ਕੈਨੇਡਾ ਰਹਿੰਦੇ ਪਰਿਵਾਰ ਦੇ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, 600 ਕੈਨੇਡੀਅਨ ਡਾਲਰ ਤੇ 150 ਪੌਂਡ ਚੋਰੀ; ਜਾਂਚ ਦੌਰਾਨ 4 ਮੁਲਜ਼ਮ ਗ੍ਰਿਫਤਾਰ
ਵਾਰਦਾਤ ਉਸ ਸਮੇਂ ਹੋਈ ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਘਰ ਨੂੰ ਤਾਲਾ ਲਗਾ ਕੇ ਕੰਮ ’ਤੇ ਗਿਆ ਹੋਇਆ ਸੀ। ਸੂਚਨਾ ਮਿਲਦੇ ਹੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ 4 ਮੁਲਜ਼ਮਾਂ ਨੂੰ ਹਿਰਾਸਤ ’ਚ ਲਿਆ। ਜਾਣਕਾਰੀ ਅਨੁਸਾਰ 54 ਸਾਲਾ ਸੁਖਵਿੰਦਰ ਸਿੰਘ ਹੋਜਰੀ ਦੇ ਕਾਰੋਬਾਰ ਦੇ ਨਾਲ ਪ੍ਰਾਪਰਟੀ ਦਾ ਕੰਮ ਵੀ ਕਰਦਾ ਹੈ।
Publish Date: Thu, 13 Aug 2026 12:25 PM (IST)
Updated Date: Thu, 13 Aug 2026 12:39 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਲੁਧਿਆਣਾ ਦੇ ਬਾਲ ਸਿੰਘ ਨਗਰ ਇਲਾਕੇ ’ਚ ਚੋਰਾਂ ਨੇ ਇੱਕ ਹੋਜਰੀ ਕਾਰੋਬਾਰੀ ਦੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਲੱਖਾਂ ਰੁਪਏ ਦੀ ਨਕਦੀ, ਸੋਨੇ ਦੇ ਗਹਿਣੇ ਅਤੇ ਵਿਦੇਸ਼ੀ ਕਰੰਸੀ ਚੋਰੀ ਕਰ ਲਈ। ਖਾਸ ਗੱਲ ਇਹ ਹੈ ਕਿ ਸ਼ਿਕਾਇਤਕਰਤਾ ਦਾ ਸਾਰਾ ਪਰਿਵਾਰ ਕੈਨੇਡਾ ’ਚ ਰਹਿੰਦਾ ਹੈ।
ਵਾਰਦਾਤ ਉਸ ਸਮੇਂ ਹੋਈ ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਘਰ ਨੂੰ ਤਾਲਾ ਲਗਾ ਕੇ ਕੰਮ ’ਤੇ ਗਿਆ ਹੋਇਆ ਸੀ। ਸੂਚਨਾ ਮਿਲਦੇ ਹੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ 4 ਮੁਲਜ਼ਮਾਂ ਨੂੰ ਹਿਰਾਸਤ ’ਚ ਲਿਆ। ਜਾਣਕਾਰੀ ਅਨੁਸਾਰ 54 ਸਾਲਾ ਸੁਖਵਿੰਦਰ ਸਿੰਘ ਹੋਜਰੀ ਦੇ ਕਾਰੋਬਾਰ ਦੇ ਨਾਲ ਪ੍ਰਾਪਰਟੀ ਦਾ ਕੰਮ ਵੀ ਕਰਦਾ ਹੈ।
ਉਸ ਨੇ ਪੁਲਿਸ ਨੂੰ ਦੱਸਿਆ ਕਿ ਬੀਤੇ ਦਿਨੀਂ ਉਹ ਘਰ ਨੂੰ ਤਾਲਾ ਲਗਾ ਕੇ ਆਪਣੇ ਕੰਮ ’ਤੇ ਚਲਾ ਗਿਆ। ਵਾਪਸ ਆਉਣ ’ਤੇ ਉਸ ਨੇ ਦੇਖਿਆ ਕਿ ਘਰ ਦੇ ਇੱਕ ਕਮਰੇ ’ਚੋਂ ਧੂੰਆਂ ਨਿਕਲ ਰਿਹਾ ਸੀ। ਅੰਦਰ ਜਾ ਕੇ ਜਾਂਚ ਕਰਨ ’ਤੇ ਉਸ ਨੂੰ ਚੋਰੀ ਦਾ ਪਤਾ ਲੱਗਾ।
ਸ਼ਿਕਾਇਤਕਰਤਾ ਮੁਤਾਬਕ ਚੋਰ ਅਲਮਾਰੀ ’ਚੋਂ ਉਸ ਦੀ ਪਤਨੀ ਦੇ ਕਰੀਬ 5 ਤੋਲੇ ਸੋਨੇ ਦੇ ਗਹਿਣੇ, 5 ਲੱਖ ਰੁਪਏ ਨਕਦ, ਸੋਨੇ ਦੀਆਂ ਦੋ ਮੁੰਦਰੀਆਂ, 600 ਕੈਨੇਡੀਅਨ ਡਾਲਰ ਅਤੇ 150 ਪੌਂਡ, ਇੱਕ ਵਿਦੇਸ਼ੀ ਘੜੀ ਅਤੇ ਭਾਰਤੀ ਪਾਸਪੋਰਟ ਚੋਰੀ ਕਰਕੇ ਲੈ ਗਏ ਸਨ। ਚੋਰ ਘਰ ’ਚ ਲੱਗੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਨਾਲ ਲੈ ਗਏ, ਜਿਸ ਕਾਰਨ ਪੁਲਿਸ ਨੂੰ ਘਰ ਦੇ ਅੰਦਰ ਦੀ ਰਿਕਾਰਡਿੰਗ ਨਹੀਂ ਮਿਲ ਸਕੀ।
ਮਾਮਲੇ ਸਬੰਧੀ ਥਾਣਾ ਦਰੇਸੀ ਦੀ ਪੁਲਿਸ ਨੇ ਧਾਰਾ 305, 331 ਅਤੇ 3(5) ਬੀਐੱਨਐੱਸ ਤਹਿਤ ਕੇਸ ਦਰਜ ਕੀਤਾ। ਪੁਲਿਸ ਨੇ ਜਾਂਚ ਦੌਰਾਨ ਸਰਵਣ ਕੁਮਾਰ, ਸੁਸ਼ੀਲ ਕੁਮਾਰ ਅਤੇ ਮੁਹੰਮਦ ਸੈਫ ਅਤੇ ਬਿੱਟੂ ਨੂੰ ਗ੍ਰਿਫ਼ਤਾਰ ਕੀਤਾ ਹੈ।
ਜਾਂਚ ਅਧਿਕਾਰੀ ਏ.ਐੱਸ.ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਵੀਰਵਾਰ ਦੁਪਹਿਰ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਰਿਮਾਂਡ ਹਾਸਲ ਕਰਕੇ ਮੁਲਜ਼ਮਾਂ ਤੋਂ ਪੁੱਛਗਿੱਛ ਕਰੇਗੀ।
ਇਸ ਦੌਰਾਨ ਚੋਰੀ ਕੀਤੇ ਸੋਨੇ ਦੇ ਗਹਿਣਿਆਂ, ਨਕਦੀ, ਕੈਨੇਡੀਅਨ ਡਾਲਰ ਅਤੇ ਪੌਂਡ ਸਮੇਤ ਹੋਰ ਸਾਮਾਨ ਦੀ ਬਰਾਮਦਗੀ ਲਈ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਵੱਲੋਂ ਵਾਰਦਾਤ ’ਚ ਸ਼ਾਮਲ ਹੋਰ ਵਿਅਕਤੀਆਂ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ।