- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖਾਲਸਾ ਏਡ ਤੇ ਲਾਇਨਜ਼ ਕਲੱਬ ਇੰਟਰਨੈਸ਼ਨਲ ਵੱਲੋਂ ਵਾਤਾਵਰਣ ਦੀ ਸੰਭਾਲ ਲਈ ਪੌਦੇ ਲਗਾਉਣ ਦੀ ਸੇਵਾ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ
ਵਾਤਾਵਰਣ ਦੀ ਸੰਭਾਲ ਤੇ ਹਰਿਆਵਲ ਨੂੰ ਵਧਾਉਣ ਲਈ ਕੀਤੇ ਜਾ ਰਹੇ ਸਾਂਝੇ ਉਪਰਾਲਿਆਂ ਤਹਿਤ ਖਾਲਸਾ ਏਡ ਤੇ ਲਾਇਨਜ਼ ਕਲੱਬ ਇੰਟਰਨੈਸ਼ਨਲ ਵੱਲੋਂ ਬੂਟੇ ਲਾਉਣ ਦੀ ਸੇਵਾ ਕੀਤੀ। ਇਸ ਸੇਵਾ ਦੌਰਾਨ ਸੰਸਥਾਵਾਂ ਨਾਲ ਜੁੜੇ ਵਲੰਟੀਅਰਾਂ ਤੇ ਅਹੁਦੇਦਾਰਾਂ ਨੇ ਵਧ-ਚੜ੍ਹ ਕੇ ਸ਼ਮੂਲੀਅਤ ਕੀਤੀ ਅਤੇ ਵੱਖ-ਵੱਖ ਕਿਸਮਾਂ ਦੇ ਫਲਦਾਰ ਤੇ ਛਾਂਦਾਰ ਬੂਟੇ ਲਾਏ। ਖ਼ਾਲਸਾ ਏਡ ਦੇ ਸੀਨੀਅਰ ਆਗੂ ਲਖਵੀਰ ਸਿੰਘ ਰਿੰਪਾ ਨੇ ਦੱਸਿਆ ਕਿ ਖ਼ਾਲਸਾ ਏਡ ਤੇ ਲਾਇਨਜ਼ ਕਲੱਬ ਇੰਟਰਨੈਸ਼ਨਲ ਵੱਲੋਂ ਸਮਾਜ ਸੇਵਾ ਦੇ ਵੱਖ-ਵੱਖ ਇਲਾਕਿਆਂ ’ਚ ਲਗਾਤਾਰ ਸੇਵਾ ਕਾਰਜ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਵਾਤਾਵਰਣ ਦੀ ਸੰਭਾਲ ਨੂੰ ਵੀ ਸੇਵਾ ਦਾ ਮਹੱਤਵਪੂਰਨ ਹਿੱਸਾ ਬਣਾਉਂਦਿਆਂ ਬੂਟੇ ਲਾਉਣ ਦਾ ਉਪਰਾਲਾ ਕੀਤਾ ਹੈ। ਅੱਜ ਦੇ ਸਮੇਂ ਵਿੱਚ ਵਾਤਾਵਰਣ ਨੂੰ ਦਰਪੇਸ਼ ਚੁਣੌਤੀਆਂ ਨੂੰ ਦੇਖਦੇ ਹੋਏ ਵੱਧ ਤੋਂ ਵੱਧ ਰੁੱਖ-ਬੂਟੇ ਲਾਉਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਫਲਦਾਰ ਤੇ ਛਾਂਦਾਰ ਬੂਟਿਆਂ ਦਾ ਲੰਗਰ ਲਾਇਆ, ਜਿਸ ਰਾਹੀਂ ਲੋਕਾਂ ਨੂੰ ਬੂਟੇ ਲਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਉਪਰਾਲੇ ਦਾ ਉਦੇਸ਼ ਸਿਰਫ਼ ਬੂਟੇ ਲਾਉਣਾ ਹੀ ਨਹੀਂ, ਸਗੋਂ ਆਮ ਲੋਕਾਂ ’ਚ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਕੁਦਰਤ ਦੀ ਸੰਭਾਲ ਨਾਲ ਜੋੜਨਾ ਵੀ ਹੈ। ਰਿੰਪਾ ਨੇ ਕਿਹਾ ਕਿ ਇੱਕ ਬੂਟਾ ਲਾਉਣਾ ਭਵਿੱਖ ਲਈ ਇੱਕ ਬਿਹਤਰ ਵਾਤਾਵਰਣ ਦੀ ਨੀਂਹ ਰੱਖਣ ਦੇ ਬਰਾਬਰ ਹੈ। ਰੁੱਖ ਸਾਨੂੰ ਸਾਫ਼ ਹਵਾ, ਛਾਂ ਅਤੇ ਕੁਦਰਤੀ ਸੰਤੁਲਨ ਪ੍ਰਦਾਨ ਕਰਦੇ ਹਨ ਤੇ ਧਰਤੀ ਨੂੰ ਹਰਿਆ-ਭਰਿਆ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਲਈ ਹਰ ਵਿਅਕਤੀ ਨੂੰ ਵੱਧ ਤੋਂ ਵੱਧ ਬੂਟੇ ਲਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸੰਭਾਲ ਕਰਨ ਦੀ ਜ਼ਿੰਮੇਵਾਰੀ ਵੀ ਨਿਭਾਉਣੀ ਚਾਹੀਦੀ ਹੈ। ਸਮਾਜ ਸੇਵਾ ਸਿਰਫ਼ ਮਨੁੱਖੀ ਜ਼ਰੂਰਤਾਂ ਤੱਕ ਸੀਮਿਤ ਨਹੀਂ ਹੋਣੀ ਚਾਹੀਦੀ, ਬਲਕਿ ਕੁਦਰਤ ਅਤੇ ਵਾਤਾਵਰਣ ਦੀ ਸੇਵਾ ਵੀ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਜੇਕਰ ਅਸੀਂ ਅੱਜ ਵਾਤਾਵਰਣ ਦੀ ਸੰਭਾਲ ਲਈ ਗੰਭੀਰਤਾ ਨਾਲ ਕਦਮ ਚੁੱਕਦੇ ਹਾਂ, ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਸਾਫ਼, ਸਿਹਤਮੰਦ ਅਤੇ ਹਰਿਆ-ਭਰਿਆ ਵਾਤਾਵਰਣ ਮੁਹੱਈਆ ਕਰਵਾਇਆ ਜਾ ਸਕਦਾ ਹੈ।