ਗਊ ਸਮੱਗਲਿੰਗ ਦੀ ਵੱਡੀ ਕੋਸ਼ਿਸ਼ ਨਾਕਾਮ: ਗਊ ਰੱਖਿਆ ਦਲ ਦੇ ਪਿੱਛਾ ਕਰਨ 'ਤੇ ਪਿਕਅੱਪ ਛੱਡ ਕੇ ਭੱਜੇ ਤਸਕਰ, ਜੰਮੂ-ਕਸ਼ਮੀਰ ਲਿਜਾਏ ਜਾ ਰਹੇ ਸਨ ਪਸ਼ੂ
ਪੁਲਿਸ ਨੂੰ ਦਿੱਤੇ ਬਿਆਨ ਵਿੱਚ ਗਊ ਰੱਖਿਆ ਦਲ ਦੇ ਕੌਮੀ ਪ੍ਰਧਾਨ ਗੁਰਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ, ਵਾਸੀ ਨਿਊ ਪ੍ਰੋਫੈਸਰ ਕਲੋਨੀ, ਜਲਾਲਪੁਰ ਨੇ ਦੱਸਿਆ ਕਿ ਉਹ ਆਪਣੇ ਸਾਥੀ ਮਾਨਿਕ ਗੋਇਲ ਨਾਲ ਨਿੱਜੀ ਕਾਰ ਰਾਹੀਂ ਲਾਡੋਵਾਲ ਵੱਲ ਜਾ ਰਿਹਾ ਸੀ। ਦੱਖਣੀ ਬਾਈਪਾਸ ’ਤੇ ਪਹੁੰਚਣ ਦੌਰਾਨ ਉਸ ਨੂੰ ਸੂਚਨਾ ਮਿਲੀ ਕਿ ਚਿੱਟੇ ਰੰਗ ਦੀ ਮਹਿੰਦਰਾ ਪਿਕਅਪ ’ਚ ਪਸ਼ੂ ਲੱਦ ਕੇ ਕੱਟਣ ਦੇ ਮਕਸਦ ਨਾਲ ਜੰਮੂ-ਕਸ਼ਮੀਰ ਵੱਲ ਲਿਜਾਏ ਜਾ ਰਹੇ ਹਨ।
Publish Date: Fri, 11 Sep 2026 12:36 PM (IST)
Updated Date: Fri, 11 Sep 2026 12:40 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਕੱਟਣ ਦੇ ਮਕਸਦ ਨਾਲ ਇੱਕ ਗਊ ਅਤੇ ਤਿੰਨ ਢੱਡਿਆਂ ਨੂੰ ਪਿਕਅਪ ਗੱਡੀ ’ਚ ਲੱਦ ਕੇ ਜੰਮੂ-ਕਸ਼ਮੀਰ ਲਿਜਾਣ ਦੀ ਸੂਚਨਾ ਮਿਲਣ ’ਤੇ ਗਊ ਰੱਖਿਆ ਦਲ ਦੇ ਮੈਂਬਰਾਂ ਨੇ ਗੱਡੀ ਦਾ ਪਿੱਛਾ ਕੀਤਾ। ਪਿੱਛਾ ਕੀਤੇ ਜਾਣ ਦਾ ਪਤਾ ਲੱਗਦਿਆਂ ਹੀ ਪਿਕਅਪ ਸਵਾਰ ਦੋ ਅਣਪਛਾਤੇ ਵਿਅਕਤੀ ਪਿੰਡ ਬਿਲਗਾ ਦੇ ਇਲਾਕੇ ’ਚ ਗੱਡੀ ਛੱਡ ਕੇ ਫਰਾਰ ਹੋ ਗਏ। ਪੁਲਿਸ ਨੇ ਗੱਡੀ ਨੂੰ ਕਬਜ਼ੇ ’ਚ ਲੈ ਕੇ ਉਸ ’ਚੋਂ ਇੱਕ ਗਊ ਅਤੇ ਤਿੰਨ ਢੱਡੇ, ਕੁੱਲ ਚਾਰ ਪਸ਼ੂ ਬਰਾਮਦ ਕੀਤੇ ਹਨ।
ਪੁਲਿਸ ਨੂੰ ਦਿੱਤੇ ਬਿਆਨ ਵਿੱਚ ਗਊ ਰੱਖਿਆ ਦਲ ਦੇ ਕੌਮੀ ਪ੍ਰਧਾਨ ਗੁਰਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ, ਵਾਸੀ ਨਿਊ ਪ੍ਰੋਫੈਸਰ ਕਲੋਨੀ, ਜਲਾਲਪੁਰ ਨੇ ਦੱਸਿਆ ਕਿ ਉਹ ਆਪਣੇ ਸਾਥੀ ਮਾਨਿਕ ਗੋਇਲ ਨਾਲ ਨਿੱਜੀ ਕਾਰ ਰਾਹੀਂ ਲਾਡੋਵਾਲ ਵੱਲ ਜਾ ਰਿਹਾ ਸੀ। ਦੱਖਣੀ ਬਾਈਪਾਸ ’ਤੇ ਪਹੁੰਚਣ ਦੌਰਾਨ ਉਸ ਨੂੰ ਸੂਚਨਾ ਮਿਲੀ ਕਿ ਚਿੱਟੇ ਰੰਗ ਦੀ ਮਹਿੰਦਰਾ ਪਿਕਅਪ ’ਚ ਪਸ਼ੂ ਲੱਦ ਕੇ ਕੱਟਣ ਦੇ ਮਕਸਦ ਨਾਲ ਜੰਮੂ-ਕਸ਼ਮੀਰ ਵੱਲ ਲਿਜਾਏ ਜਾ ਰਹੇ ਹਨ।
ਸੂਚਨਾ ਮਿਲਣ ਤੋਂ ਬਾਅਦ ਗਊ ਰੱਖਿਆ ਦਲ ਦੇ ਮੈਂਬਰ ਬਾਈਪਾਸ ’ਤੇ ਗੱਡੀ ਦੀ ਉਡੀਕ ਕਰਨ ਲੱਗੇ। ਕੁਝ ਸਮੇਂ ਬਾਅਦ ਦੱਸੀ ਗਈ ਪਿਕਅਪ ਗੱਡੀ ਉੱਥੋਂ ਆਉਂਦੀ ਦਿਖਾਈ ਦਿੱਤੀ। ਉਨ੍ਹਾਂ ਨੇ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਚਾਲਕ ਨੇ ਰੁਕਣ ਦੀ ਬਜਾਏ ਗੱਡੀ ਭਜਾ ਲਈ। ਇਸ ਤੋਂ ਬਾਅਦ ਗਊ ਰੱਖਿਆ ਦਲ ਦੇ ਮੈਂਬਰਾਂ ਨੇ ਗੱਡੀ ਦਾ ਪਿੱਛਾ ਸ਼ੁਰੂ ਕਰ ਦਿੱਤਾ।
ਪਿੱਛਾ ਕਰਦਿਆਂ ਜਦੋਂ ਉਹ ਪਿੰਡ ਬਿਲਗਾ ਦੇ ਇਲਾਕੇ ਵਿੱਚ ਥਾਣਾ ਸਾਹਨੇਵਾਲ ਦੀ ਹੱਦ ਅੰਦਰ ਪਹੁੰਚੇ ਤਾਂ ਪਿਕਅਪ ਵਿੱਚ ਸਵਾਰ ਦੋਵੇਂ ਅਣਪਛਾਤੇ ਵਿਅਕਤੀ ਗੱਡੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ। ਗੱਡੀ ਦੀ ਤਲਾਸ਼ੀ ਲੈਣ ’ਤੇ ਉਸ ਵਿੱਚ ਇੱਕ ਗਊ ਅਤੇ ਤਿੰਨ ਢੱਡੇ ਲੱਦੇ ਹੋਏ ਮਿਲੇ।
ਗਊ ਰੱਖਿਆ ਦਲ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਦੋ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਪਸ਼ੂਆਂ ਨੂੰ ਕੱਟਣ ਲਈ ਲਿਜਾਣ ਅਤੇ ਉਨ੍ਹਾਂ ਨਾਲ ਬੇਰਹਿਮੀ ਸਬੰਧੀ ਲਾਗੂ ਕਾਨੂੰਨੀ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਮਹਿੰਦਰਾ ਪਿਕਅਪ ਨੂੰ ਕਬਜ਼ੇ ’ਚ ਲੈ ਲਿਆ ਹੈ ਅਤੇ ਫਰਾਰ ਹੋਏ ਦੋਵੇਂ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕਰਨ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।