ਦਰਦਨਾਕ ਹਾਦਸਾ : ਕਾਰ ਦੀ ਟੱਕਰ ਤੋਂ ਬਾਅਦ ਸਰਕਾਰੀ ਬੱਸ ਨੇ ਕੁਚਲਿਆ ਵਿਅਕਤੀ, ਪੁੱਤ ਦੇ ਸਾਹਮਣੇ ਪਿਓ ਦੀ ਮੌਤ
ਚੰਡੀਗੜ੍ਹ ਰੋਡ ’ਤੇ ਜੰਡਿਆਲੀ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ ਨੇ ਇੱਕ ਪਰਿਵਾਰ ਦੀਆਂ ਖੁਸ਼ੀਆਂ ਨੂੰ ਗਮ ਵਿੱਚ ਤਬਦੀਲ ਕਰ ਦਿੱਤਾ । ਪਹਿਲਾਂ ਅਣਪਛਾਤੀ ਕਾਰ ਨੇ ਰਾਹਗੀਰ ਨੂੰ ਟੱਕਰ ਮਾਰੀ ਅਤੇ ਉਸ ਤੋਂ ਬਾਅਦ ਪਿੱਛੋਂ ਆ ਰਹੀ ਸਰਕਾਰੀ ਵੋਲਵੋ ਬੱਸ ਨੇ ਉਸ ਨੂੰ ਕੁਚਲ ਦਿੱਤਾ।
Publish Date: Sun, 23 Aug 2026 02:12 PM (IST)
Updated Date: Sun, 23 Aug 2026 02:16 PM (IST)
ਸੁਸ਼ੀਲ ਕੁਮਾਰ ਸ਼ਸ਼ੀ,ਪੰਜਾਬੀ ਜਾਗਰਣ, ਲੁਧਿਆਣਾ : ਚੰਡੀਗੜ੍ਹ ਰੋਡ ’ਤੇ ਜੰਡਿਆਲੀ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ ਨੇ ਇੱਕ ਪਰਿਵਾਰ ਦੀਆਂ ਖੁਸ਼ੀਆਂ ਨੂੰ ਗਮ ਵਿੱਚ ਤਬਦੀਲ ਕਰ ਦਿੱਤਾ । ਪਹਿਲਾਂ ਅਣਪਛਾਤੀ ਕਾਰ ਨੇ ਰਾਹਗੀਰ ਨੂੰ ਟੱਕਰ ਮਾਰੀ ਅਤੇ ਉਸ ਤੋਂ ਬਾਅਦ ਪਿੱਛੋਂ ਆ ਰਹੀ ਸਰਕਾਰੀ ਵੋਲਵੋ ਬੱਸ ਨੇ ਉਸ ਨੂੰ ਕੁਚਲ ਦਿੱਤਾ। ਹਾਦਸੇ ਵਿੱਚ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਦਿਲ ਦਹਿਲਾ ਦੇਣ ਵਾਲਾ ਇਹ ਭਿਆਨਕ ਹਾਦਸਾ ਮ੍ਰਿਤਕ ਦੇ ਬੇਟੇ ਦੇ ਸਾਹਮਣੇ ਵਾਪਰਿਆ।
ਮ੍ਰਿਤਕ ਦੀ ਪਛਾਣ ਮੁੰਨਾ ਲਾਲ ਵਜੋਂ ਹੋਈ ਹੈ। ਉਸ ਦੇ ਪੁੱਤਰ ਵਿਕਾਸ ਕੁਮਾਰ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਬੀਤੀ ਸ਼ਾਮ 4.55 ਵਜੇ ਉਸ ਦੇ ਪਿਤਾ ਕੰਮ ਤੋਂ ਛੁੱਟੀ ਕਰਕੇ ਘਰ ਵਾਪਸ ਆ ਰਹੇ ਸਨ। ਉਹ ਵੀ ਉਨ੍ਹਾਂ ਦੇ ਪਿੱਛੇ ਆ ਰਿਹਾ ਸੀ। ਚੰਡੀਗੜ੍ਹ ਰੋਡ ’ਤੇ ਜੰਡਿਆਲੀ ਨੇੜੇ ਪਹੁੰਚਣ ’ਤੇ ਇੱਕ ਅਣਪਛਾਤੇ ਕਾਰ ਚਾਲਕ ਨੇ ਲਾਪਰਵਾਹੀ ਨਾਲ ਕਾਰ ਚਲਾਉਂਦਿਆਂ ਮੁੰਨਾ ਲਾਲ ਨੂੰ ਟੱਕਰ ਮਾਰ ਦਿੱਤੀ ਅਤੇ ਕਾਰ ਸਮੇਤ ਫਰਾਰ ਹੋ ਗਿਆ।
ਕਾਰ ਦੀ ਟੱਕਰ ਤੋਂ ਬਾਅਦ ਮੁੰਨਾ ਲਾਲ ਸੜਕ ’ਤੇ ਡਿੱਗ ਪਿਆ। ਇਸ ਤੋਂ ਪਹਿਲੋਂ ਕਿ ਵਿਕਾਸ ਆਪਣੇ ਪਿਤਾ ਦੀ ਮਦਦ ਕਰਦਾ ਇਸੇ ਦੌਰਾਨ ਪਿੱਛੋਂ ਆ ਰਹੀ ਚਿੱਟੇ ਰੰਗ ਦੀ ਏਸੀ ਸਰਕਾਰੀ ਵੋਲਵੋ ਬੱਸ ਨੇ ਵੀ ਉਨ੍ਹਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਹਾਦਸਾ ਇੰਨਾ ਡਰਾਉਣਾ ਸੀ ਕਿ ਮੁੰਨਾ ਲਾਲ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਥਾਣਾ ਜਮਾਲਪੁਰ ਪੁਲਿਸ ਨੇ ਵਿਕਾਸ ਕੁਮਾਰ ਦੇ ਬਿਆਨਾਂ ’ਤੇ ਅਣਪਛਾਤੇ ਕਾਰ ਚਾਲਕ ਅਤੇ ਵੋਲਵੋ ਬੱਸ ਚਾਲਕ ਖ਼ਿਲਾਫ਼ ਧਾਰਾ 106, 324(4) ਅਤੇ 281 ਬੀਐਨਐਸ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਫਰਾਰ ਕਾਰ ਚਾਲਕ ਦੀ ਪਛਾਣ ਕਰਨ ਦੇ ਨਾਲ-ਨਾਲ ਵੋਲਵੋ ਬੱਸ ਚਾਲਕ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।