ਰੈਡੀਸਨ ਬਲੂ ਕਾਂਡ: ਪੁਜਾਰੀ ਨਹੀਂ, ਡੀਜੇ ਮਾਲਕ ਨਿਕਲਿਆ ਤਾਂਤਰਿਕ; ਪੁਲਿਸ ਜਾਂਚ ’ਚ ਹੋਏ ਖ਼ੁਲਾਸੇ
ਪੁਲਿਸ ਸੂਤਰਾਂ ਅਨੁਸਾਰ ਮੁਲਜ਼ਮ ਲੋਕਾਂ ਦੀਆਂ ਪਰੇਸ਼ਾਨੀਆਂ, ਬਿਮਾਰੀਆਂ ਅਤੇ ਪਰਿਵਾਰਕ ਸਮੱਸਿਆਵਾਂ ਨੂੰ ਤਾਂਤਰਿਕ ਰਸਮਾਂ ਰਾਹੀਂ ਦੂਰ ਕਰਨ ਦੇ ਦਾਅਵੇ ਕਰਦਾ ਸੀ। ਇਨ੍ਹਾਂ ਦਾਅਵਿਆਂ ਦੇ ਆਧਾਰ ’ਤੇ ਹੀ ਉਸ ਨੇ ਕਥਿਤ ਤੌਰ ’ਤੇ ਪੀੜਤ ਪਰਿਵਾਰ ਦਾ ਭਰੋਸਾ ਜਿੱਤਿਆ ਅਤੇ ਫਿਰ ਰੈਡੀਸਨ ਬਲੂ ਹੋਟਲ ’ਚ ਉਪਾਅ ਕਰਵਾਉਣ ਦੇ ਬਹਾਨੇ ਉਨ੍ਹਾਂ ਨੂੰ ਸੱਦਿਆ।
Publish Date: Fri, 07 Aug 2026 01:22 PM (IST)
Updated Date: Fri, 07 Aug 2026 01:29 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਇੱਥੋਂ ਦੇ ਰੈਡੀਸਨ ਬਲੂ ਹੋਟਲ ’ਚ ਕੈਨੇਡਾ ਤੋਂ ਆਈ 22 ਸਾਲਾ ਵਿਦਿਆਰਥਣ ਨਾਲ ਕਥਿਤ ਜਿਨਸੀ ਸ਼ੋਸ਼ਣ ਦੀ ਕੋਸ਼ਿਸ਼ ਦੇ ਚਰਚਿਤ ਮਾਮਲੇ ’ਚ ਪੁਲਿਸ ਜਾਂਚ ਦੌਰਾਨ ਅਹਿਮ ਖੁਲਾਸਾ ਹੋਇਆ ਹੈ। ਜਿਸ ਵਿਅਕਤੀ ਨੂੰ ਸ਼ੁਰੂ ’ਚ ਪੀੜਤ ਪਰਿਵਾਰ ਪੁਜਾਰੀ ਸਮਝ ਰਿਹਾ ਸੀ, ਉਹ ਅਸਲ ’ਚ ਕੋਈ ਪੁਜਾਰੀ ਨਹੀਂ, ਸਗੋਂ ਖ਼ੁਦ ਨੂੰ ਤਾਂਤਰਿਕ ਦੱਸ ਕੇ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲਾ ਵਿਅਕਤੀ ਨਿਕਲਿਆ ਹੈ।
ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਉਹ ਸ਼ਹਿਰ ’ਚ ਡੀਜੇ ਦਾ ਕਾਰੋਬਾਰ ਚਲਾਉਂਦਾ ਹੈ ਅਤੇ ਸੋਸ਼ਲ ਮੀਡੀਆ ’ਤੇ ਵੀ ਸਰਗਰਮ ਹੈ।
ਪੁਲਿਸ ਸੂਤਰਾਂ ਅਨੁਸਾਰ ਮੁਲਜ਼ਮ ਲੋਕਾਂ ਦੀਆਂ ਪਰੇਸ਼ਾਨੀਆਂ, ਬਿਮਾਰੀਆਂ ਅਤੇ ਪਰਿਵਾਰਕ ਸਮੱਸਿਆਵਾਂ ਨੂੰ ਤਾਂਤਰਿਕ ਰਸਮਾਂ ਰਾਹੀਂ ਦੂਰ ਕਰਨ ਦੇ ਦਾਅਵੇ ਕਰਦਾ ਸੀ। ਇਨ੍ਹਾਂ ਦਾਅਵਿਆਂ ਦੇ ਆਧਾਰ ’ਤੇ ਹੀ ਉਸ ਨੇ ਕਥਿਤ ਤੌਰ ’ਤੇ ਪੀੜਤ ਪਰਿਵਾਰ ਦਾ ਭਰੋਸਾ ਜਿੱਤਿਆ ਅਤੇ ਫਿਰ ਰੈਡੀਸਨ ਬਲੂ ਹੋਟਲ ’ਚ ਉਪਾਅ ਕਰਵਾਉਣ ਦੇ ਬਹਾਨੇ ਉਨ੍ਹਾਂ ਨੂੰ ਸੱਦਿਆ।
ਪੀੜਤਾ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਇਸ ਵਿਅਕਤੀ ਬਾਰੇ ਜਾਣਕਾਰੀ ਇੱਕ ਜਾਣਕਾਰ ਰਾਹੀਂ ਮਿਲੀ ਸੀ। ਸ਼ੁਰੂ ’ਚ ਉਹ ਇਸ ਨੂੰ ਪੁਜਾਰੀ ਸਮਝਦੇ ਰਹੇ ਪਰ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਖ਼ੁਦ ਨੂੰ ਅਲੌਕਿਕ ਸ਼ਕਤੀਆਂ ਵਾਲਾ ਤਾਂਤਰਿਕ ਦੱਸਦਾ ਸੀ ਅਤੇ ਦਾਅਵਾ ਕਰਦਾ ਸੀ ਕਿ ਵਿਸ਼ੇਸ਼ ਕਰਮਕਾਂਡ ਰਾਹੀਂ ਉਨ੍ਹਾਂ ਦੇ ਪੁੱਤਰ ਦੀਆਂ ਪਰੇਸ਼ਾਨੀਆਂ ਦੂਰ ਕਰ ਸਕਦਾ ਹੈ।
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਘਟਨਾ ਵਾਲੇ ਦਿਨ ਹੋਟਲ ਦੇ ਕਮਰੇ ਵਿੱਚ ਕਥਿਤ ਰਸਮ ਦੇ ਨਾਂ 'ਤੇ ਪਹਿਲਾਂ ਪੀੜਤਾ ਦੇ ਭਰਾ ਨੂੰ ਬਾਹਰ ਭੇਜਿਆ ਗਿਆ। ਇਸ ਤੋਂ ਬਾਅਦ ਮਾਂ ਅਤੇ ਧੀ ਨੂੰ ਕਥਿਤ ਤੌਰ 'ਤੇ ਪ੍ਰਸਾਦ ਦਿੱਤਾ ਗਿਆ। ਦੋਸ਼ ਹੈ ਕਿ ਪ੍ਰਸਾਦ ਖਾਣ ਤੋਂ ਕੁਝ ਸਮੇਂ ਬਾਅਦ ਮਾਂ ਬੇਹੋਸ਼ ਹੋ ਗਈ, ਜਿਸ ਦਾ ਫਾਇਦਾ ਚੁੱਕਦੇ ਹੋਏ ਮੁਲਜ਼ਮ ਨੇ ਲੜਕੀ ਨਾਲ ਜਿਨਸੀ ਸ਼ੋਸ਼ਣ ਦੀ ਕੋਸ਼ਿਸ਼ ਕੀਤੀ। ਲੜਕੀ ਵੱਲੋਂ ਰੌਲਾ ਪਾਉਣ 'ਤੇ ਉਹ ਮੌਕੇ ਤੋਂ ਫਰਾਰ ਹੋ ਗਿਆ।
ਮਾਮਲੇ ਦੇ ਜਾਂਚ ਅਧਿਕਾਰੀ ਏਐੱਸਆਈ ਦਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ 'ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰੀ ਤੋਂ ਬਾਅਦ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਕੀ ਮੁਲਜ਼ਮ ਨੇ ਇਸੇ ਤਰ੍ਹਾਂ ਕਿਸੇ ਹੋਰ ਨੂੰ ਵੀ ਆਪਣਾ ਸ਼ਿਕਾਰ ਬਣਾਇਆ ਸੀ ਜਾਂ ਨਹੀਂ। ਪੁਲਿਸ ਨੂੰ ਆਸ ਹੈ ਕਿ ਪੁੱਛਗਿੱਛ ਦੌਰਾਨ ਮਾਮਲੇ ਨਾਲ ਜੁੜੇ ਹੋਰ ਮਹੱਤਵਪੂਰਨ ਤੱਥ ਸਾਹਮਣੇ ਆ ਸਕਦੇ ਹਨ।