
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅਹਿਮ ਖ਼ਬਰ-ਮਹਾਂਨਗਰ ਲੁਧਿਆਣਾ ’ਚ ਮੁੱਖ ਸੜਕਾਂ ਤੇ ਚੌਂਕਾਂ ’ਚ ਲੱਗਣ ਵਾਲਾ ਜ਼ਾਮ ਰੋਜ਼ਾਨਾ ਦੀ ਸਮੱਸਿਆ ਬਣਿਆ

-89 ਬਲੈਕ ਸਪਾਟ ਚਿੰਨ੍ਹਿਤ, ਚਲਾਨ ਹੋਣ ਦੇ ਬਾਵਜੂਦ ਸ਼ਾਮ ਵੇਲੇ ਜਾਮ ਵੀ ਨਹੀਂ ਥੰਮ੍ਹ ਰਿਹਾ
ਜਗਜੀਤ ਜੰਡੂ, ਪੰਜਾਬੀ ਜਾਗਰਣ ਲੁਧਿਆਣਾ
ਉਦਯੋਗਿਕ ਸ਼ਹਿਰ ਲੁਧਿਆਣਾ ਵਿੱਚ ਸ਼ਾਮ ਹੁੰਦੇ ਹੀ ਮੁੱਖ ਸੜਕਾਂ ਅਤੇ ਚੌਕਾਂ ’ਤੇ ਲੱਗਣ ਵਾਲਾ ਟ੍ਰੈਫਿਕ ਜਾਮ ਹੁਣ ਰੋਜ਼ਾਨਾ ਦੀ ਸਮੱਸਿਆ ਬਣ ਚੁੱਕਾ ਹੈ। ਪਰ ਜਾਮ ਦਾ ਕਾਰਨ ਸਿਰਫ਼ ਵਧ ਰਹੀ ਵਾਹਨਾਂ ਦੀ ਗਿਣਤੀ ਨਹੀਂ ਹੈ। ਗਲਤ ਪਾਰਕਿੰਗ, ਗਲਤ ਪਾਸੇ ਡਰਾਈਵਿੰਗ, ਸ਼ਰਾਬ ਪੀ ਕੇ ਵਾਹਨ ਚਲਾਉਣਾ ਅਤੇ ਵਧ ਹਾਦਸਿਆਂ ਵਾਲੇ ਬਲੈਕ ਸਪਾਟ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਲਈ ਵੱਡੀ ਚੁਣੌਤੀ ਬਣੇ ਹੋਏ ਹਨ।
ਲੁਧਿਆਣਾ ਪੁਲਿਸ ਕਮਿਸ਼ਨਰੇਟ ਖੇਤਰ ਵਿੱਚ ਸਾਲ 2025 ਦੌਰਾਨ ਕੁੱਲ 89 ਐਕਸੀਡੈਂਟ ਬਲੈਕ ਸਪਾਟ ਚਿੰਨ੍ਹਿਤ ਕੀਤੇ ਗਏ ਸਨ। ਇਨ੍ਹਾਂ ਵਿੱਚ 71 ਪੁਰਾਣੇ ਅਤੇ 18 ਨਵੇਂ ਬਲੈਕ ਸਪਾਟ ਸ਼ਾਮਲ ਸਨ। ਇਹ ਗਿਣਤੀ ਸੜਕ ਸੁਰੱਖਿਆ ਦੀ ਗੰਭੀਰ ਸਥਿਤੀ ਵੱਲ ਇਸ਼ਾਰਾ ਕਰਦੀ ਹੈ। ਪ੍ਰਸ਼ਾਸਨ ਵੱਲੋਂ ਇਨ੍ਹਾਂ ਥਾਵਾਂ ਨੂੰ ਸੁਧਾਰਨ ਲਈ ਸਬੰਧਤ ਵਿਭਾਗਾਂ ਨੂੰ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ, ਪਰ ਇਨ੍ਹਾਂ ਸਥਾਨਾਂ ’ਤੇ ਟ੍ਰੈਫਿਕ ਆਵਾਜਾਈ ਅਤੇ ਸੜਕ ਸੁਰੱਖਿਆ ਲਈ ਲਗਾਤਾਰ ਨਿਗਰਾਨੀ ਦੀ ਲੋੜ ਬਣੀ ਹੋਈ ਹੈ।
ਸ਼ਹਿਰ ਦੇ ਭੀੜ ਵਾਲੇ ਬਾਜ਼ਾਰਾਂ ਅਤੇ ਮੁੱਖ ਸੜਕਾਂ ’ਤੇ ਸੜਕ ਕਿਨਾਰੇ ਵਾਹਨ ਖੜ੍ਹੇ ਕਰਨ ਨਾਲ ਟ੍ਰੈਫਿਕ ਦੀ ਰਫ਼ਤਾਰ ਪ੍ਰਭਾਵਿਤ ਹੁੰਦੀ ਹੈ। ਕਈ ਥਾਵਾਂ ’ਤੇ ਵਾਹਨ ਸੜਕ ਦੀ ਇੱਕ ਲੇਨ ਘੇਰ ਲੈਂਦੇ ਹਨ, ਜਿਸ ਕਾਰਨ ਸੜਕ ਦੀ ਸਮਰੱਥਾ ਘੱਟ ਜਾਂਦੀ ਹੈ। ਸ਼ਾਮ ਦੇ ਜਿਆਦਾ ਟ੍ਰੈਫ਼ਿਕ ਵਾਲੇ ਸਮੇਂ ਦੌਰਾਨ ਜਦੋਂ ਪਹਿਲਾਂ ਹੀ ਵਾਹਨਾਂ ਦਾ ਦਬਾਅ ਵਧ ਜਾਂਦਾ ਹੈ, ਤਾਂ ਇਹ ਪਾਰਕਿੰਗ ਕੁੱਝ ਮਿੰਟਾਂ ਦੇ ਟ੍ਰੈਫਿਕ ਦਬਾਅ ਨੂੰ ਲੰਬੇ ਜਾਮ ਵਿੱਚ ਬਦਲ ਦਿੰਦੀ ਹੈ।
ਇਸ ਦੇ ਨਾਲ ਰੌਂਗ-ਸਾਈਡ ਡਰਾਈਵਿੰਗ ਅਤੇ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਵੀ ਜਾਮ ਅਤੇ ਹਾਦਸਿਆਂ ਦਾ ਖਤਰਾ ਵਧਾਉਂਦੀ ਹੈ। ਸਾਲ 2024 ਵਿੱਚ ਲੁਧਿਆਣਾ ਪੁਲਿਸ ਵੱਲੋਂ 1,43,774 ਵਾਹਨ ਚਾਲਕਾਂ ਦੇ ਚਲਾਨ ਕੀਤੇ ਗਏ ਸਨ। ਸਾਲ 2026 ਵਿੱਚ 3 ਲੱਖ 7 ਹਜ਼ਾਰ ਚਾਲਕਾਂ ਦੇ ਚਲਾਨ ਕੀਤੇ ਗਏ। ਜਦਕਿ ਜੂਨ 2026 ਤੱਕ 66079 ਈ ਚਲਾਨ ਕੱਟੇ ਗਏ ਹਨ। ਇਨ੍ਹਾਂ ਵਿੱਚ ਗਲਤ ਪਾਰਕਿੰਗ ਅਤੇ ਰੌਂਗ-ਸਾਈਡ ਡਰਾਈਵਿੰਗ ਸਮੇਤ ਵੱਖ-ਵੱਖ ਟ੍ਰੈਫਿਕ ਉਲੰਘਣਾਵਾਂ ਸ਼ਾਮਲ ਸਨ।
-ਬਾਕਸ-
-ਸ਼ਰਾਬ ਪੀ ਕੇ ਡਰਾਈਵਿੰਗ ’ਤੇ ਵੀ ਨਜ਼ਰ ਜ਼ਰੂਰੀ
