ਜਨਗਣਨਾ-2027 ਦੇ ਪੜਾਅ-2 ਲਈ 78 ਫੀਲਡ ਟ੍ਰੇਨਰਾਂ ਦੀ ਤਿੰਨ ਰੋਜ਼ਾ ਸਿਖਲਾਈ ਸੰਪੰਨ ਲੁਧਿਆਣਾ ਵਿੱਚ ਜਨਗਣਨਾ-2027 ਦੇ ਪੜਾਅ-2 ਲਈ 78 ਫੀਲਡ ਟ੍ਰੇਨਰਾਂ ਦੀ ਤਿੰਨ ਦਿਨਾਂ ਸਿਖਲਾਈ ਸੰਪੰਨ
Publish Date: Wed, 23 Sep 2026 09:02 PM (IST)
Updated Date: Thu, 24 Sep 2026 04:03 AM (IST)
-ਟ੍ਰੇਨਰ ਅਗਲੇ ਪੜਾਅ ਵਿੱਚ ਗਣਨਾਕਾਰਾਂ ਤੇ ਸੁਪਰਵਾਈਜ਼ਰਾਂ ਨੂੰ ਦੇਣਗੇ ਸਿਖਲਾਈ -ਮੋਬਾਈਲ ਐਪ ਰਾਹੀਂ ਕਰਵਾਈ ਵਿਹਾਰਕ ਸਿਖ਼ਲਾਈ ਫ਼ੋਟੋ ਨੰਬਰ-52 ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਜਨਗਣਨਾ-2027 ਦੇ ਪੜਾਅ-2 ਤਹਿਤ ਆਬਾਦੀ ਗਣਨਾ ਦੀਆਂ ਤਿਆਰੀਆਂ ਨੂੰ ਸੁਚਾਰੂ ਬਣਾਉਣ ਲਈ ਲੁਧਿਆਣਾ ਜ਼ਿਲ੍ਹੇ ਵਿੱਚ ਫੀਲਡ ਟ੍ਰੇਨਰਾਂ ਲਈ ਕਰਵਾਇਆ ਗਿਆ ਤਿੰਨ ਦਿਨਾਂ ਸਿਖਲਾਈ ਪ੍ਰੋਗਰਾਮ ਬੁੱਧਵਾਰ ਨੂੰ ਸੰਪੰਨ ਹੋ ਗਿਆ। 21 ਤੋਂ 23 ਸਤੰਬਰ ਤੱਕ ਦੋ ਬੈਚਾਂ ਵਿੱਚ ਕਰਵਾਏ ਗਏ ਇਸ ਸਿਖਲਾਈ ਪ੍ਰੋਗਰਾਮ ਦੌਰਾਨ ਕੁੱਲ 78 ਫੀਲਡ ਟ੍ਰੇਨਰਾਂ ਨੂੰ ਸਿਖਲਾਈ ਦਿੱਤੀ ਗਈ। ਸਿਖਲਾਈ ਦੌਰਾਨ ਫੀਲਡ ਟ੍ਰੇਨਰਾਂ ਨੂੰ ਜਨਗਣਨਾ-2027 ਦੇ ਪੜਾਅ-2, ਆਬਾਦੀ ਗਣਨਾ ਨਾਲ ਸਬੰਧਤ ਵੱਖ-ਵੱਖ ਪੱਖਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਸਿਖਲਾਈ ਜ਼ਿਲ੍ਹਾ ਕੋਆਰਡੀਨੇਟਰ ਅਲੋਕ ਕੁਮਾਰ ਅਤੇ ਜ਼ਿਲ੍ਹਾ ਮਾਸਟਰ ਟ੍ਰੇਨਰ ਉਪਮਾ ਕੌਲ, ਅੰਕੁਸ਼ ਸ਼ਰਮਾ ਤੇ ਹਰਮੀਤ ਸਿੰਘ ਵੱਲੋਂ ਦਿੱਤੀ ਗਈ। ਸਿਖਲਾਈ ਪ੍ਰੋਗਰਾਮ ਦੇ ਆਖਰੀ ਦਿਨ ਜਨਗਣਨਾ ਸੰਚਾਲਨ ਡਾਇਰੈਕਟੋਰੇਟ, ਪੰਜਾਬ, ਚੰਡੀਗੜ੍ਹ ਦੀ ਡਿਪਟੀ ਡਾਇਰੈਕਟਰ ਰੁਚੀ ਗੁਪਤਾ ਨੇ ਵਿਸ਼ੇਸ਼ ਤੌਰ ’ਤੇ ਦੌਰਾ ਕੀਤਾ। ਉਨ੍ਹਾਂ ਨੇ ਫੀਲਡ ਟ੍ਰੇਨਰਾਂ ਨਾਲ ਗੱਲਬਾਤ ਕਰਦਿਆਂ ਪੜਾਅ-2 ਦੀ ਆਬਾਦੀ ਗਣਨਾ ਸਬੰਧੀ ਮਹੱਤਵਪੂਰਨ ਮਾਰਗਦਰਸ਼ਨ ਦਿੱਤਾ। ਉਨ੍ਹਾਂ ਨੇ ਟ੍ਰੇਨਰਾਂ ਨੂੰ ਸਿਖਲਾਈ ਦੌਰਾਨ ਹਾਸਲ ਕੀਤੀ ਜਾਣਕਾਰੀ ਨੂੰ ਫੀਲਡ ਪੱਧਰ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਫੀਲਡ ਟ੍ਰੇਨਰਾਂ ਨੂੰ ਜਨਗਣਨਾ ਕਿੱਟਾਂ ਵੀ ਵੰਡੀਆਂ ਗਈਆਂ। ਆਖਰੀ ਦਿਨ ਸਾਰੇ ਸਿਖਿਆਰਥੀਆਂ ਨੂੰ ਜਨਗਣਨਾ ਮੋਬਾਈਲ ਐਪਲੀਕੇਸ਼ਨ ਰਾਹੀਂ ਵਿਹਾਰਕ ਸਿਖਲਾਈ ਵੀ ਦਿੱਤੀ ਗਈ। ਇਸ ਦੌਰਾਨ ਉਨ੍ਹਾਂ ਨੂੰ ਐਪ ਆਧਾਰਿਤ ਗਣਨਾ ਵਰਕਫਲੋ, ਡਾਟਾ ਐਂਟਰੀ ਅਤੇ ਫੀਲਡ ਪੱਧਰ ਦੀਆਂ ਵੱਖ-ਵੱਖ ਪ੍ਰਕਿਰਿਆਵਾਂ ਬਾਰੇ ਜਾਣੂ ਕਰਵਾਇਆ ਗਿਆ। ਸਿਖਿਆਰਥੀਆਂ ਨੂੰ ਤਕਨੀਕੀ ਪ੍ਰਕਿਰਿਆਵਾਂ ਨੂੰ ਗਣਨਾ ਦੌਰਾਨ ਸੁਚਾਰੂ ਢੰਗ ਨਾਲ ਅਮਲ ਵਿੱਚ ਲਿਆਉਣ ਲਈ ਅਭਿਆਸ ਵੀ ਕਰਵਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸਿਖਲਾਈ ਪ੍ਰਾਪਤ 78 ਫੀਲਡ ਟ੍ਰੇਨਰ ਅਗਲੇ ਪੜਾਅ ਵਿੱਚ ਗਣਨਾਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਸਿਖਲਾਈ ਦੇਣਗੇ। ਇਹ ਟ੍ਰੇਨਰ ਫੀਲਡ ਪੱਧਰ ’ਤੇ ਗਣਨਾ ਪ੍ਰਕਿਰਿਆ ਨੂੰ ਸਮਝਾਉਣ ਅਤੇ ਕੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਸਿਖਲਾਈ ਦਾ ਉਦੇਸ਼ ਪੜਾਅ-2 ਦੌਰਾਨ ਪੂਰੀ ਕਵਰੇਜ, ਸਹੀ ਗਣਨਾ ਅਤੇ ਗੁਣਵੱਤਾ ਵਾਲਾ ਜਨਗਣਨਾ ਡਾਟਾ ਯਕੀਨੀ ਬਣਾਉਣਾ ਹੈ।