ਹਮਲੇ ਮਗਰੋਂ ਮੱਥੇ 'ਤੇ ਪਿਸਤੌਲ ਰੱਖ ਕੇ ਦਿੱਤੀ ਧਮਕੀ, 8 ਨੌਜਵਾਨਾਂ ਦੀ ਗੁੰਡਾਗਰਦੀ; ਦੋਸਤ ਨੂੰ ਛੁਡਾਉਣ ਆਏ ਮੁੰਡੇ ਨੂੰ ਵੀ ਕੁੱਟਿਆ ਲੜਾਈ-ਝਗੜਿਆਂ ਲਈ ਚਰਚਿਤ ਧਰਮਪੁਰਾ ਵਿੱਚ ਇੱਕ ਵਾਰ ਫਿਰ ਹਿੰਸਕ ਘਟਨਾ ਸਾਹਮਣੇ ਆਈ ਹੈ। ਘਰ ਦੇ ਬਾਹਰ ਖੜ੍ਹੇ ਨੌਜਵਾਨ ਨਾਲ ਪਹਿਲਾਂ ਗਾਲੀ-ਗਲੋਚ ਅਤੇ ਕੁੱਟਮਾਰ ਕੀਤੀ ਗਈ, ਜਦੋਂ ਉਸ ਦਾ ਦੋਸਤ ਉਸ ਨੂੰ ਛੁਡਾਉਣ ਲਈ ਅੱਗੇ ਆਇਆ ਤਾਂ ਹਮਲਾਵਰਾਂ ਨੇ ਉਸ ਨਾਲ ਵੀ ਕੁੱਟਮਾਰ ਕਰ ਦਿੱਤੀ। ਇਸ ਦੌਰਾਨ ਇੱਕ ਮੁਲਜ਼ਮ ਵੱਲੋਂ ਨੌਜਵਾਨ ਦੇ ਮੱਥੇ ’ਤੇ ਪਿਸਤੌਲ ਲਗਾ ਕੇ ਉਸ ਨੂੰ ਜਾਨੋਂ ਮਾਰਨ ਦੀ ਧਮਕੀਆਂ ਦੇ ਕੇ ਪੂਰੀ ਤਰ੍ਹਾਂ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ।
Publish Date: Fri, 28 Aug 2026 12:11 PM (IST)
Updated Date: Fri, 28 Aug 2026 12:15 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ - ਲੜਾਈ-ਝਗੜਿਆਂ ਲਈ ਚਰਚਿਤ ਧਰਮਪੁਰਾ ਵਿੱਚ ਇੱਕ ਵਾਰ ਫਿਰ ਹਿੰਸਕ ਘਟਨਾ ਸਾਹਮਣੇ ਆਈ ਹੈ। ਘਰ ਦੇ ਬਾਹਰ ਖੜ੍ਹੇ ਨੌਜਵਾਨ ਨਾਲ ਪਹਿਲਾਂ ਗਾਲੀ-ਗਲੋਚ ਅਤੇ ਕੁੱਟਮਾਰ ਕੀਤੀ ਗਈ, ਜਦੋਂ ਉਸ ਦਾ ਦੋਸਤ ਉਸ ਨੂੰ ਛੁਡਾਉਣ ਲਈ ਅੱਗੇ ਆਇਆ ਤਾਂ ਹਮਲਾਵਰਾਂ ਨੇ ਉਸ ਨਾਲ ਵੀ ਕੁੱਟਮਾਰ ਕਰ ਦਿੱਤੀ। ਇਸ ਦੌਰਾਨ ਇੱਕ ਮੁਲਜ਼ਮ ਵੱਲੋਂ ਨੌਜਵਾਨ ਦੇ ਮੱਥੇ ’ਤੇ ਪਿਸਤੌਲ ਲਗਾ ਕੇ ਉਸ ਨੂੰ ਜਾਨੋਂ ਮਾਰਨ ਦੀ ਧਮਕੀਆਂ ਦੇ ਕੇ ਪੂਰੀ ਤਰ੍ਹਾਂ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ।
ਪੁਲਿਸ ਨੂੰ ਦਿੱਤੇ ਬਿਆਨ ਵਿੱਚ ਧਰਮਪੁਰਾ ਦੇ ਵਾਸੀ ਖੁਨਾਲ ਸ਼ਰਮਾ ਨੇ ਦੱਸਿਆ ਕਿ ਉਹ ਆਪਣੇ ਦੋਸਤ ਪ੍ਰਿੰਸ ਨਾਲ ਘਰ ਦੇ ਬਾਹਰ ਖੜ੍ਹਾ ਸੀ। ਇਸੇ ਦੌਰਾਨ 4-5 ਮੋਟਰਸਾਈਕਲਾਂ ’ਤੇ ਕਰੀਬ 8 ਨੌਜਵਾਨ ਉੱਥੇ ਆਏ। ਸ਼ਿਕਾਇਤਕਰਤਾ ਮੁਤਾਬਕ ਨੌਜਵਾਨ ਹਥਿਆਰਾਂ ਨਾਲ ਲੈਸ ਸਨ ਅਤੇ ਆਉਂਦੇ ਹੀ ਉਸ ਨਾਲ ਬਿਨਾਂ ਕਿਸੇ ਕਾਰਨ ਗਾਲੀ-ਗਲੋਚ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਕੁਨਾਲ ਅਨੁਸਾਰ ਜਦੋਂ ਉਸ ਦਾ ਦੋਸਤ ਪ੍ਰਿੰਸ ਉਸ ਨੂੰ ਹਮਲਾਵਰਾਂ ਤੋਂ ਛੁਡਾਉਣ ਲਈ ਅੱਗੇ ਆਇਆ ਤਾਂ ਮੁਲਜ਼ਮਾਂ ਨੇ ਪ੍ਰਿੰਸ ਨਾਲ ਵੀ ਕੁੱਟਮਾਰ ਕੀਤੀ। ਇਸੇ ਦੌਰਾਨ ਪਿਯੂਸ਼ ਵਿਜ ਨੇ ਕਥਿਤ ਤੌਰ ’ਤੇ ਕੁਨਾਲ ਦੇ ਮੱਥੇ ’ਤੇ ਪਿਸਤੌਲ ਲਗਾ ਦਿੱਤੀ ਅਤੇ ਉਸ ਨੂੰ ਡਰਾ-ਧਮਕਾ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਮੁਲਜ਼ਮ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ।
ਮਾਮਲੇ ਵਿੱਚ ਪੁਲਿਸ ਨੇ ਸਤੀਸ਼, ਮਨਿਕ ਸਿੰਘ, ਸੁੱਖ, ਨਤੀਸ਼ ਗੁਪਤਾ , ਮੁੱਲਾ, ਕਰਨ ਵਿਜ,ਸੂਜਲ ਅਤੇ ਪਿਯੂਸ਼ ਵਿਜ ਸਮੇਤ ਦੋ ਅਣਪਛਾਤੇ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੀ ਭੂਮਿਕਾ ਅਤੇ ਘਟਨਾ ਵਿੱਚ ਵਰਤੇ ਗਏ ਹਥਿਆਰ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲਿਸ ਨੇ ਖੁਨਾਲ ਸ਼ਰਮਾ ਦੇ ਬਿਆਨ ਦੇ ਆਧਾਰ ’ਤੇ ਧਾਰਾ 115(2), 118(1), 126(2), 351(2), 191(2), 190 ਬੀਐੱਨਐੱਸ ਅਤੇ ਧਾਰਾ 25 ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰਨ ਲਈ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਰਣ ਵਿੱਚ ਜੁਟੀ ਹੋਈ ਹੈ।