ਸ਼ਾਮ ਅਤੇ ਰਾਤ ਦੇ ਸਮੇਂ ਟ੍ਰੈਫਿਕ ਦਬਾਅ ਦੇ ਨਾਲ ਸ਼ਰਾਬ ਪੀ ਕੇ ਵਾਹਨ ਚਲਾਉਣਾ ਸੜਕ ਸੁਰੱਖਿਆ ਲਈ ਇੱਕ ਹੋਰ ਚੁਣੌਤੀ ਹੈ। ਭਾਵੇਂ ਕਿ ਲੁਧਿਆਣਾ ਨੇ ਸ਼ਹਿਰ ਵਿੱਚ ਡਰੰਕ ਡਰਾਈਵਿੰਗ ਦੇ ਚਲਾਨ ਕੀਤੇ ਗਏ ਸਨ। ਇਸ ਲਈ ਮੁੱਖ ਬਾਜ਼ਾਰਾਂ, ਵੱਧ ਟ੍ਰੈਫਿਕ ਵਾਲੇ ਚੌਕਾਂ ਅਤੇ ਰਾਤ ਸਮੇਂ ਭੀੜ ਵਾਲੇ ਇਲਾਕਿਆਂ ਵਿੱਚ ਪੀਕ ਆਵਰਜ਼ ਦੌਰਾਨ ਨਿਯਮਤ ਬ੍ਰੈਥ ਐਨਾਲਾਈਜ਼ਰ ਜਾਂਚ ਜ਼ਰੂਰੀ ਹੈ।
-ਬਾਕਸ-
ਬਲੈਕ ਸਪਾਟ ਦੀ ਪਛਾਣ ਤੋਂ ਬਾਅਦ ਅਗਲਾ ਕਦਮ ਕੀ?
ਬਲੈਕ ਸਪਾਟ ਦੀ ਪਛਾਣ ਸਮੱਸਿਆ ਨੂੰ ਸਮਝਣ ਦਾ ਪਹਿਲਾ ਕਦਮ ਹੈ। ਇਸ ਤੋਂ ਬਾਅਦ ਇਨ੍ਹਾਂ ਥਾਵਾਂ ’ਤੇ ਸੜਕ ਦੀ ਬਣਤਰ, ਰੋਸ਼ਨੀ, ਸਾਈਨ ਬੋਰਡ, ਲੇਨ ਮਾਰਕਿੰਗ, ਪੈਦਲ ਯਾਤਰੀਆਂ ਦੀ ਆਵਾਜਾਈ, ਸਿਗਨਲ ਟਾਈਮਿੰਗ ਅਤੇ ਪਾਰਕਿੰਗ ਵਿਵਸਥਾ ਦੀ ਸਮੀਖਿਆ ਜ਼ਰੂਰੀ ਹੈ। ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ’ਤੇ ਬਲੈਕ ਸਪਾਟ ਸੁਧਾਰਨ ਦੇ ਨਿਰਦੇਸ਼ ਦਿੱਤੇ ਜਾਂਦੇ ਰਹੇ ਹਨ, ਪਰ ਇਨ੍ਹਾਂ ਦੇ ਸਥਾਈ ਹੱਲ ਦੀ ਨਿਯਮਤ ਸਮੀਖਿਆ ਵੀ ਲਾਜ਼ਮੀ ਹੈ। ਨਗਰ ਨਿਗਮ ਦੀ ਰੋਡ ਸੇਫਟੀ ਅਸੈਸਮੈਂਟ ਵਿੱਚ ਵੀ ਸ਼ਹਿਰ ਦੇ 12 ਹਾਈ-ਰਿਸਕ ਐਕਸੀਡੈਂਟ ਸਥਾਨ ਚਿੰਨ੍ਹਿਤ ਕੀਤੇ ਗਏ ਸਨ। ਇਸ ਤੋਂ ਸਪੱਸ਼ਟ ਹੈ ਕਿ ਟ੍ਰੈਫਿਕ ਜਾਮ ਅਤੇ ਸੜਕ ਸੁਰੱਖਿਆ ਇੱਕ-ਦੂਜੇ ਨਾਲ ਜੁੜੇ ਹੋਏ ਮੁੱਦੇ ਹਨ।