੇ ਦੋਵਾਂ ਨੂੰ ਫੜ ਲਿਆ ਅਤੇ ਬਿਜਲੀ ਦੇ ਖੰਭੇ ਨਾਲ ਰੱਸੀ ਨਾਲ ਬੰਨ੍ਹ ਦਿੱਤਾ। ਇਸ ਦੌਰਾਨ ਗੁੱਸੇ ਵਿੱਚ ਆਏ ਲੋਕਾਂ ਵੱਲੋਂ ਦੋਵਾਂ ਨਾਲ ਕੁੱਟਮਾਰ ਵੀ ਕੀਤੀ ਗਈ। ਜਾਣਕਾਰੀ ਮੁਤਾਬਕ ਦੋਵੇਂ ਬਾਈਕ ਸਵਾਰ ਪਹਿਲਾਂ ਫੈਕਟਰੀ ਦੇ ਬਾਹਰ ਰੁਕੇ ਅਤੇ ਆਲੇ-ਦੁਆਲੇ ਦੇ ਹਾਲਾਤ ’ਤੇ ਨਜ਼ਰ ਮਾਰੀ। ਇਸ ਤੋਂ ਬਾਅਦ ਮੋਟਰਸਾਈਕਲ ’ਤੇ ਪਿੱਛੇ ਬੈਠਾ ਵਿਅਕਤੀ ਹੇਠਾਂ ਉਤਰਿਆ ਅਤੇ ਚੁੱਪਚਾਪ ਫੈਕਟਰੀ ਅੰਦਰ ਦਾਖਲ ਹੋ ਗਿਆ।
ਕੁਝ ਸਮੇਂ ਬਾਅਦ ਉਹ ਇੱਕ ਡੱਬਾ ਲੈ ਕੇ ਬਾਹਰ ਆਇਆ। ਦੋਵੇਂ ਮੁਲਜ਼ਮ ਚੋਰੀ ਕੀਤਾ ਸਾਮਾਨ ਮੋਟਰਸਾਈਕਲ ’ਤੇ ਰੱਖ ਕੇ ਫਰਾਰ ਹੋਣ ਦੀ ਤਿਆਰੀ ਕਰਨ ਲੱਗ ਪਏ। ਇਸੇ ਦੌਰਾਨ ਫੈਕਟਰੀ ਗਾਰਡ ਦੀ ਨਜ਼ਰ ਉਨ੍ਹਾਂ ’ਤੇ ਪੈ ਗਈ। ਗਾਰਡ ਨੇ ਬਿਨਾਂ ਦੇਰ ਕੀਤੇ ਦੋਵਾਂ ਦਾ ਪਿੱਛਾ ਸ਼ੁਰੂ ਕਰ ਦਿੱਤਾ। ਭੱਜ ਰਹੇ ਮੁਲਜ਼ਮਾਂ ਦੇ ਪਿੱਛੇ ਪਹੁੰਚ ਕੇ ਗਾਰਡ ਨੇ ਮੋਟਰਸਾਈਕਲ ਨੂੰ ਜ਼ੋਰਦਾਰ ਧੱਕਾ ਮਾਰਿਆ, ਜਿਸ ਨਾਲ ਬਾਈਕ ਆਪਣਾ ਸੰਤੁਲਨ ਗੁਆ ਬੈਠੀ ਅਤੇ ਸੜਕ ’ਤੇ ਡਿੱਗ ਗਈ।
ਮੋਟਰਸਾਈਕਲ ’ਤੇ ਸਵਾਰ ਦੋਵੇਂ ਮੁਲਜ਼ਮ ਵੀ ਸੜਕ ’ਤੇ ਜਾ ਡਿੱਗੇ ਅਤੇ ਉਨ੍ਹਾਂ ਵੱਲੋਂ ਚੋਰੀ ਕੀਤਾ ਗਿਆ ਸਾਮਾਨ ਵੀ ਉੱਥੇ ਹੀ ਡਿੱਗ ਗਿਆ। ਗਾਰਡ ਵੱਲੋਂ ਰੌਲਾ ਪਾਉਣ ’ਤੇ ਆਲੇ ਦੁਆਲੇ ਦੀਆਂ ਫੈਕਟਰੀਆਂ ਦੇ ਕਾਮੇ ਅਤੇ ਰਾਹਗੀਰ ਵੀ ਮੌਕੇ ’ਤੇ ਪਹੁੰਚ ਗਏ। ਭੀੜ ਨੇ ਦੋਵਾਂ ਮੁਲਜ਼ਮਾਂ ਨੂੰ ਮੌਕੇ ਤੋਂ ਭੱਜਣ ਨਹੀਂ ਦਿੱਤਾ ਅਤੇ ਉਨ੍ਹਾਂ ਨੂੰ ਕਾਬੂ ਕਰਕੇ ਨੇੜੇ ਲੱਗੇ ਬਿਜਲੀ ਦੇ ਖੰਭੇ ਨਾਲ ਰੱਸੀਆਂ ਦੀ ਮਦਦ ਨਾਲ ਬੰਨ੍ਹ ਦਿੱਤਾ। ਇਸ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਦੋਵਾਂ ਨਾਲ ਕੁੱਟਮਾਰ ਵੀ ਕੀਤੀ।
ਘਟਨਾ ਦੀ ਸੂਚਨਾ ਜਨਕਪੁਰੀ ਪੁਲਿਸ ਚੌਕੀ ਤੱਕ ਪਹੁੰਚਣ ’ਤੇ ਪੁਲਿਸ ਟੀਮ ਤੁਰੰਤ ਮੌਕੇ ’ਤੇ ਪਹੁੰਚੀ। ਪੁਲਿਸ ਨੇ ਭੀੜ ਦੇ ਕਬਜ਼ੇ ਵਿੱਚੋਂ ਦੋਵਾਂ ਮੁਲਜ਼ਮਾਂ ਨੂੰ ਛੁਡਵਾ ਕੇ ਆਪਣੀ ਹਿਰਾਸਤ ਵਿੱਚ ਲੈ ਲਿਆ। ਘਟਨਾ ਵਿੱਚ ਵਰਤੀ ਗਈ ਮੋਟਰਸਾਈਕਲ ਵੀ ਪੁਲਿਸ ਨੇ ਕਬਜ਼ੇ ਵਿੱਚ ਲੈ ਲਈ ਹੈ।
ਫੈਕਟਰੀ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਚੋਰੀ ਤੋਂ ਲੈ ਕੇ ਮੁਲਜ਼ਮਾਂ ਦੇ ਫਰਾਰ ਹੋਣ ਅਤੇ ਗਾਰਡ ਵੱਲੋਂ ਉਨ੍ਹਾਂ ਨੂੰ ਰੋਕਣ ਤੱਕ ਦੀ ਪੂਰੀ ਘਟਨਾ ਕੈਦ ਹੋ ਗਈ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਦੋਵਾਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।