ਰਾਈਸ ਹਸਕ ਨਾਲ ਭਰਿਆ ਟਰੱਕ ਵਿਚਕਾਰ ਸੜਕ ’ਤੇ ਪਲਟਿਆ, ਲੱਗਾ ਜਾਮ ਢੋਲੇਵਾਲ ਫਲਾਈਓਵਰ ’ਤੇ ਰਾਈਸ ਹਸਕ ਨਾਲ ਭਰਿਆ ਟਰੱਕ ਵਿਚਕਾਰ ਸੜਕ ’ਤੇ ਪਲਟਿਆ, ਟ੍ਰੈਫ਼ਿਕ ਹੋਈ ਜਾਮ
Publish Date: Thu, 13 Aug 2026 08:17 PM (IST)
Updated Date: Fri, 14 Aug 2026 04:06 AM (IST)
ਚੌਲਾਂ ਦੇ ਛਿਲਕੇ ਸੜਕ ’ਤੇ ਖਿਲਰਨ ਕਾਰਨ ਕਈ ਘੰਟੇ ਫਸੇ ਰਹੇ ਵਾਹਨ ਟ੍ਰੈਫਿਕ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸੰਭਾਲਿਆ ਮੋਰਚਾ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਸ਼ਹਿਰ ਦੀਆਂ ਰੁੱਝੀਆਂ ਸੜਕਾਂ ’ਤੇ ਸਵੇਰ ਦੇ ਸਮੇਂ ਵਾਹਨਾਂ ਦੀ ਭੀੜ ਵਿਚਕਾਰ ਢੋਲੇਵਾਲ ਫਲਾਈਓਵਰ ’ਤੇ ਉਸ ਵੇਲੇ ਹਫੜਾ-ਦਫੜੀ ਮਚ ਗਈ, ਜਦੋਂ ਚੌਲਾਂ ਦੇ ਛਿਲਕਿਆਂ ਨਾਲ ਭਰਿਆ ਭਾਰੀ ਟਰੱਕ ਅਚਾਨਕ ਪਲਟ ਗਿਆ। ਟਰੱਕ ਦੇ ਪਲਟਦੇ ਹੀ ਉਸ ਵਿੱਚ ਲੱਦੇ ਚੌਲਾਂ ਦੇ ਛਿਲਕੇ ਸੜਕ ’ਤੇ ਦੂਰ-ਦੂਰ ਤੱਕ ਖਿਲਰ ਗਏ। ਹਾਦਸੇ ਕਾਰਨ ਫਲਾਈਓਵਰ ਤੋਂ ਲੰਘਣ ਵਾਲਾ ਟ੍ਰੈਫਿਕ ਪ੍ਰਭਾਵਿਤ ਹੋ ਗਿਆ ਅਤੇ ਕੁਝ ਹੀ ਸਮੇਂ ਵਿੱਚ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਜਾਣਕਾਰੀ ਮੁਤਾਬਕ ਟਰੱਕ ਚੌਲਾਂ ਦੇ ਛਿਲਕਿਆਂ ਨਾਲ ਭਰਿਆ ਹੋਇਆ ਸੀ ਅਤੇ ਢੋਲੇਵਾਲ ਫਲਾਈਓਵਰ ਤੋਂ ਲੰਘ ਰਿਹਾ ਸੀ। ਜਿਵੇਂ ਹੀ ਟਰੱਕ ਫਲਾਈਓਵਰ ਦੇ ਮੋੜ ਨੇੜੇ ਪਹੁੰਚਿਆ ਤਾਂ ਕਿਸੇ ਕਾਰਨ ਚਾਲਕ ਵਾਹਨ ’ਤੇ ਕਾਬੂ ਨਹੀਂ ਰੱਖ ਸਕਿਆ। ਇਸ ਤੋਂ ਬਾਅਦ ਟਰੱਕ ਸੜਕ ’ਤੇ ਪਲਟ ਗਿਆ। ਭਾਰੀ ਵਾਹਨ ਦੇ ਪਲਟਣ ਨਾਲ ਉਸ ਵਿੱਚ ਭਰਿਆ ਸਾਰਾ ਰਾਈਸ ਹਸਕ ਸੜਕ ’ਤੇ ਖਿਲਰ ਗਿਆ, ਜਿਸ ਨਾਲ ਫਲਾਈਓਵਰ ਦੀ ਇੱਕ ਲੇਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਮੌਕੇ ’ਤੇ ਪਹੁੰਚ ਗਏ। ਪੁਲਿਸ ਨੇ ਸਥਿਤੀ ਨੂੰ ਕਾਬੂ ਵਿੱਚ ਲੈਂਦਿਆਂ ਪ੍ਰਭਾਵਿਤ ਲੇਨ ਨੂੰ ਬੰਦ ਕਰਕੇ ਬਾਕੀ ਰਸਤੇ ਰਾਹੀਂ ਵਾਹਨਾਂ ਦੀ ਆਵਾਜਾਈ ਜਾਰੀ ਰੱਖੀ। ਇਸ ਦੌਰਾਨ ਫਲਾਈਓਵਰ ’ਤੇ ਟ੍ਰੈਫਿਕ ਦਾ ਦਬਾਅ ਵਧਣ ਕਾਰਨ ਵਾਹਨ ਹੌਲੀ ਰਫ਼ਤਾਰ ਨਾਲ ਲੰਘਦੇ ਰਹੇ ਅਤੇ ਲੋਕਾਂ ਨੂੰ ਕਾਫ਼ੀ ਦੇਰ ਤੱਕ ਜਾਮ ਦਾ ਸਾਹਮਣਾ ਕਰਨਾ ਪਿਆ। ਸੜਕ ਤੋਂ ਹਟਾਇਆ ਗਿਆ ਖਿਲਰਿਆ ਰਾਈਸ ਹਸਕ ਟਰੱਕ ਦੇ ਪਲਟਣ ਤੋਂ ਬਾਅਦ ਸੜਕ ’ਤੇ ਵੱਡੀ ਮਾਤਰਾ ਵਿੱਚ ਚੌਲਾਂ ਦੇ ਛਿਲਕੇ ਫੈਲ ਗਏ ਸਨ। ਇਨ੍ਹਾਂ ਨੂੰ ਹਟਾਉਣ ਲਈ ਸਬੰਧਤ ਵਿਭਾਗ ਦੀਆਂ ਟੀਮਾਂ ਨੂੰ ਮੌਕੇ ’ਤੇ ਬੁਲਾਇਆ ਗਿਆ। ਇਸ ਦੇ ਨਾਲ ਹੀ ਕਰੇਨ ਦੀ ਮਦਦ ਨਾਲ ਪਲਟੇ ਹੋਏ ਟਰੱਕ ਨੂੰ ਸਿੱਧਾ ਕਰਕੇ ਸੜਕ ਦੇ ਇੱਕ ਪਾਸੇ ਕੀਤਾ ਗਿਆ। ਸੜਕ ਦੀ ਸਫ਼ਾਈ ਦਾ ਕੰਮ ਪੂਰਾ ਹੋਣ ਤੋਂ ਬਾਅਦ ਹੀ ਆਵਾਜਾਈ ਨੂੰ ਪੂਰੀ ਤਰ੍ਹਾਂ ਸੁਚਾਰੂ ਕੀਤਾ ਜਾ ਸਕਿਆ। ਗਨੀਮਤ ਰਹੀ, ਟਲਿਆ ਵੱਡਾ ਹਾਦਸਾ ਹਾਦਸੇ ਦੌਰਾਨ ਗਨੀਮਤ ਰਹੀ ਕਿ ਕਿਸੇ ਵਿਅਕਤੀ ਦੀ ਜਾਨ ਨਹੀਂ ਗਈ ਅਤੇ ਨਾ ਹੀ ਕਿਸੇ ਵੱਡੇ ਜਾਨੀ ਨੁਕਸਾਨ ਦੀ ਸੂਚਨਾ ਹੈ। ਜੇਕਰ ਟਰੱਕ ਦੇ ਪਲਟਣ ਸਮੇਂ ਇਸ ਦੇ ਆਲੇ-ਦੁਆਲੇ ਵੱਡੀ ਗਿਣਤੀ ਵਿੱਚ ਵਾਹਨ ਹੁੰਦੇ ਤਾਂ ਹਾਦਸਾ ਹੋਰ ਗੰਭੀਰ ਰੂਪ ਧਾਰ ਸਕਦਾ ਸੀ। ਟਰੱਕ ਪਲਟਣ ਕਾਰਨ ਸਵੇਰ ਦੇ ਰੁੱਝੇ ਸਮੇਂ ਫਲਾਈਓਵਰ ’ਤੇ ਆਵਾਜਾਈ ਪ੍ਰਭਾਵਿਤ ਹੋਣ ਨਾਲ ਦਫ਼ਤਰਾਂ ਅਤੇ ਸਕੂਲਾਂ ਵੱਲ ਜਾਣ ਵਾਲੇ ਲੋਕਾਂ ਨੂੰ ਵੀ ਪ੍ਰੇਸ਼ਾਨੀ ਝੱਲਣੀ ਪਈ। ਟ੍ਰੈਫਿਕ ਪੁਲਿਸ ਨੇ ਮੌਕੇ ’ਤੇ ਸਥਿਤੀ ਨੂੰ ਸੰਭਾਲਦਿਆਂ ਵਾਹਨਾਂ ਨੂੰ ਬਦਲਵੇਂ ਤਰੀਕੇ ਨਾਲ ਕੱਢਿਆ। ਕਈ ਘੰਟਿਆਂ ਦੀ ਕਾਰਵਾਈ ਤੋਂ ਬਾਅਦ ਟਰੱਕ ਨੂੰ ਹਟਾ ਕੇ ਸੜਕ ਤੋਂ ਚੌਲਾਂ ਦੇ ਛਿਲਕੇ ਸਾਫ਼ ਕੀਤੇ ਗਏ, ਜਿਸ ਤੋਂ ਬਾਅਦ ਫਲਾਈਓਵਰ ’ਤੇ ਆਵਾਜਾਈ ਮੁੜ ਆਮ ਹੋ ਗਈ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।