- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1 ਨੰਬਰ ਦੀ ਲੀਡ:ਫੀਲਡ ਗੰਜ ’ਚ ਅੱਗ ਦਾ ਭਿਆਨਕ ਤਾਂਡਵ, ਪਟਾਕਿਆਂ ਦੇ ਧਮਾਕਿਆਂ ਦਰਮਿਆਨ ਨੌਜਵਾਨ ਦੀ ਮੌਤ

-ਦੋ ਮੰਜ਼ਿਲਾ ਇਮਾਰਤ ਦਾ ਡਿੱਗਿਆ ਲੈਂਟਰ, ਕੱਪੜਿਆਂ ਦੇ ਕਾਰੋਬਾਰੀ ਅਦਾਰੇ ’ਚ ਅੱਗ ਲੱਗਣ ਮਗਰੋਂ ਮਚੀ ਤਬਾਹੀ
--ਦੋਵੇਂ ਮੰਜ਼ਿਲਾਂ ’ਤੇ ਪਟਾਕੇ ਰੱਖੇ ਹੋਣ ਦੀ ਗੱਲ ਆਈ ਸਾਹਮਣੇ
--3 ਘੰਟੇ ਤੱਕ ਧਮਾਕਿਆਂ ਨਾਲ ਜੂਝਦੀ ਰਹੀ ਫਾਇਰ ਬ੍ਰਿਗੇਡ
ਫ਼ੋਟੋ ਨੰਬਰ-37, 38, 39, 40, 41, 42
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ
ਫੀਲਡ ਗੰਜ ਦੇ ਭੀੜ-ਭੜੱਕੇ ਵਾਲੇ ਵਪਾਰਕ ਇਲਾਕੇ ਵਿੱਚ ਸ਼ੁੱਕਰਵਾਰ ਦੁਪਹਿਰ ਅੱਗ ਨੇ ਅਜਿਹਾ ਭਿਆਨਕ ਰੂਪ ਧਾਰਿਆ ਕਿ ਕੁੱਝ ਹੀ ਪਲਾਂ ਵਿੱਚ ਖ਼ੁਸ਼ਹਾਲ ਕਾਰੋਬਾਰੀ ਇਲਾਕਾ ਧਮਾਕਿਆਂ, ਧੂੰਏਂ ਤੇ ਚੀਕ-ਚਿਹਾੜੇ ਨਾਲ ਗੂੰਜ ਉੱਠਿਆ। ਗਲੀ ਨੰਬਰ-10 ਸਥਿਤ ਪੁਲਕਿਤ ਫੈਸ਼ਨ ਦੀ ਦੋ ਮੰਜ਼ਿਲਾ ਇਮਾਰਤ ’ਚ ਲੱਗੀ ਅੱਗ ਨੇ ਜਿੱਥੇ ਪੂਰੇ ਇਲਾਕੇ ’ਚ ਦਹਿਸ਼ਤ ਫੈਲਾ ਦਿੱਤੀ, ਉੱਥੇ ਇਸ ਹਾਦਸੇ ਨੇ 26 ਸਾਲਾ ਸਾਹਿਲ ਸਭਰਵਾਲ ਦੀ ਜਾਨ ਵੀ ਲੈ ਲਈ। ਅੱਗ ਦੌਰਾਨ ਇਮਾਰਤ ਦੇ ਅੰਦਰੋਂ ਹੋਏ ਜ਼ੋਰਦਾਰ ਧਮਾਕਿਆਂ ਅਤੇ ਦੂਜੀ ਮੰਜ਼ਿਲ ਦਾ ਲੈਂਟਰ ਡਿੱਗਣ ਕਾਰਨ ਹਾਲਾਤ ਬੇਹੱਦ ਗੰਭੀਰ ਬਣ ਗਏ। ਇਮਾਰਤ ਦੀਆਂ ਦੋਵੇਂ ਮੰਜ਼ਿਲਾਂ ’ਤੇ ਪਟਾਕੇ ਰੱਖੇ ਹੋਣ ਦੀ ਗੱਲ ਸਾਹਮਣੇ ਆਉਣ ਕਾਰਨ ਅੱਗ ਨੇ ਹੋਰ ਵੀ ਖ਼ਤਰਨਾਕ ਰੂਪ ਧਾਰ ਲਿਆ। ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਤੰਗ ਗਲੀ ਤੇ ਲਗਾਤਾਰ ਹੋ ਰਹੇ ਧਮਾਕਿਆਂ ਵਿਚਾਲੇ ਕਰੀਬ ਤਿੰਨ ਘੰਟੇ ਤੱਕ ਜੱਦੋ-ਜਹਿਦ ਕਰਨੀ ਪਈ। ਮ੍ਰਿਤਕ ਸਾਹਿਲ ਸਭਰਵਾਲ ਕੱਪੜਿਆਂ ਦੇ ਕਾਰੋਬਾਰੀ ਅਦਾਰੇ ਦੇ ਮਾਲਕ ਗੋਲਡੀ ਸਭਰਵਾਲ ਦਾ ਭਤੀਜਾ ਸੀ। ਗੋਲਡੀ ਸਭਰਵਾਲ ਅਨੁਸਾਰ ਬਿਜਲੀ ਸਪਲਾਈ ’ਚ ਗੜਬੜ ਹੋਣ ਤੋਂ ਬਾਅਦ ਸਾਹਿਲ ਇਮਾਰਤ ਦੀ ਉੱਪਰਲੀ ਮੰਜ਼ਿਲ ’ਤੇ ਗਿਆ ਸੀ। ਉਨ੍ਹਾਂ ਨੂੰ ਸ਼ੱਕ ਹੈ ਕਿ ਇਨਵਰਟਰ ’ਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗੀ ਹੋ ਸਕਦੀ ਹੈ। ਸਾਹਿਲ ਹਾਲੇ ਉੱਪਰ ਪਹੁੰਚਿਆ ਹੀ ਸੀ ਕਿ ਅਚਾਨਕ ਜ਼ੋਰਦਾਰ ਧਮਾਕਾ ਹੋ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਇਮਾਰਤ ’ਚ ਪਿਛਲੇ ਸਾਲ ਦੇ ਬਚੇ ਹੋਏ ਪਟਾਕੇ ਰੱਖੇ ਹੋਏ ਸਨ। ਪਟਾਕੇ ਜਿਵੇਂ ਹੀ ਅੱਗ ਦੇ ਸੰਪਰਕ ਵਿੱਚ ਆਏ ਹਾਦਸੇ ਨੇ ਭਿਆਨਕ ਰੂਪ ਧਾਰ ਲਿਆ।
ਅੱਗ ਲੱਗਣ ਤੋਂ ਤੁਰੰਤ ਬਾਅਦ ਦੋ ਤੋਂ ਤਿੰਨ ਜ਼ੋਰਦਾਰ ਧਮਾਕੇ ਸੁਣਾਈ ਦਿੱਤੇ। ਮੁੱਢਲੀ ਜਾਣਕਾਰੀ ਅਨੁਸਾਰ ਪਹਿਲੀ ਅਤੇ ਦੂਜੀ ਮੰਜ਼ਿਲ ’ਤੇ ਰੱਖੇ ਪਟਾਕੇ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਫਟਣ ਲੱਗੇ। ਇਸ ਦੌਰਾਨ ਏਅਰ ਕੰਡੀਸ਼ਨਰ ਫਟਣ ਦੀ ਗੱਲ ਵੀ ਸਾਹਮਣੇ ਆਈ ਹੈ। ਅੱਗ ਅਤੇ ਧਮਾਕਿਆਂ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਇਮਾਰਤ ਦੀ ਦੂਜੀ ਮੰਜ਼ਿਲ ਦਾ ਲੈਂਟਰ ਵੀ ਢਹਿ ਗਿਆ। ਇਸ ਕਾਰਨ ਨਾ ਸਿਰਫ਼ ਇਮਾਰਤ ਨੂੰ ਭਾਰੀ ਨੁਕਸਾਨ ਪਹੁੰਚਿਆ, ਸਗੋਂ ਅੰਦਰੂਨੀ ਹਾਲਾਤ ਤੱਕ ਪਹੁੰਚਣਾ ਵੀ ਬੇਹੱਦ ਮੁਸ਼ਕਲ ਹੋ ਗਿਆ।
