ਮਾਮੂਲੀ ਵਿਵਾਦ ਮਗਰੋਂ ਟਰੱਕ ਚਾਲਕ ਨੇ ਕੀਤਾ ਹਮਲਾ, 10 ਨਾਮਜ਼ਦ
ਮਾਮੂਲੀ ਵਿਵਾਦ ਮਗਰੋਂ ਟਰੱਕ ਡਰਾਈਵਰ ਨੇ ਨੌਜਵਾਨ ਉਪਰ ਕੀਤਾ ਹਮਲਾ
Publish Date: Wed, 18 Feb 2026 08:59 PM (IST)
Updated Date: Thu, 19 Feb 2026 04:12 AM (IST)

ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਸੜਕ ’ਤੇ ਹੋਏ ਮਾਮੂਲੀ ਵਿਵਾਦ ਮਗਰੋਂ ਟਰੱਕ ਦੇ ਚਾਲਕ ਨੇ ਨੌਜਵਾਨ ਤੇ ਉਸ ਦੇ ਦੋਸਤ ਉੱਪਰ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਵਾਰਦਾਤ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਜਮਾਲਪੁਰ ਪੁਲਿਸ ਨੇ ਕੁੱਟਮਾਰ ਦਾ ਸ਼ਿਕਾਰ ਹੋਏ 33 ਫੁੱਟਾ ਰੋਡ ਮੁੰਡੀਆਂ ਕਲਾਂ ਵਾਸੀ ਗੁਰਪ੍ਰੀਤ ਸਿੰਘ ਗੋਪੀ ਦੇ ਬਿਆਨ ਉੱਪਰ ਸਤਬੀਰ ਸਿੰਘ ਭਿੰਡਰ, ਰਾਹੁਲ, ਕਮਲ, ਧੀਰਜ ਸੇਵਕ, ਕਰਨ, ਕੁਲਵਿੰਦਰ ਸਿੰਘ ਤੇ ਉਨ੍ਹਾਂ ਦੇ ਚਾਰ ਅਣਪਛਾਤੇ ਸਾਥੀਆਂ ਖਿਲਾਫ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕਰ ਦਿੱਤਾ ਹੈ। ਗੁਰਪ੍ਰੀਤ ਸਿੰਘ ਗੋਪੀ ਮੁਤਾਬਕ ਉਹ ਆਪਣੇ ਦੋਸਤ ਮੋਂਟੀ ਤੇ ਅਨਮੋਲ ਨਾਲ ਆਟੋ ਕਾਰ ’ਚ ਸਵਾਰ ਹੋ ਕੇ ਆਪਣੇ ਕਿਸੇ ਕੰਮ ਲਈ ਜਾ ਰਿਹਾ ਸੀ ਇਸ ਦੌਰਾਨ 33 ਫੁੱਟਾ ਰੋਡ ਕੱਚੇ ਰਸਤੇ ਵਿੱਚ ਇੱਕ ਟਰੱਕ ਖੜ੍ਹਾ ਸੀ। ਉਸ ਨੇ ਹਾਰਨ ਮਾਰ ਕੇ ਟਰੱਕ ਚਾਲਕ ਨੂੰ ਆਪਣਾ ਵਾਹਨ ਇੱਕ ਪਾਸੇ ਕਰਨ ਲਈ ਕਿਹਾ ਤਾਂ ਸਤਬੀਰ ਸਿੰਘ ਨੇ ਉਸ ਨਾਲ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਉਸ ਵੇਲੇ ਉਹ ਕਾਰ ’ਚ ਸਵਾਰ ਹੋ ਕੇ ਕੰਮ ਚਲੇ ਗਏ ਅਗਲੇ ਦਿਨ ਸ਼ਿਕਾਇਤਕਰਤਾ ਆਪਣੇ ਦੋਸਤ ਅਨਮੋਲ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਮੁੰਡੀਆਂ ਕਲਾਂ ਪੈਟਰੋਲ ਪੰਪ ਤੇ ਪੈਟਰੋਲ ਪਵਾਉਣ ਗਿਆ ਸੀ। ਇਸ ਦੌਰਾਨ ਮੁਲਜ਼ਮ ਟਰੱਕ ਡਰਾਈਵਰ ਸਤਬੀਰ ਸਿੰਘ ਨੇ ਆਪਣੇ ਬਾਕੀ ਸਾਥੀਆਂ ਨਾਲ ਮਿਲ ਕੇ ਉਨ੍ਹਾਂ ਨੂੰ ਸੜਕ ’ਤੇ ਘੇਰ ਲਿਆ ਅਤੇ ਦਾਤ ਨਾਲ ਉਨ੍ਹਾਂ ਦੇ ਫੱਟ ਮਾਰੇ। ਪੀੜਤ ਨੇ ਜਾਨ ਬਚਾਉਣ ਲਈ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਮੁਲਜ਼ਮ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ।