ਨਿਯਮਾਂ ਦੀ ਉਲੰਘਣਾ ਕਰਨ ’ਤੇ ਟਰੈਫਿਕ ਪੁਲਿਸ ਨੇ ਇਕ ਦਿਨ ’ਚ ਕੱਟੇ 1972 ਚਲਾਨ
ਨਿਯਮ ਤੋੜਨ ਵਾਲਿਆਂ ਤੇ ਟਰੈਫਿਕ ਪੁਲਿਸ ਦੀ ਸਖਤੀ, ਇੱਕ ਦਿਨ ’ਚ ਕੱਟੇ 1972 ਚਲਾਨ
Publish Date: Fri, 19 Jun 2026 08:04 PM (IST)
Updated Date: Sat, 20 Jun 2026 04:09 AM (IST)

-ਬਿਨਾਂ ਹੈਲਮੇਟ ਵਾਹਨ ਚਾਲਕ ਸਭ ਤੋਂ ਵੱਧ ਨਿਸ਼ਾਨੇ ’ਤੇ, ਰੈੱਡ ਲਾਈਟ ਜੰਪ ਕਰਨ ’ਤੇ ਵਰਤੀ ਸਖ਼ਤੀ ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ, ਲੁਧਿਆਣਾ ਮਹਾਨਗਰ ਦੀਆਂ ਸੜਕਾਂ ’ਤੇ ਟਰੈਫਿਕ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਟਰੈਫਿਕ ਪੁਲਿਸ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਵੱਡੀ ਕਾਰਵਾਈ ਕੀਤੀ ਗਈ। ਪੁਲਿਸ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਟਰੈਫਿਕ ਪੁਲਿਸ ਵੱਲੋਂ ਇਕ ਦਿਨ ਵਿਚ ਨਿਯਮਾਂ ਦੀਆਂ ਵੱਖ-ਵੱਖ ਉਲੰਘਣਾਵਾਂ ਦੇ ਮਾਮਲਿਆਂ ’ਚ ਕੁੱਲ 1972 ਚਲਾਨ ਕੀਤੇ ਗਏ। ਇਸ ਦੌਰਾਨ ਚਲਾਨਾਂ ਦੀ ਸਭ ਤੋਂ ਵੱਧ ਕਾਰਵਾਈ ਬਿਨ੍ਹਾਂ ਹੈਲਮੇਟ ਵਾਹਨ ਚਲਾਉਣ ਵਾਲਿਆਂ ਖ਼ਿਲਾਫ਼ ਹੋਈ, ਜਿਨ੍ਹਾਂ ਦੇ ਟਰੈਫਿਕ ਪੁਲਿਸ ਵੱਲੋਂ 613 ਚਲਾਨ ਕੀਤੇ ਗਏ। ਇਸ ਤੋਂ ਇਲਾਵਾ ਰੈੱਡ ਲਾਈਟ ਦੀ ਉਲੰਘਣਾ ਕਰਨ ਵਾਲੇ 234, ਗਲਤ ਸਾਈਡ ਡਰਾਈਵਿੰਗ ਕਰਨ ਵਾਲੇ 173, ਟ੍ਰਿੱਪਲ ਰਾਈਡਿੰਗ ਦੇ 167, ਗਲਤ ਪਾਰਕਿੰਗ ਦੇ 136 ਅਤੇ ਓਵਰ ਸਪੀਡ ਵਾਹਨ ਚਲਾਉਣ ਵਾਲਿਆਂ ਦੇ 113 ਚਲਾਨ ਕੀਤੇ ਗਏ। ਇਸ ਦੇ ਨਾਲ ਬਿਨ੍ਹਾਂ ਨੰਬਰ ਪਲੇਟ ਵਾਲੇ 64 ਵਾਹਨ, ਸੀਟ ਬੈਲਟ ਨਾ ਲਗਾਉਣ ਵਾਲੇ 46 ਚਾਲਕਾਂ, ਵਾਹਨਾਂ ’ਤੇ ਬਲੈਕ ਫਿਲਮ ਲਗਾਉਣ ਵਾਲੇ 30, ਡਰਾਈਵਿੰਗ ਦੌਰਾਨ ਮੋਬਾਈਲ ਦੀ ਵਰਤੋਂ ਕਰਨ ਵਾਲੇ 23, ਪ੍ਰੈਸ਼ਰ ਹਾਰਨ ਵਰਤਣ ਵਾਲੇ 5 ਤੇ ਮੋਡੀਫਾਈਡ ਸਾਇਲੈਂਸਰ ਵਾਲੇ ਮੋਟਰਸਾਈਕਲ ਚਾਲਕਾਂ ਦੇ 2 ਚਲਾਨ ਵੀ ਸ਼ਾਮਲ ਹਨ। ਲੁਧਿਆਣਾ ਸ਼ਹਿਰ ਦੀਆਂ ਸੜਕਾਂ ’ਤੇ ਵਾਹਨ ਚਲਾਉਦਿਆਂ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਪੁਲਿਸ ਵੱਲੋਂ ਵੱਖ-ਵੱਖ ਜ਼ੋਨਾਂ ਤਹਿਤ ਆਉਂਦੀਆਂ ਸੜਕਾਂ ਤੇ ਚੌਕਾਂ ’ਚ ਨਾਕਾਬੰਦੀ ਕਰ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾ ਕੇ ਇਹ ਕਾਰਵਾਈ ਕੀਤੀ ਜਾ ਰਹੀ ਹੈ। ਇਸ ਵਿਸ਼ੇਸ਼ ਸਖਤੀ ਸਬੰਧੀ ਟਰੈਫਿਕ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਸੜਕ ਹਾਦਸਿਆਂ ਨੂੰ ਘਟਾਉਣ ਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਨਾਉਣ ਲਈ ਇਹ ਵਿਸ਼ੇਸ਼ ਕਾਰਵਾਈ ਕੀਤੀ ਜਾ ਰਹੀ ਹੈ। ਨਿਯਮਾਂ ਦੀ ਪਾਲਣਾ ਕਰਨ ਵਾਲੇ ਵਾਹਨ ਚਾਲਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ। ਟਰੈਫਿਕ ਪੁਲਿਸ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵਾਹਨ ਚਲਾਉਂਦੇ ਸਮੇਂ ਹੈਲਮੈਟ ਅਤੇ ਸੀਟ ਬੈਲਟ ਵਰਤਣ ਦੇ ਨਾਲ-ਨਾਲ ਰੈੱਡ ਲਾਈਟ ਤੇ ਰੁਕਣਾ ਯਕੀਨੀ ਬਣਾਉਣ। ਅਧਿਕਾਰੀਆਂ ਦਾ ਕਹਿਣਾ ਹੈ ਕਿ ਆਪਣੀ ਤੇ ਦੂਜਿਆਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਵਾਹਨ ਚਲਾਉਣ ਸਮੇਂ ਗਲਤ ਸਾਈਡ ਡਰਾਈਵਿੰਗ ਤੋਂ ਬਚਣ ਦੇ ਨਾਲ ਨਾਲ ਨਿਰਧਾਰਤ ਗਤੀ ਸੀਮਾ ਅਨੁਸਾਰ ਹੀ ਵਾਹਨ ਚਲਾਉਣ, ਤਾਂ ਜੋ ਸੜਕਾਂ ਨੂੰ ਸੁਰੱਖਿਅਤ ਬਣਾਇਆ ਜਾ ਸਕੇ।