ਤੰਗ ਗਲੀ ਨੇ ਵਧਾਈਆਂ ਮੁਸ਼ਕਲਾਂ, ਤਿੰਨ ਘੰਟੇ ਤੱਕ ਚੱਲਿਆ ਆਪ੍ਰੇਸ਼ਨ
ਫਾਇਰ ਵਿਭਾਗ ਦੇ ਅਧਿਕਾਰੀ ਦਿਨੇਸ਼ ਕੁਮਾਰ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਦੀ ਤੰਗ ਗਲੀ ਕਾਰਨ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਫਾਇਰ ਮੁਲਾਜ਼ਮਾਂ ਨੂੰ ਪਾਣੀ ਦੀਆਂ ਪਾਈਪਾਂ ਗਲੀ ਦੇ ਅੰਦਰ ਤੱਕ ਲਿਜਾ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਨੀ ਪਈ। ਇਮਾਰਤ ਅੰਦਰੋਂ ਹੋ ਰਹੇ ਧਮਾਕਿਆਂ ਕਾਰਨ ਕਾਰਵਾਈ ਹੋਰ ਵੀ ਚੁਣੌਤੀਪੂਰਨ ਬਣੀ ਰਹੀ। ਕਰੀਬ ਤਿੰਨ ਘੰਟਿਆਂ ਦੀ ਜੱਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਜਾ ਸਕਿਆ।
ਤਿੰਨ ਗਲੀਆਂ ਦੀਆਂ ਦੁਕਾਨਾਂ ਬੰਦ, ਇਲਾਕੇ ’ਚ ਫੈਲੀ ਦਹਿਸ਼ਤ
ਅੱਗ ਦੇ ਨਾਲ ਲੱਗਦੀਆਂ ਇਮਾਰਤਾਂ ਤੱਕ ਫੈਲਣ ਦੇ ਖ਼ਦਸ਼ੇ ਨੂੰ ਦੇਖਦਿਆਂ ਸਾਵਧਾਨੀ ਵਜੋਂ ਗਲੀ ਨੰਬਰ-9, 10 ਅਤੇ 11 ਦੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਗਈਆਂ। ਨੇੜਲੇ ਕੁੱਚਾ ਗਲੀ ਇਲਾਕੇ ਦੇ ਕਾਰੋਬਾਰੀ ਅਦਾਰਿਆਂ ਨੂੰ ਵੀ ਬੰਦ ਕਰਵਾਇਆ ਗਿਆ। ਕੱਪੜਿਆਂ ਦੇ ਵੱਡੇ ਕਾਰੋਬਾਰ ਵਾਲੇ ਇਸ ਇਲਾਕੇ ਵਿੱਚ ਅੱਗ ਅਤੇ ਧਮਾਕਿਆਂ ਦੀਆਂ ਆਵਾਜ਼ਾਂ ਕਾਰਨ ਦੁਕਾਨਦਾਰਾਂ ਅਤੇ ਸਥਾਨਕ ਲੋਕਾਂ ਵਿੱਚ ਭਾਰੀ ਘਬਰਾਹਟ ਦੇਖਣ ਨੂੰ ਮਿਲੀ।
ਪਟਾਕਿਆਂ ਦੀ ਸਟੋਰੇਜ ਤੇ ਅੱਗ ਸੁਰੱਖਿਆ ਪ੍ਰਬੰਧ ਜਾਂਚ ਦੇ ਘੇਰੇ ’ਚ
ਇਸ ਹਾਦਸੇ ਨੇ ਸੰਘਣੀ ਆਬਾਦੀ ਵਾਲੇ ਵਪਾਰਕ ਇਲਾਕਿਆਂ ਵਿੱਚ ਸੁਰੱਖਿਆ ਪ੍ਰਬੰਧਾਂ ਦੀ ਹਕੀਕਤ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਕੱਪੜਿਆਂ ਦੇ ਕਾਰੋਬਾਰੀ ਅਦਾਰੇ ਦੀਆਂ ਦੋਵੇਂ ਮੰਜ਼ਿਲਾਂ ’ਤੇ ਪਟਾਕੇ ਰੱਖੇ ਹੋਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਹੁਣ ਜਾਂਚ ਦਾ ਅਹਿਮ ਪਹਿਲੂ ਇਹ ਹੋਵੇਗਾ ਕਿ ਉੱਥੇ ਵਿਸਫੋਟਕ ਸਮੱਗਰੀ ਕਿਸ ਆਧਾਰ ’ਤੇ ਰੱਖੀ ਗਈ ਸੀ। ਕੀ ਇਸ ਲਈ ਕੋਈ ਇਜਾਜ਼ਤ ਲਈ ਗਈ ਸੀ? ਕੀ ਇਮਾਰਤ ਵਿੱਚ ਲੋੜੀਂਦੇ ਅੱਗ ਬੁਝਾਊ ਪ੍ਰਬੰਧ ਮੌਜੂਦ ਸਨ? ਕੀ ਵਪਾਰਕ ਇਮਾਰਤ ਦੀ ਵਰਤੋਂ ਅਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਸੀ?
ਪੁਲਿਸ ਅਤੇ ਫਾਇਰ ਵਿਭਾਗ ਵੱਲੋਂ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਨਵਰਟਰ ਵਿੱਚ ਸ਼ਾਰਟ ਸਰਕਟ ਹੋਣ ਦੇ ਖ਼ਦਸ਼ੇ ਦੇ ਨਾਲ-ਨਾਲ ਇਮਾਰਤ ਵਿੱਚ ਪਟਾਕਿਆਂ ਦੀ ਮੌਜੂਦਗੀ ਅਤੇ ਉਨ੍ਹਾਂ ਕਾਰਨ ਹੋਏ ਧਮਾਕਿਆਂ ਦੀ ਭੂਮਿਕਾ ਵੀ ਜਾਂਚ ਦਾ ਹਿੱਸਾ ਹੋਵੇਗੀ। 26 ਸਾਲਾ ਸਾਹਿਲ ਦੀ ਮੌਤ ਨੇ ਇਸ ਹਾਦਸੇ ਨੂੰ ਹੋਰ ਵੀ ਦਰਦਨਾਕ ਬਣਾ ਦਿੱਤਾ ਹੈ। ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸੰਘਣੇ ਵਪਾਰਕ ਇਲਾਕਿਆਂ ਵਿੱਚ ਅਜਿਹੇ ਖ਼ਤਰਨਾਕ ਹਾਲਾਤ ਪੈਦਾ ਹੋਣ ਤੋਂ ਰੋਕਣ ਲਈ ਜ਼ਿੰਮੇਵਾਰ ਵਿਭਾਗਾਂ ਵੱਲੋਂ ਕਿਹੜੇ ਕਦਮ ਚੁੱਕੇ ਜਾਣਗੇ।
ਫੀਲਡ ਗੰਜ ਦੀ ਅੱਗ ਨੇ 35 ਸਾਲ ਪੁਰਾਣੇ ਗੁੜ ਮੰਡੀ ਅੱਗ ਕਾਂਡ ਦੇ ਜ਼ਖ਼ਮ ਕੀਤੇ ਤਾਜ਼ਾ
