ਤਿੰਨ ਧੀਆਂ ਦੇ ਸਿਰੋਂ ਉੱਠਿਆ ਪਿਤਾ ਦਾ ਸਾਇਆ, ਜਗਰਾਉਂ 'ਚ ਨੌਜਵਾਨ ਦੀ ਮੌਤ ਨਾਲ ਪਰਿਵਾਰ 'ਚ ਚੀਕ-ਚਿਹਾੜਾ; ਪੁਲਿਸ ਜਾਂਚ 'ਚ ਜੁਟੀ ਜਗਰਾਉਂ ਦੇ ਮੁੱਖ ਬੱਸ ਸਟੈਂਡ ਚੌਕ ਵਿੱਚ ਇੱਕ ਨੌਜਵਾਨ ਦੀ ਮੌਤ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਬੱਸ ਸਟੈਂਡ ਚੌਕ ਨੇੜੇ ਕੂੜੇ ਦੇ ਢੇਰ ਕੋਲ ਖੂਨ ਨਾਲ ਲੱਥਪੱਥ ਹਾਲਤ ਵਿੱਚ ਪਏ ਨੌਜਵਾਨ ਦੀ ਪਛਾਣ ਸੁਖਵਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ, ਵਾਸੀ ਪਿੰਡ ਗਗੜਾ, ਜਗਰਾਉਂ ਨੇੜੇ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਤਿੰਨ ਧੀਆਂ ਦਾ ਪਿਤਾ ਅਤੇ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ।
Publish Date: Tue, 27 Oct 2026 02:59 PM (IST)
Updated Date: Tue, 27 Oct 2026 03:03 PM (IST)
ਸੰਵਾਦ ਸਹਿਯੋਗੀ, ਜਗਰਾਉਂ - ਜਗਰਾਉਂ ਦੇ ਮੁੱਖ ਬੱਸ ਸਟੈਂਡ ਚੌਕ ਵਿੱਚ ਇੱਕ ਨੌਜਵਾਨ ਦੀ ਮੌਤ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਬੱਸ ਸਟੈਂਡ ਚੌਕ ਨੇੜੇ ਕੂੜੇ ਦੇ ਢੇਰ ਕੋਲ ਖੂਨ ਨਾਲ ਲੱਥਪੱਥ ਹਾਲਤ ਵਿੱਚ ਪਏ ਨੌਜਵਾਨ ਦੀ ਪਛਾਣ ਸੁਖਵਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ, ਵਾਸੀ ਪਿੰਡ ਗਗੜਾ, ਜਗਰਾਉਂ ਨੇੜੇ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਤਿੰਨ ਧੀਆਂ ਦਾ ਪਿਤਾ ਅਤੇ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ।
ਸਥਾਨਕ ਲੋਕਾਂ ਅਨੁਸਾਰ, ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਨੌਜਵਾਨ ਨੇ ਸਰੀਰ ਦੇ ਗੁਪਤ ਅੰਗਾਂ ਵਿੱਚ ਨਸ਼ੇ ਦੇ ਟੀਕੇ ਲਗਾਏ ਹੋਏ ਸਨ। ਹਾਲਾਂਕਿ, ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਅਤੇ ਪੁਲਿਸ ਜਾਂਚ ਤੋਂ ਬਾਅਦ ਹੀ ਲੱਗ ਸਕੇਗਾ। ਇਸ ਘਟਨਾ ਨੇ ਇੱਕ ਵਾਰ ਫਿਰ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ, ਨਸ਼ਾ ਵਿਰੋਧੀ ਮੁਹਿੰਮਾਂ ਅਤੇ ਨਸ਼ੇ ਦੀ ਲਤ ਵਿੱਚ ਫਸੇ ਨੌਜਵਾਨਾਂ ਦੇ ਇਲਾਜ ਤੇ ਮੁੜ ਵਸੇਬੇ ਦੀਆਂ ਵਿਵਸਥਾਵਾਂ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਜੇਕਰ ਜਨਤਕ ਥਾਵਾਂ ’ਤੇ ਨੌਜਵਾਨ ਨਸ਼ਿਆਂ ਦੀ ਲਪੇਟ ਵਿੱਚ ਆ ਰਹੇ ਹਨ, ਤਾਂ ਇਹ ਵੀ ਸਵਾਲ ਉੱਠਦਾ ਹੈ ਕਿ ਪ੍ਰਸ਼ਾਸਨ ਦੀ ਨਿਗਰਾਨੀ ਅਤੇ ਨਸ਼ਿਆਂ ਨੂੰ ਰੋਕਣ ਦੇ ਪ੍ਰਬੰਧ ਕਿੰਨੇ ਪ੍ਰਭਾਵਸ਼ਾਲੀ ਹਨ।
ਕੀ ਕਹਿਣਾ ਹੈ ਚੌਕੀ ਇੰਚਾਰਜ ਦਾ? ਇਸ ਸਬੰਧੀ ਬੱਸ ਅੱਡਾ ਪੁਲਿਸ ਚੌਕੀ ਦੇ ਇੰਚਾਰਜ ਏਐੱਸਆਈ ਆਤਮਾ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਅਨੁਸਾਰ, ਉਹ ਲੰਬੇ ਸਮੇਂ ਤੋਂ ਬਿਮਾਰ ਰਹਿੰਦਾ ਸੀ ਅਤੇ ਅਕਸਰ ਘਰੋਂ ਬਾਹਰ ਰਹਿੰਦਾ ਸੀ। ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ। ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ ਕਿ ਨੌਜਵਾਨ ਦੀ ਮੌਤ ਨਸ਼ੇ ਕਾਰਨ ਹੋਈ ਹੈ ਜਾਂ ਕਿਸੇ ਵਾਹਨ ਦੀ ਟੱਕਰ ਲੱਗਣ ਕਾਰਨ ਉਸ ਦੀ ਜਾਨ ਗਈ ਹੈ।