- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਖ਼ਬਰ-ਟਰੱਸਟ ਨੇ ਅਟੱਲ ਅਪਾਰਟਮੈਂਟ ਦੇ 160 ਫਲੈਟਾਂ ਦੇ ਅਲਾਟਮੈਂਟ ਲੈਟਰ ਵੰਡੇ

-ਟਰੱਸਟ ਨੇ ਅਟੱਲ ਅਪਾਰਟਮੈਂਟ ਦੇ 160 ਫਲੈਟਾਂ ਦੇ ਵੰਡੇ ਅਲਾਟਮੈਂਟ ਪੱਤਰ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ :
ਸਥਾਨਕ ਨਗਰ ਸੁਧਾਰ ਟਰੱਸਟ ਵੱਲੋਂ ਪੱਖੋਵਾਲ ਰੋਡ ਨੇੜੇ ਸ਼ਹੀਦ ਕਰਨੈਲ ਸਿੰਘ ਨਗਰ ਵਿਖੇ ਅਟੱਲ ਅਪਾਰਟਮੈਂਟ ਪ੍ਰੋਜੈਕਟ ਤਹਿਤ ਤਿਆਰ ਕੀਤੇ ਜਾ ਰਹੇ ਫਲੈਟਾਂ ਦੀ ਅਲਾਟਮੈਂਟ ਪ੍ਰਕਿਰਿਆ ਤਹਿਤ ਸ਼ੁੱਕਰਵਾਰ ਨੂੰ 124 ਐੱਮਆਈਜੀ ਤੇ 36 ਐੱਲਆਈਜੀ ਫਲੈਟਾਂ ਦੇ ਸਫ਼ਲ ਬਿਨੈਕਾਰਾਂ ਨੂੰ ਅਲਾਟਮੈਂਟ ਲੈਟਰ ਵੰਡੇ ਗਏ। ਇਹ ਅਲਾਟਮੈਂਟ ਸਰਕਾਰ ਤੋਂ ਪੁਸ਼ਟੀ ਮਿਲਣ ਉਪਰੰਤ ਕੀਤੀ ਹੈ। ਸਮਾਗਮ ਦੌਰਾਨ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ ਨੇ ਸਮੂਹ ਟਰੱਸਟੀਆਂ ਅਮਨਦੀਪ ਸਿੰਘ ਭੱਠਲ, ਬਲਬੀਰ ਚੌਧਰੀ ਤੇ ਸੰਦੀਪ ਮਿਸ਼ਰਾ ਦੀ ਹਾਜ਼ਰੀ ਵਿੱਚ ਸਫ਼ਲ ਅਲਾਟੀਆਂ ਨੂੰ ਅਲਾਟਮੈਂਟ ਲੈਟਰ ਸੌਂਪੇ। ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਸੁਲਭਾ ਜਿੰਦਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਦੌਰਾਨ ਚੇਅਰਮੈਨ ਭਿੰਡਰ ਨੇ ਅਲਾਟੀਆਂ ਨੂੰ ਦੱਸਿਆ ਕਿ ਪ੍ਰੋਜੈਕਟ ਦਾ ਨਿਰਮਾਣ ਕਾਰਜ ਹੁਣ ਅੰਤਿਮ ਪੜਾਅ ’ਤੇ ਹੈ ਅਤੇ ਫਲੈਟਾਂ ਦੇ ਕਬਜ਼ੇ ਜਲਦ ਹੀ ਅਲਾਟੀਆਂ ਨੂੰ ਸੌਂਪੇ ਜਾਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਅਟੱਲ ਅਪਾਰਟਮੈਂਟ ਪ੍ਰੋਜੈਕਟ ਵਿੱਚ 336 ਐਚਆਈਜੀ ਅਤੇ 240 ਐਮਆਈਜੀ ਫਲੈਟ ਬਣਾਏ ਜਾ ਰਹੇ ਹਨ, ਜਿਨ੍ਹਾਂ ਦਾ ਕੰਮ ਲਗਭਗ ਮੁਕੰਮਲ ਹੋਣ ਵਾਲਾ ਹੈ। ਫਲੈਟਾਂ ਦਾ ਢਾਂਚਾ ਭੂਚਾਲ ਰੋਧੀ ਤਕਨੀਕ ਨਾਲ ਤਿਆਰ ਕੀਤਾ ਜਾ ਰਿਹਾ ਹੈ। ਇਮਾਰਤਾਂ ਵਿਚ ਸਿਉਂਕ ਤੋਂ ਬਚਾਅ ਲਈ ਯੂਪੀਵੀਸੀ ਖਿੜਕੀਆਂ ਲਾਈਆਂ ਜਾ ਰਹੀਆਂ ਹਨ ਤੇ ਨਿਰਮਾਣ ਵਿੱਚ ਉੱਚ ਗੁਣਵੱਤਾ ਵਾਲੀ ਸਮੱਗਰੀ ਦੀ ਵਰਤੋਂ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ। ਪ੍ਰੋਜੈਕਟ ’ਚ ਅਲਾਟੀਆਂ ਲਈ ਪਾਰਕਿੰਗ ਦੀ ਸਹੂਲਤ ਵਾਸਤੇ ਮਲਟੀ-ਸਟੋਰੀ ਟਾਵਰ ਪਾਰਕਿੰਗ ਬਣਾਈ ਜਾ ਰਹੀ ਹੈ।
ਇਸ ਤੋਂ ਇਲਾਵਾ ਲੋਕਾਂ ਦੇ ਸਮਾਜਿਕ ਤੇ ਹੋਰ ਸਮਾਗਮਾਂ ਲਈ ਆਧੁਨਿਕ ਕਮਿਊਨਿਟੀ ਸੈਂਟਰ ਦੀ ਉਸਾਰੀ ਵੀ ਕੀਤੀ ਜਾ ਰਹੀ ਹੈ। ਅਲਾਟੀਆਂ ਨੂੰ ਰੋਜ਼ਾਨਾ ਦੀਆਂ ਲੋੜਾਂ ਲਈ ਮਾਰਕੀਟ ਦੀ ਸਹੂਲਤ ਦੇਣ ਵਾਸਤੇ ਪ੍ਰੋਜੈਕਟ ਵਿੱਚ ਦੁਕਾਨਾਂ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ। ਭਿੰਡਰ ਨੇ ਕਿਹਾ ਕਿ ਨਗਰ ਸੁਧਾਰ ਟਰੱਸਟ ਲੋਕਾਂ ਨੂੰ ਕਿਫਾਇਤੀ ਦਰਾਂ ’ਤੇ ਵਧੀਆ ਪ੍ਰਾਪਰਟੀ ਅਤੇ ਲੁੜੀਂਦੀਆਂ ਜਨਤਕ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਲੋਕਾਂ ਨੂੰ ਕਿਫਾਇਤੀ ਦਰਾਂ ’ਤੇ ਪ੍ਰਾਪਰਟੀ ਮੁਹੱਈਆ ਕਰਵਾਉਣ ਲਈ ਉਪਰਾਲੇ ਜਾਰੀ ਰਹਿਣਗੇ। ਇਸ ਮੌਕੇ ਉਨ੍ਹਾਂ ਸਾਰੇ ਸਫ਼ਲ ਅਲਾਟੀਆਂ ਤੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਧੰਨਵਾਦ ਕੀਤਾ।