ਲੁਧਿਆਣਾ ਦੇ ਫੀਲਡ ਗੰਜ ਵਿੱਚ ਸ਼ੁੱਕਰਵਾਰ ਨੂੰ ਅੱਗ ਨੇ ਜੋ ਭਿਆਨਕ ਤਾਂਡਵ ਮਚਾਇਆ, ਉਸ ਨੇ ਸ਼ਹਿਰ ਦੇ ਇਤਿਹਾਸ ਦੇ ਇੱਕ ਦਰਦਨਾਕ ਅਧਿਆਏ ਦੇ ਜ਼ਖ਼ਮ ਮੁੜ ਤਾਜ਼ਾ ਕਰ ਦਿੱਤੇ। ਅੱਗ ਦੀਆਂ ਉੱਚੀਆਂ ਲਪਟਾਂ, ਇਕ ਤੋਂ ਬਾਅਦ ਇਕ ਹੁੰਦੇ ਜ਼ੋਰਦਾਰ ਧਮਾਕੇ, ਇਮਾਰਤ ਦਾ ਲੈਂਟਰ ਡਿੱਗਣਾ ਅਤੇ ਚਾਰੇ ਪਾਸੇ ਫੈਲਿਆ ਧੂੰਆਂ ਦੇਖ ਕੇ 1991 ਦੇ ਗੁੜ ਮੰਡੀ ਅੱਗ ਕਾਂਡ ਦਾ ਖ਼ੌਫ਼ਨਾਕ ਮੰਜ਼ਰ ਅੱਖਾਂ ਸਾਹਮਣੇ ਆ ਗਿਆ। ਕਰੀਬ 35 ਸਾਲ ਪਹਿਲਾਂ ਗੁੜ ਮੰਡੀ ਵਿੱਚ ਪਟਾਕਿਆਂ ਕਾਰਨ ਲੱਗੀ ਅੱਗ ਨੇ 61 ਲੋਕਾਂ ਦੀ ਜਾਨ ਲੈ ਲਈ ਸੀ। ਉਸ ਵੇਲੇ ਵੀ ਅੱਗ ਨੇ ਕਈ ਦੁਕਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਕੇ ਭਾਰੀ ਤਬਾਹੀ ਮਚਾਈ ਸੀ। ਹੁਣ ਫੀਲਡ ਗੰਜ ਦੀ ਘਟਨਾ ਵਿੱਚ 26 ਸਾਲਾ ਸਾਹਿਲ ਸਬਰਵਾਲ ਦੀ ਮੌਤ ਨੇ ਇੱਕ ਵਾਰ ਫਿਰ ਸ਼ਹਿਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਗੁੜ ਮੰਡੀ ਦੀ ਤ੍ਰਾਸਦੀ, ਗਈਆਂ ਸਨ 61 ਜਾਨਾਂ
ਅਕਤੂਬਰ 1991 ਵਿੱਚ ਦੀਵਾਲੀ ਦੇ ਦਿਨਾਂ ਦੌਰਾਨ ਗੁੜ ਮੰਡੀ ਵਿੱਚ ਪਟਾਕਿਆਂ ਕਾਰਨ ਭਿਆਨਕ ਅੱਗ ਲੱਗੀ ਸੀ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਕਈ ਦੁਕਾਨਾਂ ਇਸ ਦੀ ਲਪੇਟ ਵਿੱਚ ਆ ਗਈਆਂ। ਇਸ ਹਾਦਸੇ ਵਿੱਚ 61 ਲੋਕਾਂ ਦੀ ਮੌਤ ਹੋਣ ਦਾ ਅੰਕੜਾ 2 ਦਸੰਬਰ 1991 ਨੂੰ ਲੋਕ ਸਭਾ ਵਿੱਚ ਗ੍ਰਹਿ ਮੰਤਰਾਲੇ ਵੱਲੋਂ ਦਿੱਤੇ ਜਵਾਬ ਵਿੱਚ ਦਰਜ ਹੈ। ਇਹ ਲੁਧਿਆਣਾ ਦੇ ਇਤਿਹਾਸ ਦੀਆਂ ਸਭ ਤੋਂ ਦਰਦਨਾਕ ਅੱਗ ਦੀਆਂ ਘਟਨਾਵਾਂ ਵਿੱਚੋਂ ਇੱਕ ਸੀ। ਉਸ ਤ੍ਰਾਸਦੀ ਤੋਂ ਬਾਅਦ ਹੁਣ ਫੀਲਡ ਗੰਜ ਵਿੱਚ ਵਾਪਰੀ ਘਟਨਾ ਨੇ ਇੱਕ ਵਾਰ ਫਿਰ ਪਟਾਕਿਆਂ ਦੀ ਸਟੋਰੇਜ ਤੇ ਸੰਘਣੇ ਬਾਜ਼ਾਰਾਂ ਦੀ ਸੁਰੱਖਿਆ ਨੂੰ ਚਰਚਾ ਦੇ ਕੇਂਦਰ ਵਿੱਚ ਲਿਆ ਦਿੱਤਾ ਹੈ।
-35 ਸਾਲ ਬਾਅਦ ਵੀ ਉਹੀ ਸਵਾਲ, ਆਖ਼ਰ ਸਬਕ ਕਦੋਂ ਸਿੱਖੇਗਾ ਸ਼ਹਿਰ
ਗੁੜ ਮੰਡੀ ਦੇ ਅੱਗ ਕਾਂਡ ਤੋਂ ਲੈ ਕੇ ਫੀਲਡ ਗੰਜ ਦੀ ਤਾਜ਼ਾ ਘਟਨਾ ਤੱਕ ਇੱਕ ਗੱਲ ਸਾਂਝੀ ਹੈ ਕਿ ਪਟਾਕਿਆਂ ਦੀ ਮੌਜੂਦਗੀ ਨੇ ਅੱਗ ਨੂੰ ਹੋਰ ਭਿਆਨਕ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਸਵਾਲ ਇਹ ਹੈ ਕਿ ਸੰਘਣੇ ਵਪਾਰਕ ਇਲਾਕਿਆਂ ਵਿੱਚ ਪਟਾਕੇ ਰੱਖਣ ਦੀ ਇਜਾਜ਼ਤ ਕਿਸ ਆਧਾਰ ’ਤੇ ਦਿੱਤੀ ਜਾਂਦੀ ਹੈ। ਕੀ ਸਬੰਧਤ ਵਿਭਾਗਾਂ ਵੱਲੋਂ ਅਜਿਹੀਆਂ ਇਮਾਰਤਾਂ ਦੀ ਜਾਂਚ ਕੀਤੀ ਜਾਂਦੀ ਹੈ। ਕੀ ਫਾਇਰ ਸੇਫਟੀ ਦੇ ਪ੍ਰਬੰਧ ਮੌਜੂਦ ਹਨ। ਫੀਲਡ ਗੰਜ ਦਾ ਹਾਦਸਾ ਸਿਰਫ਼ ਇੱਕ ਇਮਾਰਤ ਤੱਕ ਸੀਮਤ ਨਹੀਂ, ਸਗੋਂ ਪੂਰੇ ਸ਼ਹਿਰ ਦੇ ਵਪਾਰਕ ਇਲਾਕਿਆਂ ਦੀ ਸੁਰੱਖਿਆ ਲਈ ਚਿਤਾਵਨੀ ਹੈ। 1991 ਵਿੱਚ 61 ਜਾਨਾਂ ਜਾਣ ਦੇ ਬਾਵਜੂਦ ਜੇਕਰ ਅੱਜ ਵੀ ਸੰਘਣੇ ਬਾਜ਼ਾਰਾਂ ਵਿੱਚ ਪਟਾਕਿਆਂ ਦੀ ਸਟੋਰੇਜ ਦੇ ਮਾਮਲੇ ਸਾਹਮਣੇ ਆ ਰਹੇ ਹਨ ਤਾਂ ਪ੍ਰਸ਼ਾਸਨ ਲਈ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ। ਸਾਹਿਲ ਦੀ ਮੌਤ ਨੇ ਇੱਕ ਵਾਰ ਫਿਰ ਇਹ ਸਵਾਲ ਛੱਡ ਦਿੱਤਾ ਹੈ ਕਿ ਕੀ ਕਿਸੇ ਹੋਰ ਵੱਡੀ ਤ੍ਰਾਸਦੀ ਦੀ ਉਡੀਕ ਕਰਨ ਤੋਂ ਬਾਅਦ ਹੀ ਸ਼ਹਿਰ ਦੇ ਸੁਰੱਖਿਆ ਪ੍ਰਬੰਧਾਂ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ।