ਮੈਗਾ ਪੀਟੀਐਮ ਦੌਰਾਨ ਟਾਪਰ ਵਿਦਿਆਰਥੀਆਂ ਦਾ ਸਨਮਾਨ
ਮੇਗਾ ਪੀਟੀਐਮ ਦੌਰਾਨ ਟਾਪਰ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਸਨਮਾਨ
Publish Date: Sat, 30 May 2026 08:03 PM (IST)
Updated Date: Sun, 31 May 2026 04:06 AM (IST)

-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਧਨਾਨਸੂ ਵਿੱਚ ਸਮਾਰੋਹ ਕਰਵਾਇਆ --- ਰਵੀ, ਪੰਜਾਬੀ ਜਾਗਰਣ ਲੁਧਿਆਣਾ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਧਨਾਨਸੂ ਵਿੱਚ ਸ਼ਨੀਵਾਰ ਨੂੰ ਮੇਗਾ ਪੀਟੀਐਮ. (ਪੇਰੈਂਟਸ-ਟੀਚਰ ਮੀਟਿੰਗ) ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਮਾਪਿਆਂ, ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਭਾਰੀ ਸ਼ਮੂਲੀਅਤ ਰਹੀ। ਸਮਾਗਮ ਦੌਰਾਨ ਵਿਦਿਆਰਥੀਆਂ ਦੀ ਪੜ੍ਹਾਈ, ਅਕਾਦਮਿਕ ਪ੍ਰਗਤੀ ਅਤੇ ਸਕੂਲ ਦੀਆਂ ਗਤੀਵਿਧੀਆਂ ਸਬੰਧੀ ਮਾਪਿਆਂ ਨਾਲ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਸਾਲਾਨਾ ਪ੍ਰੀਖਿਆਵਾਂ ਵਿੱਚ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਵਿਸ਼ਿਆਂ ਵਿੱਚ ਸਰਵੋਤਮ ਪ੍ਰਦਰਸ਼ਨ ਕਰਨ ਵਾਲੇ ਸਬਜੈਕਟ ਟਾਪਰ ਵਿਦਿਆਰਥੀਆਂ ਨੂੰ ਵੀ ਪ੍ਰਸ਼ੰਸਾ ਪੱਤਰ ਭੇਟ ਕੀਤੇ ਗਏ। ਸਮਾਗਮ ਦੌਰਾਨ ਨੀਤੀ ਆਯੋਗ, ਭਾਰਤ ਸਰਕਾਰ ਵੱਲੋਂ ਸਾਲ 2026 ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਦੇਸ਼ ਵਿੱਚ ਪਹਿਲੇ ਨੰਬਰ ’ਤੇ ਲਿਆਉਣ ਦੇ ਟੀਚੇ ਨੂੰ ਧਿਆਨ ਵਿੱਚ ਰੱਖਦਿਆਂ ਸਕੂਲ ਦੇ ਅਧਿਆਪਕਾਂ ਨੂੰ ਵੀ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ, ਵਿਦਿਆਰਥੀਆਂ ਦੀ ਬਿਹਤਰ ਤਿਆਰੀ ਅਤੇ ਸਕੂਲ ਦੀ ਤਰੱਕੀ ਵਿੱਚ ਪਾਏ ਯੋਗਦਾਨ ਲਈ ਸਨਮਾਨ ਪੱਤਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਇੰਚਾਰਜ ਧਰਮਜੀਤ ਸਿੰਘ ਢਿੱਲੋਂ ਨੇ ਵਿਦਿਆਰਥੀਆਂ ਨੂੰ ਮਿਹਨਤ, ਅਨੁਸ਼ਾਸਨ ਅਤੇ ਲਗਨ ਨਾਲ ਅੱਗੇ ਵਧਣ ਲਈ ਪ੍ਰੇਰਿਤ ਕਰਦਿਆਂ ਮਾਪਿਆਂ ਦਾ ਸਕੂਲ ’ਤੇ ਭਰੋਸਾ ਜਤਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਕੂਲ ਦੀ ਬਿਹਤਰੀ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਅਧਿਆਪਕ ਵਰਗ ਲਗਾਤਾਰ ਯਤਨਸ਼ੀਲ ਹੈ। ਮੇਗਾ ਪੀਟੀਐਮ. ਦੌਰਾਨ ਮਾਪਿਆਂ ਨੇ ਵੀ ਸਕੂਲ ਦੀਆਂ ਗਤੀਵਿਧੀਆਂ ਅਤੇ ਅਧਿਆਪਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਪਰਸਨ ਸੁਨੀਤਾ ਰਾਣੀ, ਮਨਪ੍ਰੀਤ ਕੌਰ, ਜਗਰੂਪ ਕੌਰ, ਸੁਨੀਤਾ ਦੇਵੀ, ਦਿਲਪ੍ਰੀਤ ਕੌਰ, ਧਰਮਵੀਰ ਸਿੰਘ ਸੋਨੀਆ ਸਮੇਤ ਕਮੇਟੀ ਮੈਂਬਰ, ਮਾਪੇ, ਅਧਿਆਪਕ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਮੌਜੂਦ ਰਹੇ। ਇਸ ਦੇ ਨਾਲ ਗੁਰਪ੍ਰੀਤ ਕੌਰ, ਮਨਜੀਤ ਨਾਹਰ, ਦੀਕਸ਼ਾ, ਜਸਵੀਰ ਕੌਰ, ਸੰਤੋਸ਼ ਕੁਮਾਰੀ, ਰਵਿੰਦਰ ਕੌਰ, ਬਦਨਦੀਪ ਕੌਰ ਗਰੇਵਾਲ, ਗਾਰਗੀ, ਸਰੂਚੀ ਜੁਨੇਜਾ, ਲਖਵੀਰ ਸਿੰਘ, ਰਾਜਨ ਕੁਮਾਰ, ਮਿਹਜੀਤ ਸਿੰਘ ਗਿੱਲ, ਬਲਵੰਤ ਸਿੰਘ ਅਤੇ ਅਨਿਲ ਕੁਮਾਰ ਵੀ ਹਾਜ਼ਰ ਰਹੇ। ਸਮਾਗਮ ਦੇ ਅੰਤ ਚ ਸਕੂਲ ਇੰਚਾਰਜ ਧਰਮਜੀਤ ਸਿੰਘ ਢਿੱਲੋਂ ਨੇ ਗ੍ਰਾਮ ਪੰਚਾਇਤ ਅਤੇ ਸਕੂਲ ਮੈਨੇਜਮੈਂਟ ਕਮੇਟੀ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਸਕੂਲ ਦੀ ਬਿਹਤਰੀ ਲਈ ਹਮੇਸ਼ਾ ਵਚਨਬੱਧ ਰਹਿਣਗੇ।