ਜਲੰਧਰ ਬਾਈਪਾਸ ’ਤੇ ਦਰਦਨਾਕ ਹਾਦਸਾ: ਬੱਸ ਦਾ ਪਹੀਆ ਸਿਰ ਉੱਪਰੋਂ ਲੰਘਣ ਕਾਰਨ ਐਕਟਿਵਾ ਸਵਾਰ ਦੀ ਮੌਕੇ ’ਤੇ ਮੌਤ
ਜਦੋਂ ਉਹ ਜਲੰਧਰ ਬਾਈਪਾਸ ਤੋਂ ਜਲੰਧਰ ਰੋਡ ’ਤੇ ਪਹੁੰਚੇ ਤਾਂ ਪਿੱਛੋਂ ਆ ਰਹੀ ਬੱਸ ਨੰਬਰ ਪੀਬੀ-10-ਐਚਐਫ-0345 ਦੇ ਡਰਾਈਵਰ ਨੇ ਕਥਿਤ ਤੌਰ ’ਤੇ ਬੱਸ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਚਲਾਉਂਦਿਆਂ ਉਸ ਦੇ ਲੜਕੇ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਟੱਕਰ ਲੱਗਣ ਕਾਰਨ ਸੁਖਵਿੰਦਰ ਲਾਲ ਐਕਟਿਵਾ ਸਮੇਤ ਸੜਕ ’ਤੇ ਡਿੱਗ ਪਿਆ ਅਤੇ ਬੱਸ ਦਾ ਪਹੀਆ ਉਸ ਦੇ ਸਿਰ ਉੱਪਰੋਂ ਲੰਘ ਗਿਆ। ਇਸ ਹਾਦਸੇ ਵਿੱਚ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਐਕਟਿਵਾ ਵੀ ਕਾਫ਼ੀ ਨੁਕਸਾਨੀ ਗਈ।
Publish Date: Fri, 16 Oct 2026 10:54 AM (IST)
Updated Date: Fri, 16 Oct 2026 11:01 AM (IST)
ਗੌਰਵ ਸਲੂਜਾ, ਪੰਜਾਬੀ ਜਾਗਰਣ, ਲੁਧਿਆਣਾ। ਜਲੰਧਰ ਬਾਈਪਾਸ ਤੋਂ ਜਲੰਧਰ ਰੋਡ ਵੱਲ ਜਾਂਦੇ ਸਮੇਂ ਤੇਜ਼ ਰਫ਼ਤਾਰ ਬੱਸ ਦੀ ਲਪੇਟ ’ਚ ਆਉਣ ਕਾਰਨ ਐਕਟਿਵਾ ਸਵਾਰ 35 ਸਾਲਾ ਵਿਅਕਤੀ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦਾ ਪਹੀਆ ਪੀੜਤ ਦੇ ਸਿਰ ਉੱਪਰੋਂ ਲੰਘ ਗਿਆ। ਹਾਦਸੇ ਵਿੱਚ ਐਕਟਿਵਾ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਥਾਣਾ ਸਲੇਮ ਟਾਬਰੀ ਦੀ ਪੁਲਿਸ ਨੇ ਬੱਸ ਅਤੇ ਉਸ ਦੇ ਅਣਪਛਾਤੇ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਛਿੰਦੋ ਪਤਨੀ ਨਿਰਮਲ ਵਾਸੀ ਕਾਰਾਬਾਰਾ, ਸਲੇਮ ਟਾਬਰੀ, ਲੁਧਿਆਣਾ ਨੇ ਦੱਸਿਆ ਕਿ ਉਸ ਦਾ ਲੜਕਾ ਸੁਖਵਿੰਦਰ ਲਾਲ, ਜਿਸ ਦੀ ਉਮਰ ਕਰੀਬ 35 ਸਾਲ ਸੀ, ਆਪਣੀ ਐਕਟਿਵਾ ’ਤੇ ਸਵਾਰ ਹੋ ਕੇ ਜਾ ਰਿਹਾ ਸੀ। ਉਹ ਵੀ ਆਪਣੇ ਰਿਸ਼ਤੇਦਾਰਾਂ ਨਾਲ ਉਸ ਦੇ ਪਿੱਛੇ ਜਾ ਰਹੀ ਸੀ।
ਜਦੋਂ ਉਹ ਜਲੰਧਰ ਬਾਈਪਾਸ ਤੋਂ ਜਲੰਧਰ ਰੋਡ ’ਤੇ ਪਹੁੰਚੇ ਤਾਂ ਪਿੱਛੋਂ ਆ ਰਹੀ ਬੱਸ ਨੰਬਰ ਪੀਬੀ-10-ਐਚਐਫ-0345 ਦੇ ਡਰਾਈਵਰ ਨੇ ਕਥਿਤ ਤੌਰ ’ਤੇ ਬੱਸ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਚਲਾਉਂਦਿਆਂ ਉਸ ਦੇ ਲੜਕੇ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ।
ਟੱਕਰ ਲੱਗਣ ਕਾਰਨ ਸੁਖਵਿੰਦਰ ਲਾਲ ਐਕਟਿਵਾ ਸਮੇਤ ਸੜਕ ’ਤੇ ਡਿੱਗ ਪਿਆ ਅਤੇ ਬੱਸ ਦਾ ਪਹੀਆ ਉਸ ਦੇ ਸਿਰ ਉੱਪਰੋਂ ਲੰਘ ਗਿਆ। ਇਸ ਹਾਦਸੇ ਵਿੱਚ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਐਕਟਿਵਾ ਵੀ ਕਾਫ਼ੀ ਨੁਕਸਾਨੀ ਗਈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਛਿੰਦੋ ਦੇ ਬਿਆਨਾਂ ਦੇ ਆਧਾਰ ’ਤੇ ਬੱਸ ਅਤੇ ਉਸ ਦੇ ਅਣਪਛਾਤੇ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮੁਲਜ਼ਮ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।