- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਨੂੰਮਾਨ ਕਥਾ ਨੂੰ ਲੈ ਕੇ 26 ਤੋਂ 30 ਸਤੰਬਰ ਤੱਕ ਟ੍ਰੈਫਿਕ ਰੂਟ ਪਲਾਨ ਜਾਰੀ

-ਵਰਧਮਾਨ ਚੌਕ ਵੱਲ ਜਾਣ ਵਾਲੇ ਵਾਹਨਾਂ ਲਈ ਕਈ ਥਾਵਾਂ ’ਤੇ ਡਾਇਵਰਜ਼ਨ
ਫ਼ੋਟੋ ਨੰਬਰ-41
ਸੁਸ਼ੀਲ ਕੁਮਾਰ ਸ਼ਸ਼ੀ ਪੰਜਾਬੀ ਜਾਗਰਣ ਲੁਧਿਆਣਾ
ਵਰਧਮਾਨ ਚੌਕ ਵਿਖੇ ਹੋਣ ਵਾਲੇ ਧਾਰਮਿਕ ਸਮਾਗਮ ਹਨੂੰਮਾਨ ਕਥਾ ਨੂੰ ਲੈ ਕੇ ਲੁਧਿਆਣਾ ਟ੍ਰੈਫਿਕ ਪੁਲਿਸ ਵੱਲੋਂ 26 ਤੋਂ 30 ਸਤੰਬਰ 2026 ਤੱਕ ਵਿਸ਼ੇਸ਼ ਟ੍ਰੈਫਿਕ ਰੂਟ ਪਲਾਨ ਜਾਰੀ ਕੀਤਾ ਗਿਆ ਹੈ। ਸਮਾਗਮ ਦੌਰਾਨ ਧ੍ਰੀਰੇਂਦਰ ਸ਼ਾਸ਼ਤਰੀ 5 ਦਿਨ ਹਨੂੰਮਤ ਕਥਾ ਕਰਨਗੇ। ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਪਹੁੰਚਣ ਦੀ ਸੰਭਾਵਨਾ ਨੂੰ ਦੇਖਦਿਆਂ ਵਰਧਮਾਨ ਚੌਕ ਅਤੇ ਆਸਪਾਸ ਦੀਆਂ ਸੜਕਾਂ ’ਤੇ ਆਵਾਜਾਈ ਨੂੰ ਨਿਰਵਿਘਨ ਰੱਖਣ ਲਈ ਵਾਹਨਾਂ ਦੇ ਰੂਟ ਬਦਲੇ ਗਏ ਹਨ।
ਟ੍ਰੈਫਿਕ ਪਲਾਨ ਅਨੁਸਾਰ ਸਮਰਾਲਾ ਚੌਕ, ਟਰਾਂਸਪੋਰਟ ਨਗਰ ਕੱਟ, ਹੀਰਾ ਨਗਰ, ਜਮਾਲਪੁਰ ਲਾਈਟਾਂ ਅਤੇ ਕੋਹਾੜਾ ਚੌਕ ਨੂੰ ਮੁੱਖ ਡਾਇਵਰਜ਼ਨ ਪੁਆਇੰਟ ਬਣਾਇਆ ਗਿਆ ਹੈ। ਆਮ ਆਵਾਜਾਈ ਨੂੰ ਇਨ੍ਹਾਂ ਪੁਆਇੰਟਾਂ ਤੋਂ ਵਿਕਲਪਿਕ ਰਸਤਿਆਂ ਰਾਹੀਂ ਅੱਗੇ ਭੇਜਿਆ ਜਾਵੇਗਾ।
ਇਹ ਰਸਤੇ ਰਹਿਣਗੇ ਡਾਇਵਰਟ
ਸਮਰਾਲਾ ਚੌਕ ਤੋਂ ਅੱਗੇ ਵਰਧਮਾਨ ਚੌਕ ਵੱਲ ਆਉਣ ਵਾਲੀ ਆਵਾਜਾਈ ਨੂੰ ਡਾਇਵਰਟ ਕਰਕੇ ਜਲੰਧਰ ਬਾਈਪਾਸ ਵੱਲੋਂ ਆਉਣ-ਜਾਣ ਵਾਲੇ ਬਦਲਵੇਂ ਰਸਤਿਆਂ ’ਤੇ ਭੇਜਿਆ ਜਾਵੇਗਾ।
ਟਰਾਂਸਪੋਰਟ ਨਗਰ ਕੱਟ ਤੋਂ ਆਵਾਜਾਈ ਨੂੰ ਹੀਰਾ ਨਗਰ ਅਤੇ ਓਸਵਾਲ ਚੌਕ ਵੱਲ ਡਾਇਵਰਟ ਕੀਤਾ ਜਾਵੇਗਾ। ਅੱਗੇ ਸ਼ੇਰਪੁਰ ਚੌਕ ਤੇ ਗਿਆਸਪੁਰਾ ਚੌਕ ਰਾਹੀਂ ਆਵਾਜਾਈ ਜਾਰੀ ਰਹੇਗੀ।
ਜਮਾਲਪੁਰ ਲਾਈਟਾਂ ਤੋਂ ਵਰਧਮਾਨ ਚੌਕ ਵੱਲ ਜਾਣ ਵਾਲੇ ਵਾਹਨਾਂ ਲਈ ਇੱਥੋਂ ਗਿਆਸਪੁਰਾ ਚੌਕ ਵੱਲ ਡਾਇਵਰਜ਼ਨ ਰੂਟ ਰੱਖਿਆ ਗਿਆ ਹੈ।
ਕੋਹਾੜਾ ਚੌਕ ਤੋਂ ਕੋਹਾੜਾ ਵੱਲੋਂ ਆਉਣ ਵਾਲੀ ਆਵਾਜਾਈ ਨੂੰ ਸਾਹਨੇਵਾਲ ਵੱਲ ਡਾਇਵਰਟ ਰੂਟ ਰਾਹੀਂ ਭੇਜਿਆ ਜਾਵੇਗਾ।
ਇਸ ਤੋਂ ਇਲਾਵਾ ਸੰਜੇ ਗਾਂਧੀ ਕੱਟ, ਅੰਮ੍ਰਿਤ ਧਰਮ ਕੰਡਾ ਕੱਟ, ਕੁਆਲਿਟੀ ਚੌਕ, ਚੀਮਾ ਚੌਕ, ਮੰਜੂ ਕੱਟ, ਢੋਲੇਵਾਲ ਚੌਕ, ਵੀਰ ਪੈਲੇਸ ਚੌਕ ਅਤੇ ਯਾਰਡ ਚੌਕ ਸਮੇਤ ਵੱਖ-ਵੱਖ ਰਸਤਿਆਂ ਨੂੰ ਆਮ ਲੋਕਾਂ ਦੀ ਦੋਵੇਂ ਪਾਸੇ ਦੀ ਆਵਾਜਾਈ ਲਈ ਵਰਤਿਆ ਜਾਵੇਗਾ।
ਸ਼ਰਧਾਲੂਆਂ ਲਈ ਪਾਰਕਿੰਗ ਦੇ ਪ੍ਰਬੰਧ
ਸਮਾਗਮ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀਆਂ ਗੱਡੀਆਂ ਲਈ ਗਲਾਡਾ ਗਰਾਊਂਡ, ਮੋਹਿਨੀ ਰਿਜ਼ੋਰਟ, ਐਵਰੈਸਟ ਸਕੂਲ ਆਦਿ ਥਾਵਾਂ ’ਤੇ ਜਨਰਲ ਪਾਰਕਿੰਗ ਦੇ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਸ੍ਰੀ ਰਾਮ ਦਰਬਾਰ ਨੇੜੇ ਵੀਆਈਪੀ ਪਾਰਕਿੰਗ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
ਟ੍ਰੈਫਿਕ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ 26 ਤੋਂ 30 ਸਤੰਬਰ ਦੌਰਾਨ ਵਰਧਮਾਨ ਚੌਕ ਅਤੇ ਸਮਾਗਮ ਵਾਲੇ ਇਲਾਕੇ ਵੱਲ ਜਾਣ ਸਮੇਂ ਜਾਰੀ ਕੀਤੇ ਡਾਇਵਰਜ਼ਨ ਰੂਟਾਂ ਦੀ ਪਾਲਣਾ ਕਰਨ ਅਤੇ ਬਿਨਾਂ ਲੋੜ ਸਮਾਗਮ ਵਾਲੇ ਰਸਤੇ ’ਤੇ ਜਾਣ ਤੋਂ ਗੁਰੇਜ਼ ਕਰਨ, ਤਾਂ ਜੋ ਟ੍ਰੈਫਿਕ ਵਿਵਸਥਾ ਸੁਚਾਰੂ ਬਣੀ ਰਹੇ।