ਵਿਦਿਆਰਥਣਾਂ ਦੀ ਸੁਰੱਖਿਆ ਲਈ ਟ੍ਰੈਫਿਕ ਪੁਲਿਸ ਦਾ ਸਖ਼ਤ ਐਕਸ਼ਨ
ਵਿਦਿਆਰਥਣਾਂ ਦੀ ਸੁਰੱਖਿਆ ਲਈ ਟ੍ਰੈਫਿਕ ਪੁਲਿਸ ਦਾ ਸਖ਼ਤ ਐਕਸ਼ਨ
Publish Date: Mon, 23 Feb 2026 10:18 PM (IST)
Updated Date: Tue, 24 Feb 2026 04:10 AM (IST)

ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ ਲੁਧਿਆਣਾ : ਮਹਾਨਗਰ ਲੁਧਿਆਣਾ ਵਿੱਚ ਵਿਦਿਆਰਥਣਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਕਰਨ ਦੇ ਮਨੋਰਥ ਨਾਲ ਸੋਮਵਾਰ ਨੂੰ ਟ੍ਰੈਫਿਕ ਪੁਲਿਸ ਵੱਲੋਂ ਸਿਵਲ ਲਾਈਨ ਸਥਿਤ ਖਾਲਸਾ ਕਾਲਜ ਫਾਰ ਵੂਮੈਨ ਦੇ ਬਾਹਰ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਸ ਦੌਰਾਨ ਟ੍ਰੈਫਿਕ ਪੁਲਿਸ ਵੱਲੋਂ ਕਾਲਜ ਦੇ ਬਾਹਰ ਬਿਨਾਂ ਕਾਰਨ ਗੇੜੀਆਂ ਮਾਰ ਰਹੇ ਅਤੇ ਖੜ੍ਹੇ ਨੌਜਵਾਨਾਂ ’ਤੇ ਕੜੀ ਨਿਗਰਾਨੀ ਰੱਖੀ ਗਈ। ਇਸ ਦੌਰਾਨ ਬੇਵਜ੍ਹਾ ਕਾਲਜ ਦੇ ਸਾਹਮਣੇ ਘੁੰਮਦੇ ਅਤੇ ਖੜ੍ਹੇ ਮਿਲੇ ਮਿਲੇ ਲੋਕਾਂ ਨੂੰ ਟ੍ਰੈਫਿਕ ਪੁਲਿਸ ਵੱਲੋਂ ਸਖ਼ਤ ਚੇਤਾਵਨੀ ਦਿੱਤੀ ਗਈ। ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਸ਼ਹਿਰ ਵਿੱਚ ਵਿਦਿਅਰਾਥਣਾਂ ਨਾਲ ਛੇੜਛਾੜ ਜਾਂ ਤੰਗ-ਪ੍ਰੇਸ਼ਾਨੀ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਵਿਸ਼ੇਸ਼ ਮੁਹਿੰਮ ਦੀ ਅਗਵਾਈ ਏਡੀਸੀਪੀ ਟ੍ਰੈਫਿਕ ਗੁਰਪ੍ਰੀਤ ਕੌਰ ਪੂਰੇਵਾਲ ਨੇ ਕੀਤੀ ਅਤੇ ਉਨ੍ਹਾਂ ਕਾਲਜ ਦੇ ਬਾਹਰ ਇਹ ਸਾਰੀ ਕਾਰਵਾਈ ਆਪਣੀ ਨਿਗਰਾਨੀ ’ਚ ਕਰਵਾਈ। ਸੋਮਵਾਰ ਨੂੰ ਜਿਵੇਂ ਹੀ ਟ੍ਰੈਫਿਕ ਪੁਲਿਸ ਦੀ ਟੀਮ ਮੌਕੇ ’ਤੇ ਪਹੁੰਚੀ ਤਾਂ ਬਿਨ੍ਹਾਂ ਵਜ੍ਹਾ ਕਾਲਜ ਦੇ ਸਾਹਮਣੇ ਖੜ੍ਹੇ ਕਈ ਨੌਜਵਾਨ ਆਪਣੇ ਵਾਹਨ ਲੈ ਕੇ ਮੌਕੇ ਤੋਂ ਖਿਸਕਣ ਲੱਗ ਪਏ ਜਿਨ੍ਹਾਂ ਨੂੰ ਟ੍ਰੈਫਿਕ ਪੁਲਿਸ ਦੇ ਮੁਲਾਜ਼ਮਾਂ ਨੇ ਪਿੱਛੇ ਜਾ ਕੇ ਰੋਕ ਲਿਆ। ਨੌਜਵਾਨਾਂ ਨੂੰ ਰੋਕ ਕੇ ਕਾਲਜ ਦੇ ਬਾਹਰ ਖੜ੍ਹੇ ਹੋਣ ਦਾ ਕਾਰਨ ਪੁੱਛਿਆ ਤਾਂ ਕੁਝ ਨੌਜਵਾਨ ਬਚਣ ਲਈ ਬਹਾਨੇਬਾਜ਼ੀ ਕਰਨ ਲੱਗੇ, ਪਰ ਕਾਰਵਾਈ ਲਈ ਮੌਕੇ ’ਤੇ ਪਹੁੰਚੀ ਟੀਮ ਵੱਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਅਤੇ ਨਿਯਮਾਂ ਦੀ ਉਲੰਘਣਾ ਕਰਨ ’ਤੇ ਚਾਲਾਨ ਕੀਤੇ ਗਏ। ਇਸ ਕਾਰਵਾਈ ਦੌਰਾਨ ਇਕ ਥਾਰ ਗੱਡੀ ਦੇ ਕਾਲੇ ਸ਼ੀਸ਼ੇ ਤੋਂ ਫਿਲਮ ਵੀ ਉਤਾਰਵਾਈ ਗਈ। ਇਸ ਵਿਸ਼ੇਸ਼ ਮੁਹਿੰਮ ਦੌਰਾਨ ਟ੍ਰੈਫਿਕ ਪੁਲਿਸ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ 24 ਲੋਕਾਂ ਦੇ ਚਾਲਾਨ ਵੀ ਕੱਟੇ ਗਏ। ਇਨ੍ਹਾਂ ’ਚ ਬਿਨਾਂ ਹੈਲਮੈਟ ਵਾਹਨ ਚਲਾਉਣਾ, ਗਲਤ ਪਾਰਕਿੰਗ, ਤੇਜ਼ ਰਫ਼ਤਾਰ ਅਤੇ ਮੋਡੀਫਾਈਡ ਸਾਇਲੈਂਸਰ ਲਗਾਉਣ ਵਾਲਿਆਂ ਦੇ ਟ੍ਰੈਫਿਕ ਨਿਯਮਾਂ ਦੀ ਉਲੰਘਣ ਦੇ ਚਾਲਾਨ ਸ਼ਾਮਲ ਸਨ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਵਿਦਿਆਥਣਾਂ ਵਿੱਚ ਸੁਰੱਖਿਆ ਦੀ ਭਾਵਨਾਂ ਪੈਦਾ ਕਰਨ ਲਈ ਅਜਿਹੀਆਂ ਕਾਰਵਾਈਆਂ ਅੱਗੇ ਵੀ ਲਗਾਤਾਰ ਜਾਰੀ ਰਹਿਣਗੀਆਂ। ਇਸ ਤੋਂ ਇਲਾਵਾ ਟ੍ਰੈਫਿਕ ਪੁਲਿਸ ਦੀ ਟੀਮ ਵੱਲੋਂ ਕਾਲਜ ਦੇ ਬਾਹਰ ਲੱਗੀਆਂ ਰੇਹੜੀਆਂ ਦੀ ਵੀ ਜਾਂਚ ਕੀਤੀ ਗਈ ਤਾਂ ਜੋ ਰੇਹੜੀਆਂ ਵਾਲਿਆਂ ਵੱਲੋਂ ਮੌਕੇ ’ਤੇ ਕੋਈ ਨਸ਼ੀਲਾ ਜਾਂ ਗੈਰਕਾਨੂੰਨੀ ਸਾਮਾਨ ਨਾ ਵੇਚਿਆ ਜਾ ਰਿਹਾ ਹੋਵੇ। ਇਸ ਦੌਰਾਨ ਦੁਕਾਨਦਾਰਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਲਈ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ।