- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1 ਨੰਬਰ ਦੀ ਬੌਟਮ-ਲੁਧਿਆਣਾ 'ਚ ਦੀਵਾਲੀ ਤੋਂ ਨਵੇਂ ਸਾਲ ਤੱਕ ਪਟਾਕੇ ਚਲਾਉਣ ਲਈ ਸਮਾਂ ਨਿਰਧਾਰਤ

ਬੌਟਮ)
-ਦੀਵਾਲੀ 'ਤੇ ਰਾਤ ਨੂੰ 8 ਤੋਂ 10 ਵਜੇ ਤੱਕ ਹੀ ਚਲਾ ਸਕੋਗੇ ਪਟਾਕੇ, ਗੁਰਪੁਰਬ ਲਈ ਸਵੇਰੇ ਤੇ ਰਾਤ ਦਾ ਸਮਾਂ ਤੈਅ
--ਈ-ਕਾਮਰਸ ਸਾਈਟਾਂ ਰਾਹੀਂ ਪਟਾਕੇ ਵੇਚਣ ’ਤੇ ਪਾਬੰਦੀ
--ਸਿਰਫ਼ ਪ੍ਰਮਾਣਿਤ ਹਰੇ ਪਟਾਕੇ ਚਲਾਉਣ ਦੀ ਇਜਾਜ਼ਤ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਤਿਉਹਾਰਾਂ ਦੇ ਸੀਜ਼ਨ ਦੌਰਾਨ ਵਧਦੇ ਹਵਾ ਅਤੇ ਆਵਾਜ਼ ਪ੍ਰਦੂਸ਼ਣ ਨੂੰ ਰੋਕਣ ਲਈ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡੀਸੀ ਲੁਧਿਆਣਾ ਹਿਮਾਂਸ਼ੂ ਜੈਨ ਵੱਲੋਂ ਪਟਾਕੇ ਚਲਾਉਣ ਸਬੰਧੀ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਤਹਿਤ ਜਾਰੀ ਇਨ੍ਹਾਂ ਹੁਕਮਾਂ ਅਨੁਸਾਰ ਦੀਵਾਲੀ, ਗੁਰਪੁਰਬ, ਕ੍ਰਿਸਮਸ ਤੇ ਨਵੇਂ ਸਾਲ ਮੌਕੇ ਪਟਾਕੇ ਚਲਾਉਣ ਲਈ ਸਮਾਂ ਨਿਰਧਾਰਤ ਕੀਤਾ ਹੈ। ਇਹ ਹੁਕਮ 1 ਜਨਵਰੀ 2027 ਤੱਕ ਪ੍ਰਭਾਵੀ ਰਹਿਣਗੇ। ਹੁਕਮਾਂ ਅਨੁਸਾਰ ਦੀਵਾਲੀ ਵਾਲੇ ਦਿਨ 8 ਨਵੰਬਰ ਨੂੰ ਰਾਤ 8 ਵਜੇ ਤੋਂ 10 ਵਜੇ ਤੱਕ ਹੀ ਪਟਾਕੇ ਚਲਾਏ ਜਾ ਸਕਣਗੇ। ਗੁਰਪੁਰਬ ਮੌਕੇ 24 ਨਵੰਬਰ ਨੂੰ ਸਵੇਰੇ 4 ਵਜੇ ਤੋਂ 5 ਵਜੇ ਤੱਕ ਅਤੇ ਰਾਤ 9 ਵਜੇ ਤੋਂ 10 ਵਜੇ ਤੱਕ ਪਟਾਕੇ ਚਲਾਉਣ ਦੀ ਇਜਾਜ਼ਤ ਹੋਵੇਗੀ।
ਕ੍ਰਿਸਮਸ ਮੌਕੇ 25 ਤੇ 26 ਦਸੰਬਰ ਦੀ ਦਰਮਿਆਨੀ ਰਾਤ 11.55 ਵਜੇ ਤੋਂ 12.30 ਵਜੇ ਤੱਕ ਅਤੇ ਨਵੇਂ ਸਾਲ ਦੇ ਸਵਾਗਤ ਲਈ 31 ਦਸੰਬਰ ਤੇ 1 ਜਨਵਰੀ ਦੀ ਦਰਮਿਆਨੀ ਰਾਤ 11.55 ਵਜੇ ਤੋਂ 12.30 ਵਜੇ ਤੱਕ ਪਟਾਕੇ ਚਲਾਏ ਜਾ ਸਕਣਗੇ।
ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਸਿਰਫ਼ ਉਹੀ ਪ੍ਰਮਾਣਿਤ ਹਰੇ ਪਟਾਕੇ ਚਲਾਉਣ ਤੇ ਵੇਚਣ ਦੀ ਆਗਿਆ ਹੋਵੇਗੀ, ਜਿਨ੍ਹਾਂ ਵਿੱਚ ਬੇਰੀਅਮ ਸਾਲਟ ਜਾਂ ਇਸ ਦੇ ਮਿਸ਼ਰਣ, ਐਂਟੀਮਨੀ, ਲਿਥੀਅਮ, ਮਰਕਰੀ, ਆਰਸੈਨਿਕ, ਲੈੱਡ ਜਾਂ ਸਟ੍ਰੋਂਟੀਅਮ ਕ੍ਰੋਮੇਟ ਵਰਗੇ ਹਾਨੀਕਾਰਕ ਤੱਤ ਸ਼ਾਮਲ ਨਾ ਹੋਣ। ਲਾਇਸੈਂਸ ਤੋਂ ਬਿਨਾਂ ਕੋਈ ਵੀ ਵਿਅਕਤੀ ਪਟਾਕਿਆਂ ਦੀ ਵਿਕਰੀ ਜਾਂ ਭੰਡਾਰਨ ਨਹੀਂ ਕਰ ਸਕੇਗਾ। ਐਮਾਜ਼ੋਨ, ਫਲਿੱਪਕਾਰਟ ਸਮੇਤ ਹੋਰ ਆਨਲਾਈਨ ਵੈੱਬਸਾਈਟਾਂ ਰਾਹੀਂ ਪਟਾਕਿਆਂ ਦੀ ਖਰੀਦ-ਵੇਚ 'ਤੇ ਵੀ ਪਾਬੰਦੀ ਲਗਾਈ ਗਈ ਹੈ। ਹੁਕਮਾਂ ਅਨੁਸਾਰ ਲੜੀਵਾਰ ਚੱਲਣ ਵਾਲੇ ਪਟਾਕਿਆਂ ਦੀ ਵਿਕਰੀ ਤੇ ਵਰਤੋਂ 'ਤੇ ਪਾਬੰਦੀ ਰਹੇਗੀ। ਹਸਪਤਾਲਾਂ, ਵਿਦਿਅਕ ਸੰਸਥਾਵਾਂ ਤੇ ਹੋਰ ਨਿਰਧਾਰਤ ਸੰਵੇਦਨਸ਼ੀਲ ਥਾਵਾਂ ਦੇ 100 ਮੀਟਰ ਦੇ ਘੇਰੇ ਅੰਦਰ ਪਟਾਕੇ ਚਲਾਉਣ ਦੀ ਇਜਾਜ਼ਤ ਨਹੀਂ ਹੋਵੇਗੀ।
ਪ੍ਰਸ਼ਾਸਨ ਵੱਲੋਂ ਕਮਿਊਨਿਟੀ ਪੱਧਰ 'ਤੇ ਪਟਾਕੇ ਚਲਾਉਣ ਦੇ ਪ੍ਰੋਗਰਾਮਾਂ ਨੂੰ ਉਤਸ਼ਾਹਿਤ ਕਰਨ ਦੀ ਹਦਾਇਤ ਵੀ ਕੀਤੀ ਹੈ। ਅਜਿਹੇ ਪ੍ਰੋਗਰਾਮਾਂ ਲਈ ਪਹਿਲਾਂ ਤੋਂ ਨਿਰਧਾਰਤ ਥਾਵਾਂ ਦੀ ਚੋਣ ਕਰਨੀ ਹੋਵੇਗੀ ਅਤੇ ਸਬੰਧਤ ਸਬ-ਡਿਵੀਜ਼ਨਲ ਮੈਜਿਸਟ੍ਰੇਟ ਤੇ ਪੁਲਿਸ ਵਿਭਾਗ ਤੋਂ ਮਨਜ਼ੂਰੀ ਲੈਣੀ ਲਾਜ਼ਮੀ ਹੋਵੇਗੀ। ਪੁਲਿਸ ਪ੍ਰਸ਼ਾਸਨ ਨੂੰ ਪਟਾਕਿਆਂ ਦੀ ਵਿਕਰੀ, ਭੰਡਾਰਨ ਅਤੇ ਵਰਤੋਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਆਵਾਜ਼ ਪ੍ਰਦੂਸ਼ਣ ਦੀ ਨਿਗਰਾਨੀ ਕੀਤੀ ਜਾਵੇਗੀ। ਪਟਾਕੇ ਚਲਾਉਣ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਵਾਤਾਵਰਨ ਸੁਰੱਖਿਆ ਐਕਟ, 1986 ਅਤੇ ਹੋਰ ਸਬੰਧਤ ਕਾਨੂੰਨੀ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਤਿਉਹਾਰਾਂ ਦੀ ਖੁਸ਼ੀ ਮਨਾਉਂਦੇ ਹੋਏ ਵਾਤਾਵਰਨ ਤੇ ਲੋਕਾਂ ਦੀ ਸਿਹਤ ਦਾ ਧਿਆਨ ਰੱਖਣ ਅਤੇ ਨਿਰਧਾਰਤ ਨਿਯਮਾਂ ਦੀ ਪਾਲਣਾ ਕਰਨ।
-ਬਾਕਸ-
-ਪਰਾਲੀ ਸਾੜਨੋਂ ਰੋਕਣ ਲਈ ਐੱਸਐੱਚਓ ਹੋਣਗੇ ਜ਼ਿੰਮੇਵਾਰ : ਜ਼ਿਲ੍ਹਾ ਪ੍ਰਸ਼ਾਸਨ
ਮੌਜੂਦਾ ਸਾਉਣੀ ਦੇ ਸੀਜ਼ਨ ਦੌਰਾਨ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਿਲ੍ਹਾ ਮਜਿਟ੍ਰੇਟ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਸਖ਼ਤ ਹੁਕਮ ਜਾਰੀ ਕੀਤੇ ਗਏ ਹਨ। ਪੰਜਾਬ ਰਿਮੋਟ ਸੈਂਸਿੰਗ ਸੈਂਟਰ, ਲੁਧਿਆਣਾ ਵੱਲੋਂ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਦੀ ਰਿਪੋਰਟ ਕੀਤੀ ਜਾ ਰਹੀ ਹੈ, ਜਿਸ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਇਨ੍ਹਾਂ ਨੂੰ ਤੁਰੰਤ ਰੋਕਣ ਲਈ ਇਹ ਕਦਮ ਚੁੱਕਿਆ ਹੈ।
ਭਾਰਤ ਦੀ ਸੁਪਰੀਮ ਕੋਰਟ, ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ), ਸੀਏਕਿਊਐੱਮ ਤੇ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ 'ਤੇ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ। ਸੁਪਰੀਮ ਕੋਰਟ ਦੇ ਨਿਰਦੇਸ਼ਾਂ (ਐੱਮਸੀ ਮਹਿਤਾ ਬਨਾਮ ਯੂਨੀਅਨ ਆਫ਼ ਇੰਡੀਆ) ਤਹਿਤ ਸਬੰਧਤ ਖੇਤਰਾਂ ਵਿੱਚ ਪਰਾਲੀ ਸਾੜਨ ਨੂੰ ਰੋਕਣ ਦੀ ਜ਼ਿੰਮੇਵਾਰੀ ਸਬੰਧਤ ਥਾਣਾ ਮੁਖੀ (ਐਸਐਚਓ) ਦੀ ਹੋਵੇਗੀ। ਹੁਕਮ ਵਿੱਚ ਕਿਹਾ ਹੈ ਕਿ ਪੁਲਿਸ ਕਮਿਸ਼ਨਰ, ਲੁਧਿਆਣਾ ਅਤੇ ਸੀਨੀਅਰ ਕਪਤਾਨ ਪੁਲਿਸ (ਸ਼ਹਿਰੀ/ਦਿਹਾਤੀ/ਖੰਨਾ) ਇਹ ਯਕੀਨੀ ਬਣਾਉਣਗੇ ਕਿ ਸਾਰੇ ਐੱਸਐੱਚਓ ਆਪਣੇ ਅਧਿਕਾਰ ਖੇਤਰ ’ਚ, ਖਾਸ ਕਰਕੇ ਹੌਟਸਪੌਟ ਵਜੋਂ ਪਛਾਣੇ ਗਏ ਪਿੰਡਾਂ ਵਿੱਚ, ਲਗਾਤਾਰ ਗਸ਼ਤ ਕਰਨ। ਸਾਰੇ ਐਸਐਚਓ ਪਰਾਲੀ ਸਾੜਨ ਦੀ ਰੋਕਥਾਮ ਲਈ ਕਲੱਸਟਰ ਅਫ਼ਸਰਾਂ, ਨੋਡਲ ਅਫ਼ਸਰਾਂ ਤੇ ਪ੍ਰਾਲੀ ਪ੍ਰੋਟੈਕਸ਼ਨ ਫ਼ੋਰਸ ਨਾਲ ਤਾਲਮੇਲ ਬਣਾ ਕੇ ਰੱਖਣਗੇ ਅਤੇ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਜਾਂ ਹੋਰ ਸਾਧਨਾਂ ਰਾਹੀਂ ਪ੍ਰਾਪਤ ਹਰ ਸੂਚਨਾ 'ਤੇ ਤੁਰੰਤ ਕਾਰਵਾਈ ਕਰਨਗੇ। ਸਾਰੇ ਐੱਸਐੱਚਓ ਆਪਣੇ ਅਧਿਕਾਰ ਖੇਤਰ ਵਿੱਚ ਕੀਤੀ ਗਈ ਕਾਰਵਾਈ ਦੀ ਰੋਜ਼ਾਨਾ ਰਿਪੋਰਟ ਮੁੱਖ ਖੇਤੀਬਾੜੀ ਅਫ਼ਸਰ, ਲੁਧਿਆਣਾ ਨੂੰ ਭੇਜਣਗੇ, ਜੋ ਇਸਨੂੰ ਕੰਪਾਇਲ ਕਰਕੇ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਸੌਂਪਣਗੇ। ਡਿਊਟੀ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ ਤੇ ਸੀਏਕਿਊਐਮ ਐਕਟ, 2021 ਦੀ ਧਾਰਾ 14 ਤਹਿਤ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਨ ਦੇ ਨਾਲ-ਨਾਲ ਵਿਭਾਗੀ ਕਾਰਵਾਈ ਵੀ ਕੀਤੀ ਜਾਵੇਗੀ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਏ ਹਨ ਤੇ ਅਗਲੇ ਹੁਕਮਾਂ ਤਕ ਲਾਗੂ ਰਹਿਣਗੇ। ਪ੍ਰਸ਼ਾਸਨ ਨੇ ਸਮੂਹ ਅਧਿਕਾਰੀਆਂ ਨੂੰ ਇਨ੍ਹਾਂ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ।