
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜਨਰਲ ਲਈ-ਮਲੇਸ਼ੀਆ ਤੋਂ ਡਿਪੋਰਟ ਹੁੰਦੇ ਹੀ ਦਿੱਲੀ ਹਵਾਈ ਅੱਡੇ ’ਤੇ ਦਬੋਚੇ ਆਈਐਸਆਈ ਨਾਲ ਜੁੜੇ ਤਿੰਨ ਮੁਲਜ਼ਮ

-ਮਲੇਸ਼ੀਆ ਤੋਂ ਡਿਪੋਰਟ ਹੋ ਕੇ ਪੁੱਜੇ ਦੋ ਮੁਲਜ਼ਮਾਂ ਨੂੰ ਲੁਧਿਆਣਾ ਪੁਲਿਸ ਤੇ ਇਕ ਨੂੰ ਫ਼ਰੀਦਕੋਟ ਪੁਲਿਸ ਨੇ ਕੀਤਾ ਗ੍ਰਿਫ਼ਤਾਰ
-ਵਿਦੇਸ਼ ਬੈਠੇ ਆਕਾਵਾਂ ਦੇ ਇਸ਼ਾਰੇ ’ਤੇ ਨਵੰਬਰ 2025 ’ਚ ਰਚੀ ਸੀ ਮਹਾਨਗਰ ਨੂੰ ਦਹਿਲਾਉਣ ਦੀ ਸਾਜ਼ਿਸ਼
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ
ਨਵੰਬਰ 2025 ’ਚ ਲੁਧਿਆਣਾ ਦੇ ਭੀੜ ਵਾਲੇ ਇਲਾਕੇ ’ਚ ਗ੍ਰੇਨੇਡ ਹਮਲਾ ਕਰਕੇ ਲੋਕਾਂ ’ਚ ਡਰ ਤੇ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼ ਘੜਣ ਵਾਲੇ ਤਿੰਨ ਮੁਲਜ਼ਮਾਂ ਨੂੰ ਲੁਧਿਆਣਾ ਪੁਲਿਸ ਨੇ ਬੁੱਧਵਾਰ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਨੂੰ ਮਲੇਸ਼ੀਆ ਤੋਂ ਹਵਾਲਗੀ ਜ਼ਰੀਏ ਭਾਰਤ ਲਿਆਂਦਾ ਗਿਆ ਹੈ। ਇਨ੍ਹਾਂ ਤਿੰਨਾਂ ਦੇ ਸਬੰਧ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਤੇ ਦਵਿੰਦਰ ਬੰਬੀਹਾ ਗੈਂਗ ਨਾਲ ਹਨ। ਇਨ੍ਹਾਂ ਦੀ ਪਛਾਣ ਜਸਪ੍ਰੀਤ ਸਿੰਘ ਉਰਫ਼ ਜਸ, ਅਜੇ ਸਿੰਘ ਤੇ ਪਵਨਦੀਪ ਸਿੰਘ ਵਜੋਂ ਹੋਈ ਹੈ।
ਲੁਧਿਆਣਾ ਪੁਲਿਸ ਦੇ ਵਧੀਕ ਡਿਪਟੀ ਕਮਿਸ਼ਨਰ ਪੁਲਿਸ-1 ਸਮੀਰ ਵਰਮਾ ਨੇ ਦੱਸਿਆ ਕਿ ਲੁਧਿਆਣਾ ਪੁਲਿਸ ਨੇ ਅਜੇ ਸਿੰਘ ਤੇ ਪਵਨਦੀਪ ਸਿੰਘ ਨੂੰ ਆਪਣੀ ਹਿਰਾਸਤ ’ਚ ਲੈ ਲਿਆ ਹੈ। ਦੋਵਾਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਪੰਜ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਓਧਰ ਜਸ ਨੂੰ ਫ਼ਰੀਦਕੋਟ ਪੁਲਿਸ ਨੇ ਇੱਕ ਕਤਲ ਦੇ ਮਾਮਲੇ ’ਚ ਲੁੜੀਂਦਾ ਹੋਣ ਕਾਰਨ ਆਪਣੀ ਹਿਰਾਸਤ ’ਚ ਲੈ ਲਿਆ ਹੈ। ਲੁਧਿਆਣਾ ਪੁਲਿਸ ਵੱਲੋਂ ਉਸ ਨੂੰ ਬਾਅਦ ’ਚ ਅਦਾਲਤੀ ਹੁਕਮਾਂ ਰਾਹੀਂ ਆਪਣੇ ਮਾਮਲੇ ’ਚ ਪੁੱਛਗਿੱਛ ਲਈ ਲਿਆਂਦਾ ਜਾਵੇਗਾ। ਡਿਪਟੀ ਕਮਿਸ਼ਨਰ ਪੁਲਿਸ ਅਪਰਾਧ ਹਰਪਾਲ ਸਿੰਘ ਇਸ ਪੂਰੇ ਮਾਮਲੇ ਦੀ ਜਾਂਚ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਬਹੁਤ ਗੰਭੀਰ ਦਹਿਸ਼ਤੀ ਮਾਮਲਾ ਹੈ ਤੇ ਮੁਲਜ਼ਮਾਂ ਦੀ ਪੁੱਛਗਿੱਛ ਨਾਲ ਇਸ ਨੈੱਟਵਰਕ ਦੀਆਂ ਹੋਰ ਕੜੀਆਂ ਵੀ ਸਾਹਮਣੇ ਆਉਣ ਦੀ ਉਮੀਦ ਹੈ।
-ਭੀੜ ਵਾਲੀ ਥਾਂ ’ਤੇ ਗ੍ਰੇਨੇਡ ਸੁੱਟ ਕੇ ਦਹਿਸ਼ਤ ਫੈਲਾਉਣ ਦੀ ਸੀ ਸਾਜ਼ਿਸ਼
ਨਵੰਬਰ 2025 ’ਚ ਲੁਧਿਆਣਾ ਪੁਲਿਸ ਨੇ ਸ਼ਹਿਰ ਦੇ ਭੀੜ ਵਾਲੇ ਇਲਾਕੇ ’ਚ ਗ੍ਰਨੇਡ ਹਮਲਾ ਕਰਕੇ ਲੋਕਾਂ ’ਚ ਡਰ ਫੈਲਾਉਣ ਦੀ ਕਥਿਤ ਸਾਜ਼ਿਸ਼ ਨੂੰ ਨਾਕਾਮ ਕੀਤਾ ਸੀ। ਪੁਲਿਸ ਨੇ ਭਰੋਸੇਯੋਗ ਜਾਣਕਾਰੀ ਮਿਲਣ ਤੋਂ ਬਾਅਦ ਕਾਰਵਾਈ ਕਰਦਿਆਂ ਇਸ ਮਾਮਲੇ ’ਚ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਸਬੰਧੀ 27 ਅਕਤੂਬਰ ਨੂੰ ਥਾਣਾ ਜੋਧੇਵਾਲ ’ਚ ਵਿਸਫੋਟਕ ਪਦਾਰਥ ਕਾਨੂੰਨ ਦੀਆਂ ਧਾਰਾਵਾਂ 3, 4 ਅਤੇ 5 ਤੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 113 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਗ਼ੈਰ ਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ ਦੀਆਂ ਧਾਰਾਵਾਂ ਵੀ ਲਗਾਈਆਂ ਗਈਆਂ ਸਨ। ਵਿਦੇਸ਼ ’ਚ ਬੈਠੇ ਸ਼ੱਕੀ ਮੁਲਜ਼ਮਾਂ ਖ਼ਿਲਾਫ਼ ਲਾਲ ਨੋਟਿਸ ਵੀ ਜਾਰੀ ਕੀਤੇ ਗਏ ਸਨ। ਪੁਲਿਸ ਦੀ ਮੁੱਢਲੀ ਜਾਂਚ ’ਚ ਸਾਹਮਣੇ ਆਇਆ ਸੀ ਕਿ ਮੁਲਜ਼ਮ ਕਥਿਤ ਤੌਰ ’ਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਦੇ ਇਸ਼ਾਰੇ ’ਤੇ ਕੰਮ ਕਰ ਰਹੇ ਸਨ। ਵਿਦੇਸ਼ਾਂ ’ਚ ਬੈਠੇ ਕਥਿਤ ਹੈਂਡਲਰਾਂ ਵੱਲੋਂ ਉਨ੍ਹਾਂ ਨੂੰ ਪੰਜਾਬ ’ਚ ਗ੍ਰਨੇਡ ਹਮਲਾ ਕਰਨ ਦੇ ਹੁਕਮ ਦਿੱਤੇ ਜਾਣ ਦੀ ਗੱਲ ਪੁਲਿਸ ਜਾਂਚ ’ਚ ਸਾਹਮਣੇ ਆਈ ਸੀ। ਪੁਲਿਸ ਅਨੁਸਾਰ ਇਸ ਸਾਜ਼ਿਸ਼ ਦਾ ਮਕਸਦ ਕਿਸੇ ਭੀੜ ਵਾਲੀ ਥਾਂ ’ਤੇ ਹਮਲਾ ਕਰਕੇ ਲੋਕਾਂ ’ਚ ਡਰ ਪੈਦਾ ਕਰਨਾ ਅਤੇ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਸੀ। ਪੁਲਿਸ ਜਾਂਚ ’ਚ ਵਿਦੇਸ਼ ’ਚ ਬੈਠੇ ਜਿਨ੍ਹਾਂ ਲੋਕਾਂ ਦੇ ਨਾਮ ਸਾਹਮਣੇ ਆਏ, ਉਨ੍ਹਾਂ ’ਚ ਅਜੇ, ਜਸ ਅਤੇ ਪਵਨਦੀਪ ਸ਼ਾਮਲ ਸਨ। ਇਸ ਮਾਮਲੇ ’ਚ ਅਜੇ ਦੇ ਭਰਾ ਵਿਜੇ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਵਿਜੇ ਇਸ ਸਮੇਂ ਨਸ਼ੀਲੇ ਪਦਾਰਥਾਂ ਨਾਲ ਜੁੜੇ ਇੱਕ ਮਾਮਲੇ ’ਚ ਸ੍ਰੀਗੰਗਾਨਗਰ ਜੇਲ੍ਹ ’ਚ ਬੰਦ ਹੈ। ਪੁਲਿਸ ਦਾ ਦੋਸ਼ ਸੀ ਕਿ ਉਹ ਇਸ ਸਾਜ਼ਿਸ਼ ਨਾਲ ਜੁੜੇ ਲੋਕਾਂ ਵਿਚਕਾਰ ਸਾਮਾਨ ਅਤੇ ਹੋਰ ਪ੍ਰਬੰਧਾਂ ਸਬੰਧੀ ਤਾਲਮੇਲ ਕਰ ਰਿਹਾ ਸੀ।
ਗ੍ਰਨੇਡ ਪਹੁੰਚਾਉਣ ਵਾਲੇ ਸਥਾਨਕ ਲੋਕ ਵੀ ਪੁਲਿਸ ਦੇ ਹੱਥ ਲੱਗੇ
ਜਾਂਚ ਅੱਗੇ ਵਧਣ ’ਤੇ ਪੁਲਿਸ ਨੇ ਉਸ ਸਥਾਨਕ ਜਾਲ ਦਾ ਵੀ ਪਤਾ ਲਗਾਇਆ, ਜਿਸ ਰਾਹੀਂ ਗ੍ਰਨੇਡ ਪੰਜਾਬ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਮਾਮਲੇ ’ਚ ਫ਼ਰੀਦਕੋਟ ਦੇ ਰਹਿਣ ਵਾਲੇ ਸੁਖਜੀਤ ਸਿੰਘ ਤੇ ਸੁਖਵਿੰਦਰ ਸਿੰਘ, ਸ੍ਰੀਗੰਗਾਨਗਰ ਰਾਜਸਥਾਨ ਦੇ ਰਹਿਣ ਵਾਲੇ ਕਰਨਵੀਰ ਸਿੰਘ ਤੇ ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਸਾਜਨ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਮੁਤਾਬਕ ਇਹ ਲੋਕ ਕਥਿਤ ਤੌਰ ’ਤੇ ਗ੍ਰਨੇਡ ਨੂੰ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਉਣ ਅਤੇ ਸਾਜ਼ਿਸ਼ ਨੂੰ ਅੱਗੇ ਵਧਾਉਣ ’ਚ ਸਹਾਇਤਾ ਕਰ ਰਹੇ ਸਨ। ਪੁਲਿਸ ਨੇ ਇਸ ਮਾਮਲੇ ਦੀ ਕਾਰਵਾਈ ਦੌਰਾਨ ਮੁਲਜ਼ਮਾਂ ਕੋਲੋਂ ਚੀਨ ਦਾ ਬਣਿਆ ਇੱਕ ਜ਼ਿੰਦਾ ਹੱਥ ਗ੍ਰਨੇਡ, ਇੱਕ ਕਾਲਾ ਬੈਗ ਅਤੇ ਦਸਤਾਨਿਆਂ ਦੀ ਜੋੜੀ ਬਰਾਮਦ ਕੀਤੀ ਸੀ। ਇਸ ਬਰਾਮਦਗੀ ਤੋਂ ਬਾਅਦ ਪੁਲਿਸ ਨੇ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈਂਦਿਆਂ ਵਿਦੇਸ਼ ’ਚ ਬੈਠੇ ਲੋਕਾਂ ਤੱਕ ਪਹੁੰਚ ਕਰਨ ਲਈ ਜਾਂਚ ਤੇਜ਼ ਕਰ ਦਿੱਤੀ ਸੀ।
ਹੁਣ ਮਲੇਸ਼ੀਆ ਤੋਂ ਤਿੰਨ ਮੁਲਜ਼ਮਾਂ ਦੀ ਵਾਪਸੀ ਅਤੇ ਗ੍ਰਿਫ਼ਤਾਰੀ ਨਾਲ ਜਾਂਚ ਨੂੰ ਨਵੀਂ ਦਿਸ਼ਾ ਮਿਲੀ ਹੈ। ਪੁਲਿਸ ਹੁਣ ਇਹ ਪਤਾ ਲਗਾਉਣ ’ਚ ਜੁਟੀ ਹੈ ਕਿ ਪਾਕਿਸਤਾਨ ਅਤੇ ਵਿਦੇਸ਼ਾਂ ’ਚ ਬੈਠੇ ਕਥਿਤ ਸਾਜ਼ਿਸ਼ਕਰਤਾਵਾਂ ਦੇ ਪੰਜਾਬ ’ਚ ਕਿਹੜੇ ਲੋਕਾਂ ਨਾਲ ਸਿੱਧੇ ਸਬੰਧ ਸਨ ਅਤੇ ਇਸ ਜਾਲ ਰਾਹੀਂ ਹੋਰ ਕਿਹੜੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ ਜਾ ਰਹੀ ਸੀ। ਮੁਲਜ਼ਮਾਂ ਤੋਂ ਹੋਣ ਵਾਲੀ ਪੁੱਛਗਿੱਛ ਮਗਰੋਂ ਇਸ ਮਾਮਲੇ ’ਚ ਹੋਰ ਗ੍ਰਿਫ਼ਤਾਰੀਆਂ ਅਤੇ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।