ਹੈਰੋਇਨ ਦੀ ਸਪਲਾਈ ਦੇਣ ਜਾ ਰਹੀ ‘ਤਿਕੜੀ’ ਗ੍ਰਿਫ਼ਤਾਰ ਪਿਸਤੌਲ ਲੈ ਕੇ ਹੈਰੋਇਨ ਦੀ ਸਪਲਾਈ ਦੇਣ ਜਾ ਰਹੀ ‘ਤਿਕੜੀ’ ਗ੍ਰਿਫ਼ਤਾਰ
Publish Date: Mon, 19 Oct 2026 08:01 PM (IST)
Updated Date: Tue, 20 Oct 2026 04:04 AM (IST)
-ਗ੍ਰਿਫ਼ਤਾਰ ਤਿੰਨਾਂ ਖ਼ਿਲਾਫ਼ ਪਹਿਲਾਂ ਵੀ ਦਰਜ ਹਨ ਕਈ ਮੁਕੱਦਮੇ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਥਾਣਾ ਸਿੱਧਵਾਂ ਬੇਟ ਦੀ ਪੁਲਿਸ ਨੇ ਅਸਲੇ ਦੇ ਦਮ ’ਤੇ ਹੈਰੋਇਨ ਤਸੱਕਰੀ ’ਚ ਸ਼ਾਮਲ ‘ਤਿਕੜੀ’ ਨੂੰ ਦੇਸੀ ਪਿਸਤੌਲ ਅਤੇ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰ ਕੀਤੇ ਤਿੰਨਾਂ ਦੋਸਤਾਂ ਖ਼ਿਲਾਫ਼ ਪਹਿਲਾਂ ਵੀ ਅਸਲਾ ਅਤੇ ਨਸ਼ਾ ਤਸੱਕਰੀ ਸਮੇਤ ਵੱਖ ਵੱਖ ਧਾਰਾਵਾਂ ਤਹਿਤ ਕਈ ਮੁਕੱਦਮੇ ਦਰਜ ਹਨ। ਥਾਣਾ ਸਿੱਧਵਾਂ ਬੇਟ ਦੇ ਮੁਖੀ ਅਮਰਜੀਤ ਸਿੰਘ ਨੇ ਦੱਸਿਆ ਕਿ ਏਐੱਸਆਈ ਗੁਰਸੇਵਕ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਮੁਖਬਰ ਦੀ ਸੂਚਨਾ ’ਤੇ ਨਾਕਾਬੰਦੀ ਦੌਰਾਨ ਇੱਕ ਮੋਟਰਸਾਈਕਲ ’ਤੇ ਆਉਂਦੇ ਤਿੰਨ ਨੌਜਵਾਨਾਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਇੱਕ 315 ਬੋਰ ਦੇਸੀ ਪਿਸਤੌਲ, ਕਾਰਤੂਸ ਅਤੇ 40 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ’ਤੇ ਉਕਤ ਤਿੰਨਾਂ ਗਗਨਦੀਪ ਸਿੰਘ ਉਰਫ ਗੱਗੂ ਪੁੱਤਰ ਬੂਟਾ ਸਿੰਘ ਵਾਸੀ ਗੋਰਸੀਆਂ ਖਾਨ ਮੁਹੰਮਦ, ਸੰਦੀਪ ਸਿੰਘ ਉਰਫ ਸੀਪੂ ਪੁੱਤਰ ਕੁਲਵੰਤ ਸਿੰਘ ਅਤੇ ਆਕਾਸ਼ਦੀਪ ਸਿੰਘ ਉਰਫ ਆਕਾਸ਼ ਪੁੱਤਰ ਸਤਪਾਲ ਸਿੰਘ ਵਾਸੀਆਨ ਭੈਣੀ ਗੁੱਜਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਥਾਣਾ ਮੁਖੀ ਨੇ ਦੱਸਿਆ ਕਿ ਉਕਤ ਤਿੰਨਾਂ ਖ਼ਿਲਾਫ਼ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ। ਜਿਨ੍ਹਾਂ ਵਿਚ ਗਗਨਦੀਪ ’ਤੇ ਅਸਲਾ ਐਕਟ ਸਮੇਤ ਹੋਰ ਧਾਰਾਵਾਂ ਤਹਿਤ ਤਿੰਨ ਮੁਕੱਦਮੇ ਥਾਣਾਂ ਸਿੱਧਵਾਂ ਬੇਟ ਅਤੇ ਥਾਣਾ ਜਗਰਾਓਂ ਵਿਚ ਦਰਜ ਹਨ। ਇਸੇ ਤਰ੍ਹਾਂ ਆਕਾਸ਼ਦੀਪ ਵਿਰੁੱਧ ਥਾਣਾ ਸ਼ਾਹਕੋਟ ਜਲੰਧਰ ਅਤੇ ਥਾਣਾ ਸਿੱਧਵਾਂ ਬੇਟ ਵਿਖੇ 2 ਮੁਕੱਦਮੇ ਦਰਜ ਹਨ, ਜਦਕਿ ਸੰਦੀਪ ਸਿੰਘ ਖ਼ਿਲਾਫ਼ ਨਸ਼ਾ ਤਸੱਕਰੀ ਦਾ ਥਾਣਾ ਸਿੱਧਵਾਂ ਬੇਟ ਵਿਖੇ ਮੁਕੱਦਮਾ ਦਰਜ ਹੈ।