ਪ੍ਰਾਪਤ ਜਾਣਕਾਰੀ ਨੂੰ ਆਪਣੇ ਕਿੱਤੇ ’ਚ ਅਪਣਾਉਣ ਸਿਖਿਆਰਥੀ : ਡਾ. ਲਵਲੀਸ਼
ਪ੍ਰਾਪਤ ਜਾਣਕਾਰੀ ਨੂੰ ਆਪਣੇ ਕਿੱਤੇ ਵਿੱਚ ਅਪਣਾਉਣ ਸਿਖਿਆਰਥੀ-ਡਾ. ਲਵਲੀਸ਼
Publish Date: Mon, 23 Feb 2026 06:28 PM (IST)
Updated Date: Tue, 24 Feb 2026 04:08 AM (IST)

ਪਲਵਿੰਦਰ ਸਿੰਘ ਢੁੱਡੀਕੇ,ਪੰਜਾਬੀ ਜਾਗਰਣ ਲੁਧਿਆਣਾ : ਪੀਏਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਨਿਰਦੇਸ਼ਕ ਪਸਾਰ ਸਿੱਖਿਆ ਡਾ.ਮੱਖਣ ਸਿੰਘ ਭੁੱਲਰ ਦੀ ਰਹਿਨੁਮਾਈ ਹੇਠ ਪੰਜਾਬ ਮਧੂ-ਮੱਖੀ ਪਾਲਕਾਂ ਲਈ ਮਧੂ-ਮੱਖੀ ਪਾਲਣ ਸਬੰਧੀ ਅਗਾਂਹਵਧੂ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਕੋਰਸ ਵਿੱਚ 11 ਮਧੂ-ਮੱਖੀ ਪਾਲਕਾਂ ਨੇ ਭਾਗ ਲਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਰੁਪਿੰਦਰ ਕੌਰ, ਸਹਿਯੋਗੀ ਨਿਰਦੇਸ਼ਕ (ਸਕਿੱਲ ਡਿਵੈਲਪਮੈਂਟ) ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਵਿੱਚ ਸਿਖਿਆਰਥੀਆਂ ਨੂੰ ਯੂਨੀਵਰਸਿਟੀ ਦੇ ਮਾਹਿਰਾਂ ਵੱਲੋਂ ਮਧੂ-ਮੱਖੀ ਪਾਲਣ ਕਿੱਤੇ ਦੇ ਪਸਾਰ ਅਤੇ ਵਿਕਾਸ ਸਬੰਧੀ ਭਰਪੂਰ ਜਾਣਕਾਰੀ ਹਾਸਲ ਕਰਨ ਦਾ ਮੌਕਾ ਮਿਲਿਆ। ਇਸ ਮੌਕੇ ’ਤੇ ਕੋਰਸ ਕੋਆਰਡੀਨੇਟਰ ਡਾ. ਪ੍ਰੇਰਨਾ ਕਪਿਲਾ ਨੇ ਕੋਰਸ ਦੀ ਮਹਤੱਤਾ ਬਾਰੇ ਚਾਨਣਾ ਪਾਇਆ। ਕੋਰਸ ਦੇ ਟੈਕਨੀਕਲ ਕੋਆਰਡੀਨੇਟਰ ਕੀਟ ਵਿਗਿਆਨ ਵਿਭਾਗ ਤੋਂ ਡਾ. ਜਸਪਾਲ ਸਿੰਘ ਨੇ ਮਧੂ-ਮੱਖੀ ਕਾਲੋਨੀਆਂ ਦਾ ਵਿਗਿਆਨਕ ਤਰੀਕੇ ਨਾਲ ਪ੍ਰਬੰਧ ਕਰਨ ਬਾਰੇ ਅਤੇ ਮਧੂ-ਮੱਖੀਆਂ ਦੀ ਬਿਮਾਰੀਆਂ ਤੋਂ ਰੋਕਥਾਮ ਬਾਰੇ ਵਿਸ਼ਿਆਂ ਉੱਪਰ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਸਿਖਿਆਰਥੀਆਂ ਨਾਲ ਮਧੂ-ਮੱਖੀ ਦੇ ਪ੍ਰਜਨਣ ਵਾਧੇ ਲਈ ਮਧੂ-ਮੱਖੀਆਂ ਦੀ ਸਹੀ ਚੋਣ ਕਰਨ ਬਾਰੇ, ਰੋਇਲ ਜੈਲੀ ਤਿਆਰ ਕਰਨ, ਸਟੋਰ ਕਰਨ ਅਤੇ ਮੰਡੀਕਰਨ ਕਰਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ| ਡਾ. ਭਾਰਤੀ ਮਹਿੰਦਰੂ ਨੇ ਸ਼ਹਿਦ ਉਤਪਾਦਨ ਵਿੱਚ ਰਾਣੀ ਮੱਖੀ ਦੀ ਅਹਿਮ ਭੂਮਿਕਾ ਬਾਰੇ, ਡਾ. ਅਮਿਤ ਚੌਧਰੀ ਨੇ ਸ਼ਹਿਦ ਦਾ ਸਟਾਕ ਵਧਾਉਣ ਲਈ ਮਧੂ-ਮੱਖੀਆਂ ਦੀ ਸਹੀ ਚੋਣ ਕਰਨ ਬਾਰੇ ਅਤੇ ਮਧੂ-ਮੱਖੀਆਂ ਦੇ ਛੱਤੇ ਦੀ ਸਾਂਭ-ਸਂਭਾਲ ਬਾਰੇ ਅਤੇ ਡਾ. ਰਮਨਦੀਪ ਸਿੰਘ ਨੇ ਸ਼ਹਿਦ ਅਤੇ ਸ਼ਹਿਦ ਤੋਂ ਤਿਆਰ ਹੋਣ ਵਾਲੇ ਪਦਾਰਥਾਂ ਦੇ ਮੰਡੀਕਰਨ ਕਰਨ ਬਾਰੇ ਵਿਸ਼ਿਆਂ ਉੱਪਰ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਖੁਸ਼ਦੀਪ ਧਾਰਨੀ ਨੇ ਸ਼ਹਿਦ ਦੇ ਨਿਰਯਾਤ ਸਬੰਧੀ, ਡਾ. ਸੋਨੀਕਾ ਸ਼ਰਮਾ ਨੇ ਸ਼ਹਿਦ ਦੀ ਖੁਰਾਕੀ ਮਹੱਤਤਾ ਬਾਰੇ ਡਾ. ਜਸਪ੍ਰੀਤ ਕੌਰ ਨੇ ਸ਼ਹਿਦ ਦੀ ਵਰਤੋਂ ਕਰਕੇ ਖਾਦ ਪਦਾਰਥ ਤਿਆਰ ਕਰਨ ਸਬੰਧੀ, ਡਾ. ਐੱਮਐੱਸਆਲਮ ਨੇ ਸ਼ਹਿਦ ਦੀ ਪੈਕਿੰਗ ਸਬੰਧੀ, ਡਾ. ਮਨਮੀਤ ਮਾਨਵ ਨੇ ਸ਼ਹਿਦ ਦੀ ਟੈਸਟਿੰਗ ਤੇ ਸਬੰਧੀ ਜਾਣਕਾਰੀ ਸਾਂਝੀ ਕੀਤੀ। ਡਾ. ਗੁਰਪ੍ਰੀਤ ਕੌਰ, ਹੋਰਟੀਕਲਚਰ ਡਿਵੈੱਲਪਮੈਂਟ ਅਫਸਰ, ਬਾਗਬਾਨੀ ਵਿਭਾਗ ਪੰਜਾਬ, ਲੁਧਿਆਣਾ ਨੇ ਅਗਾਂਹਵਧੂ ਮਧੂ-ਮੱਖੀ ਪਾਲਕਾਂ ਲਈ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਅੰਤ ਵਿੱਚ ਡਾ. ਲਵਲੀਸ਼ ਗਰਗ ਨੇ ਸਾਰੇ ਸਿਖਿਆਰਥੀਆਂ ਦਾ ਅਤੇ ਯੂਨੀਵਰਸਿਟੀ ਦੇ ਵਿਸ਼ਾ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਸਿਖਿਆਰਥੀਆਂ ਨੂੰ ਇਸ ਕੋਰਸ ਉਪਰੰਤ ਪ੍ਰਾਪਤ ਕੀਤੀ ਜਾਣਕਾਰੀ ਨੂੰ ਆਪਣੇ ਕਿੱਤੇ ਵਿੱਚ ਅਪਣਾਉਣ ਦੀ ਸਲਾਹ ਦਿੱਤੀ।