ਪੁਲਿਸ ਦੀ ਵੱਡੀ ਸਫ਼ਲਤਾ: ਨਸ਼ੀਲੇ ਪਦਾਰਥ 'ਆਈਸ' ਅਤੇ ਅਸਲੇ ਸਮੇਤ 3 ਗ੍ਰਿਫ਼ਤਾਰ, ਨਸ਼ਾ ਤਸਕਰਾਂ ’ਤੇ ਪੁਲਿਸ ਦਾ ਸ਼ਿਕੰਜਾ ਲੁਧਿਆਣਾ ’ਚ ਨਸ਼ਾ ਤਸਕਰੀ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੌਰਾਨ ਦੁੱਗਰੀ ਪੁਲਿਸ ਨੂੰ ਇੱਕ ਅਹਿਮ ਸਫ਼ਲਤਾ ਮਿਲੀ ਹੈ। ਪੁਲਿਸ ਨੇ ਅਜਿਹੇ ਦੁਰਲੱਭ ਸਿੰਥੈਟਿਕ ਨਸ਼ੇ 'ਆਈਸ' (ਐਮਫੈਟਾਮਾਈਨਜ਼) ਦੀ ਬਰਾਮਦਗੀ ਕੀਤੀ ਹੈ, ਜਿਸ ਦੇ ਮਾਮਲੇ ਆਮ ਤੌਰ ’ਤੇ ਬਹੁਤ ਘੱਟ ਸਾਹਮਣੇ ਆਉਂਦੇ ਹਨ।
Publish Date: Tue, 21 Jul 2026 01:04 PM (IST)
Updated Date: Tue, 21 Jul 2026 01:08 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਲੁਧਿਆਣਾ ’ਚ ਨਸ਼ਾ ਤਸਕਰੀ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੌਰਾਨ ਦੁੱਗਰੀ ਪੁਲਿਸ ਨੂੰ ਇੱਕ ਅਹਿਮ ਸਫ਼ਲਤਾ ਮਿਲੀ ਹੈ। ਪੁਲਿਸ ਨੇ ਅਜਿਹੇ ਦੁਰਲੱਭ ਸਿੰਥੈਟਿਕ ਨਸ਼ੇ 'ਆਈਸ' (ਐਮਫੈਟਾਮਾਈਨਜ਼) ਦੀ ਬਰਾਮਦਗੀ ਕੀਤੀ ਹੈ, ਜਿਸ ਦੇ ਮਾਮਲੇ ਆਮ ਤੌਰ ’ਤੇ ਬਹੁਤ ਘੱਟ ਸਾਹਮਣੇ ਆਉਂਦੇ ਹਨ।
ਇਸ ਦੇ ਨਾਲ ਹੀ ਮੁਲਜ਼ਮਾਂ ਕੋਲੋਂ ਨਾਜਾਇਜ਼ ਪਿਸਤੌਲ ਅਤੇ ਕਾਰਤੂਸ ਵੀ ਬਰਾਮਦ ਹੋਣ ਨਾਲ ਮਾਮਲਾ ਹੋਰ ਵੀ ਗੰਭੀਰ ਬਣ ਗਿਆ ਹੈ। ਜਾਣਕਾਰੀ ਮੁਤਾਬਿਕ ਥਾਣਾ ਦੁੱਗਰੀ ਦੀ ਪੁਲਿਸ ਨੇ ਗਸ਼ਤ ਦੌਰਾਨ ਫੇਜ਼-2 ਦੁੱਗਰੀ ਦੇ ਇਕ ਖਾਲੀ ਪਲਾਟ ’ਚੋਂ ਸ਼ੱਕ ਦੇ ਆਧਾਰ ’ਤੇ ਤਿੰਨ ਨੌਜਵਾਨਾਂ ਨੂੰ ਕਾਬੂ ਕਰਕੇ ਤਲਾਸ਼ੀ ਲਈ।
ਤਲਾਸ਼ੀ ਦੌਰਾਨ ਪੁਲਿਸ ਨੇ ਉਨ੍ਹਾਂ ਕੋਲੋਂ 28 ਗ੍ਰਾਮ 'ਆਈਸ' (ਐਮਫੈਟਾਮਾਈਨਜ਼) ਨਸ਼ਾ, ਇੱਕ ਨਾਜਾਇਜ਼ 32 ਬੋਰ ਪਿਸਤੌਲ ਅਤੇ ਚਾਰ ਜ਼ਿੰਦਾ ਕਾਰਤੂਸ ਬਰਾਮਦ ਕੀਤੇ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਵਿਸ਼ਾਲਪ੍ਰੀਤ ਸਿੰਘ ਵਾਸੀ ਪਿੰਡ ਮਹਿਲ ਖੁਰਦ (ਬਰਨਾਲਾ), ਹਰਪ੍ਰੀਤ ਸਿੰਘ ਵਾਸੀ ਪਿੰਡ ਕਲਿਆਣ (ਅਹਿਮਦਗੜ੍ਹ, ਮਲੇਰਕੋਟਲਾ) ਅਤੇ ਦਲਜੀਤ ਸਿੰਘ ਵਾਸੀ ਪਿੰਡ ਫੁੱਲਾਂਵਾਲ (ਲੁਧਿਆਣਾ) ਵਜੋਂ ਹੋਈ ਹੈ।
ਪੁਲਿਸ ਨੇ ਤਿੰਨਾਂ ਖ਼ਿਲਾਫ਼ ਨਸ਼ੀਲੇ ਪਦਾਰਥਾਂ ਸਬੰਧੀ ਕਾਨੂੰਨ ਅਤੇ ਹਥਿਆਰ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਹੁਣ ਇਹ ਪਤਾ ਲਗਾਉਣ ’ਚ ਜੁਟੇ ਹਨ ਕਿ ਬਰਾਮਦ ਕੀਤੀ ਗਈ 'ਆਈਸ' ਕਿੱਥੋਂ ਲਿਆਂਦੀ ਗਈ ਸੀ, ਇਸ ਦੀ ਸਪਲਾਈ ਕਿਸ ਨੂੰ ਕੀਤੀ ਜਾਣੀ ਸੀ ਅਤੇ ਇਸ ਗਿਰੋਹ ਨਾਲ ਹੋਰ ਕਿਹੜੇ ਲੋਕ ਜੁੜੇ ਹੋਏ ਹਨ।
ਪੁਲਿਸ ਅਧਿਕਾਰੀਆਂ ਅਨੁਸਾਰ 'ਆਈਸ' ਇੱਕ ਬਹੁਤ ਹੀ ਖ਼ਤਰਨਾਕ ਅਤੇ ਮਹਿੰਗਾ ਸਿੰਥੈਟਿਕ ਨਸ਼ਾ ਹੈ। ਇਸ ਦੇ ਨਾਲ ਨਾਜਾਇਜ਼ ਪਿਸਤੌਲ ਅਤੇ ਕਾਰਤੂਸ ਦੀ ਬਰਾਮਦਗੀ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਮੁਲਜ਼ਮ ਨਸ਼ਾ ਤਸਕਰੀ ਦੇ ਨਾਲ-ਨਾਲ ਹਥਿਆਰਾਂ ਦੀ ਵਰਤੋਂ ਕਰਨ ਲਈ ਵੀ ਤਿਆਰ ਸਨ।