ਦਰਦਨਾਕ ਸੜਕ ਹਾਦਸਾ: ਰੋਟੀ ਖਾਣ ਲਈ ਪੈਦਲ ਜਾ ਰਹੇ ਦੋ ਮਜ਼ਦੂਰਾਂ ਦੀ ਤੇਜ਼ ਰਫ਼ਤਾਰ ਤੇ ਲਾਪਰਵਾਹੀ ਕਾਰਨ ਮੌਤ
ਜਾਣਕਾਰੀ ਅਨੁਸਾਰ ਸੰਦੀਪ ਅਤੇ ਆਤਮਾ ਪ੍ਰਸਾਦ ਰੋਟੀ ਖਾਣ ਲਈ ਪੈਦਲ ਸਾਹਨੇਵਾਲ ਵੱਲ ਜਾ ਰਹੇ ਸਨ। ਜਦੋਂ ਉਹ ਹਾਈਵੇਅ ਇੰਡਸਟਰੀਜ਼, ਦਿੱਲੀ ਰੋਡ, ਸਾਹਨੇਵਾਲ ਸਰਵਿਸ ਰੋਡ ਨੇੜੇ ਪਹੁੰਚੇ ਤਾਂ ਪਿੱਛੋਂ ਆਏ ਇੱਕ ਟੈਂਕਰ ਦੇ ਅਣਪਛਾਤੇ ਡਰਾਈਵਰ ਨੇ ਕਥਿਤ ਤੌਰ ’ਤੇ ਲਾਪਰਵਾਹੀ ਨਾਲ ਵਾਹਨ ਚਲਾਉਂਦਿਆਂ ਦੋਵਾਂ ਨੂੰ ਟੱਕਰ ਮਾਰ ਦਿੱਤੀ।
Publish Date: Mon, 17 Aug 2026 11:22 AM (IST)
Updated Date: Mon, 17 Aug 2026 11:28 AM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਸਾਹਨੇਵਾਲ ’ਚ ਵਾਪਰੇ ਦਰਦਨਾਕ ਸੜਕ ਹਾਦਸੇ ’ਚ ਦੋ ਨੌਜਵਾਨ ਫੈਕਟਰੀ ਮਜ਼ਦੂਰਾਂ ਦੀ ਮੌਤ ਹੋ ਗਈ। ਦੁਪਹਿਰ ਵੇਲੇ ਦੋਵੇਂ ਨੌਜਵਾਨ ਰੋਟੀ ਖਾਣ ਲਈ ਪੈਦਲ ਜਾ ਰਹੇ ਸਨ, ਜਦੋਂ ਹਾਈਵੇਅ ’ਤੇ ਪਿੱਛੋਂ ਆਏ ਇੱਕ ਟੈਂਕਰ ਨੇ ਉਨ੍ਹਾਂ ਨੂੰ ਆਪਣੀ ਲਪੇਟ ’ਚ ਲੈ ਲਿਆ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵਾਂ ਨੇ ਉਸੇ ਥਾਂ ’ਤੇ ਹੀ ਦਮ ਤੋੜ ਦਿੱਤਾ।
ਮ੍ਰਿਤਕਾਂ ਦੀ ਪਛਾਣ ਸੰਦੀਪ (26) ਅਤੇ ਆਤਮਾ ਪ੍ਰਸਾਦ ( 29 ਸਾਲ) ਵਜੋਂ ਹੋਈ ਹੈ। ਦੋਵੇਂ ਆਰਐੱਸ ਇੰਡਸਟਰੀਜ਼, ਜਸਪਾਲ ਬਾਂਗੜ ਰੋਡ, ਢੰਡਾਰੀ ਕਲਾਂ ਵਿਖੇ ਫੈਕਟਰੀ ’ਚ ਕੰਮ ਕਰਦੇ ਸਨ।
ਜਾਣਕਾਰੀ ਅਨੁਸਾਰ ਸੰਦੀਪ ਅਤੇ ਆਤਮਾ ਪ੍ਰਸਾਦ ਰੋਟੀ ਖਾਣ ਲਈ ਪੈਦਲ ਸਾਹਨੇਵਾਲ ਵੱਲ ਜਾ ਰਹੇ ਸਨ। ਜਦੋਂ ਉਹ ਹਾਈਵੇਅ ਇੰਡਸਟਰੀਜ਼, ਦਿੱਲੀ ਰੋਡ, ਸਾਹਨੇਵਾਲ ਸਰਵਿਸ ਰੋਡ ਨੇੜੇ ਪਹੁੰਚੇ ਤਾਂ ਪਿੱਛੋਂ ਆਏ ਇੱਕ ਟੈਂਕਰ ਦੇ ਅਣਪਛਾਤੇ ਡਰਾਈਵਰ ਨੇ ਕਥਿਤ ਤੌਰ ’ਤੇ ਲਾਪਰਵਾਹੀ ਨਾਲ ਵਾਹਨ ਚਲਾਉਂਦਿਆਂ ਦੋਵਾਂ ਨੂੰ ਟੱਕਰ ਮਾਰ ਦਿੱਤੀ।
ਟੱਕਰ ਕਾਰਨ ਦੋਵੇਂ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਅਤੇ ਮੌਕੇ ’ਤੇ ਹੀ ਉਨ੍ਹਾਂ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਟੈਂਕਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਮਾਮਲੇ ਸਬੰਧੀ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਧਾਰਾ 281, 106 ਬੀਐਨਐਸ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਅਣਪਛਾਤੇ ਟੈਂਕਰ ਚਾਲਕ ਦੀ ਪਛਾਣ ਕਰਨ ਅਤੇ ਉਸ ਨੂੰ ਕਾਬੂ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ। ਦੋ ਨੌਜਵਾਨ ਮਜ਼ਦੂਰਾਂ ਦੀ ਮੌਤ ਨਾਲ ਪਰਿਵਾਰਾਂ ਅਤੇ ਸਾਥੀ ਮਜ਼ਦੂਰਾਂ ਵਿੱਚ ਸੋਗ ਦੀ ਲਹਿਰ ਹੈ।