- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਦਯੋਗਪਤੀ ਜੌਗਿੰਦਰ ਸਿੰਘ ਆਹੂਜਾ ਨੂੰ ਅੰਤਿਮ ਅਰਦਾਸ ਮੌਕੇ ਸਮਾਜ ਦੇ ਹਰ ਵਰਗ ਵੱਲੋਂ ਸ਼ਰਧਾਂਜਲੀ

-ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ ਨੇ ਕੀਰਤਨ ਰਾਹੀਂ ਸੰਗਤ ਨੂੰ ਕੀਤਾ ਨਿਹਾਲ
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਬਿੱਗ ਬੈਨ ਗਰੁੱਪ ਦੇ ਸੰਸਥਾਪਕ ਸਵ. ਜੌਗਿੰਦਰ ਸਿੰਘ ਆਹੂਜਾ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦਾ ਭਾਗ, ਸ਼ਰਧਾਂਜਲੀ ਸਮਾਰੋਹ ਤੇ ਅੰਤਿਮ ਅਰਦਾਸ ਐਤਵਾਰ ਨੂੰ ਮਾਡਲ ਟਾਊਨ ਐਕਸਟੈਂਸ਼ਨ ਸਥਿਤ ਗੁਰਦੁਆਰਾ ਸ੍ਰੀ ਸਿੰਘ ਸਭਾ ਵਿਖੇ ਹੋਈ। ਸਮਾਗਮ ਦੌਰਾਨ ਰਾਗੀ ਸਿੰਘਾਂ ਨੇ ਵੈਰਾਗਮਈ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਦੀ ਲਿਵ ਗੁਰੂ ਚਰਨਾਂ ਨਾਲ ਜੋੜੀ। ਇਸ ਮੌਕੇ ਉਦਯੋਗ, ਰਾਜਨੀਤੀ, ਸਮਾਜਿਕ ਤੇ ਧਾਰਮਿਕ ਖੇਤਰਾਂ ਨਾਲ ਸਬੰਧਤ ਵੱਡੀ ਗਿਣਤੀ ’ਚ ਪਤਵੰਤਿਆਂ ਨੇ ਸ਼ਮੂਲੀਅਤ ਕਰਦਿਆਂ ਆਹੂਜਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਅੰਤਿਮ ਅਰਦਾਸ ’ਚ ਪੁੱਜੀਆਂ ਸ਼ਖ਼ਸੀਅਤਾਂ ਨੇ ਸਵ. ਜੋਗਿੰਦਰ ਸਿੰਘ ਆਹੂਜਾ ਦੇ ਪੁੱਤਰ ਤੇਜਵਿੰਦਰ ਸਿੰਘ ਆਹੂਜਾ, ਦਵਿੰਦਰ ਸਿੰਘ ਆਹੂਜਾ, ਜਵਾਈ ਬੇਅੰਤ ਪਾਲ ਸਿੰਘ ਅਤੇ ਪੋਤਿਆਂ ਇਕਜਾਪ ਸਿੰਘ ਤੇ ਪ੍ਰਭਨੂਰ ਸਿੰਘ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਸਿੱਧੂ, ਗੁਰਦੁਆਰਾ ਸ੍ਰੀ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਦੇ ਪ੍ਰਧਾਨ ਇੰਦਰਜੀਤ ਸਿੰਘ ਮੱਕੜ, ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ, ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ, ਏਵਨ ਸਾਈਕਲਜ਼ ਦੇ ਚੇਅਰਮੈਨ ਓਂਕਾਰ ਸਿੰਘ ਪਾਹਵਾ, ਨਿਊ ਸਵੈਨ ਗਰੁੱਪ ਦੇ ਐੱਮਡੀ ਉਪਕਾਰ ਸਿੰਘ ਆਹੂਜਾ, ਬਰੁਣਪ੍ਰੀਤ ਸਿੰਘ, ਗੁਰਮੇਲ ਮੈਡੀਕਲ ਦੇ ਐੱਮਡੀ ਭਗਵਾਨ ਸਿੰਘ, ਫਿਕੋ ਦੇ ਚੇਅਰਮੈਨ ਕੇਕੇ ਸੇਠ, ਪ੍ਰਧਾਨ ਗੁਰਮੀਤ ਸਿੰਘ ਕੁਲਾਰ, ਅਵਤਾਰ ਸਿੰਘ ਭੋਗਲ, ਜਨਰਲ ਸਕੱਤਰ ਮਨਜਿੰਦਰ ਸਿੰਘ ਸਚਦੇਵਾ, ਯੂਸੀਪੀਐੱਮਏ ਦੇ ਪ੍ਰਧਾਨ ਹਰਸਿਮਰਜੀਤ ਸਿੰਘ ਲੱਕੀ, ਚੇਅਰਮੈਨ ਜਤਿੰਦਰ ਮਿੱਤਲ, ਮੁੱਖ ਸਲਾਹਕਾਰ ਰਾਜਿੰਦਰ ਨਾਰੰਗ ਪੱਪੂ, ਢੰਡਾਰੀ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਮੱਕੜ, ਨਰੇਸ਼ ਬਾਂਸਲ, ਅਨਮੋਲ ਬਾਂਸਲ, ਕਾਵਿਤ ਅਗਰਵਾਲ, ਪੁਸ਼ਪਿੰਦਰ ਸਿੰਘ, ਬਚਿੱਤਰ ਸਿੰਘ, ਹਰਜੀਤ ਸਿੰਘ, ਅਮਰਜੀਤ ਸਿੰਘ, ਨਰਿੰਦਰ ਕਪੂਰ, ਕਮਲਜੀਤ ਸਿੰਘ, ਵਿਕਾਸ ਬਾਂਸਲ, ਗੁਰਪ੍ਰੀਤ ਸਿੰਘ ਦੂਆ, ਗੁਰਦੀਪ ਸਿੰਘ ਆਦਿ ਸਮੇਤ ਵੱਡੀ ਗਿਣਤੀ ’ਚ ਉਦਯੋਗਪਤੀ ਤੇ ਸਮਾਜਿਕ ਸ਼ਖ਼ਸੀਅਤਾਂ ਮੌਜੂਦ ਸਨ।
-ਬਾਕਸ-
10 ਸਾਲ ਦੀ ਉਮਰ ਵਿੱਚ ਲੁਧਿਆਣਾ ਆਏ, ਛੋਟੇ ਖੋਖੇ ਤੋਂ ਖੜ੍ਹਾ ਕੀਤਾ ਬਿੱਗ ਬੈਨ ਗਰੁੱਪ
ਸਵ. ਜੌਗਿੰਦਰ ਸਿੰਘ ਆਹੂਜਾ ਨੇ ਆਪਣੀ ਮਿਹਨਤ, ਇਮਾਨਦਾਰੀ ਤੇ ਦੂਰਦਰਸ਼ਤਾ ਦੇ ਬਲ ’ਤੇ ਬਿਗ ਬੈਨ ਗਰੁੱਪ ਨੂੰ ਦੇਸ਼-ਵਿਦੇਸ਼ ਵਿੱਚ ਪਛਾਣ ਦਿਵਾਈ। 1937 ਵਿੱਚ ਮੀਆਂਵਾਲੀ, ਪਾਕਿਸਤਾਨ ਵਿੱਚ ਜਨਮੇ ਆਹੂਜਾ ਨੇ ਵੰਡ ਦਾ ਦਰਦ ਬਚਪਨ ਵਿੱਚ ਹੀ ਝੱਲਿਆ। ਵੰਡ ਦੌਰਾਨ ਉਨ੍ਹਾਂ ਨੇ ਭੀੜ ਵੱਲੋਂ ਆਪਣੇ ਪਿਤਾ ਦੀ ਹੱਤਿਆ ਆਪਣੀਆਂ ਅੱਖਾਂ ਸਾਹਮਣੇ ਹੁੰਦੀ ਦੇਖੀ। ਇਸ ਦਰਦਨਾਕ ਘਟਨਾ ਦਾ ਡੂੰਘਾ ਅਸਰ ਉਨ੍ਹਾਂ ਦੇ ਜੀਵਨ ’ਤੇ ਰਿਹਾ, ਪਰ ਉਨ੍ਹਾਂ ਨੇ ਹਾਲਾਤ ਅੱਗੇ ਹਾਰ ਨਹੀਂ ਮੰਨੀ। ਕਰੀਬ 10 ਸਾਲ ਦੀ ਉਮਰ ਵਿੱਚ ਲੁਧਿਆਣਾ ਆਉਣ ਤੋਂ ਬਾਅਦ ਉਨ੍ਹਾਂ ਨੇ ਵਿਸ਼ਵਕਰਮਾ ਚੌਕ ਵਿੱਚ ਇੱਕ ਛੋਟੇ ਜਿਹੇ ਖੋਖੇ ਤੋਂ ਆਪਣਾ ਕਾਰੋਬਾਰੀ ਸਫ਼ਰ ਸ਼ੁਰੂ ਕੀਤਾ। ਸੀਮਤ ਸਾਧਨਾਂ ਦੇ ਬਾਵਜੂਦ ਮਿਹਨਤ, ਲਗਨ, ਇਮਾਨਦਾਰੀ ਅਤੇ ਦੂਰਦਰਸ਼ਤਾ ਨੂੰ ਆਪਣੀ ਤਾਕਤ ਬਣਾਉਂਦਿਆਂ ਉਨ੍ਹਾਂ ਨੇ ਕਾਰੋਬਾਰ ਨੂੰ ਹੌਲੀ-ਹੌਲੀ ਵਿਸਥਾਰ ਦਿੱਤਾ। ਇਹੀ ਛੋਟਾ ਖੋਖਾ ਅੱਗੇ ਚੱਲ ਕੇ ਬਿਗ ਬੈਨ ਗਰੁੱਪ ਦੇ ਰੂਪ ਵਿੱਚ ਵੱਡੇ ਕਾਰੋਬਾਰੀ ਗਰੁੱਪ ਵਿੱਚ ਤਬਦੀਲ ਹੋ ਗਿਆ। ਉਨ੍ਹਾਂ ਵੱਲੋਂ ਰੱਖੀ ਕਾਰੋਬਾਰੀ ਨੀਂਹ ਨੂੰ ਪੁੱਤਰ ਤੇਜਵਿੰਦਰ ਸਿੰਘ ਆਹੂਜਾ, ਦਵਿੰਦਰ ਸਿੰਘ ਆਹੂਜਾ, ਪੋਤੇ ਸਵ. ਅੰਗਦ ਸਿੰਘ ਆਹੂਜਾ ਅਤੇ ਇਕਜਾਪ ਸਿੰਘ ਆਹੂਜਾ ਨੇ ਅੱਗੇ ਵਧਾਇਆ। ਪਰਿਵਾਰ ਨੇ ਉਨ੍ਹਾਂ ਦੀ ਸੋਚ, ਮਿਹਨਤ ਤੇ ਕਾਰੋਬਾਰੀ ਕਦਰਾਂ-ਕੀਮਤਾਂ ਨੂੰ ਅੱਗੇ ਲਿਜਾਂਦਿਆਂ ਗਰੁੱਪ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਇਆ।
-ਬਾਕਸ-
-ਧਾਰਮਿਕ ਤੇ ਸਮਾਜ ਸੇਵਾ ਦੇ ਕੰਮਾਂ ਨਾਲ ਵੀ ਜੁੜੇ ਰਹੇ
ਕਾਰੋਬਾਰ ਵਿੱਚ ਸਫਲਤਾ ਹਾਸਲ ਕਰਨ ਦੇ ਨਾਲ ਜੌਗਿੰਦਰ ਸਿੰਘ ਆਹੂਜਾ ਧਾਰਮਿਕ ਅਤੇ ਸਮਾਜ ਸੇਵਾ ਦੇ ਕੰਮਾਂ ਨਾਲ ਵੀ ਜੁੜੇ ਰਹੇ। ਉਨ੍ਹਾਂ ਦੀ ਗੁਰਬਾਣੀ ਵਿੱਚ ਡੂੰਘੀ ਆਸਥਾ ਸੀ ਅਤੇ ਉਹ ਅਕਸਰ ਗੁਰਦੁਆਰਾ ਫਲਾਹੀ ਸਾਹਿਬ ਵਿਖੇ ਨਤਮਸਤਕ ਹੁੰਦੇ ਸਨ। ਸਾਦਗੀ, ਨਿਮਰਤਾ ਤੇ ਮਿਲਣਸਾਰ ਸੁਭਾਅ ਉਨ੍ਹਾਂ ਦੀ ਸ਼ਖ਼ਸੀਅਤ ਦੀ ਖਾਸੀਅਤ ਸੀ। ਲੋੜਵੰਦਾਂ ਦੀ ਮਦਦ ਕਰਨਾ ਉਨ੍ਹਾਂ ਦੇ ਜੀਵਨ ਦਾ ਅਹਿਮ ਹਿੱਸਾ ਰਿਹਾ। ਉਨ੍ਹਾਂ ਨੇ ਕਈ ਲੋੜਵੰਦ ਪਰਿਵਾਰਾਂ ਦੀ ਆਰਥਿਕ ਸਹਾਇਤਾ ਕੀਤੀ ਅਤੇ ਲੋੜਵੰਦ ਬੱਚਿਆਂ ਦੇ ਵਿਆਹਾਂ ਵਿੱਚ ਵੀ ਸਹਿਯੋਗ ਦਿੱਤਾ। ਉਨ੍ਹਾਂ ਦਾ ਮੰਨਣਾ ਸੀ ਕਿ ਸਮਾਜ ’ਚ ਸਮਰੱਥ ਵਿਅਕਤੀ ਦੀ ਜ਼ਿੰਮੇਵਾਰੀ ਹੈ ਕਿ ਉਹ ਲੋੜਵੰਦਾਂ ਦੇ ਕੰਮ ਆਵੇ।