ਨਗਰ ਨਿਗਮ ਦੇ ਰਿਕਾਰਡ ਰੂਮ ’ਚੋਂ ਸਰਕਾਰੀ ਦਸਤਾਵੇਜ਼ ਚੋਰੀ: ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ, ਹੈਰਾਨ ਕਰਨ ਵਾਲਾ ਖੁਲਾਸਾ
ਲੁਧਿਆਣਾ ਨਗਰ ਨਿਗਮ ਦੇ ਪੁਰਾਣੇ ਰਿਕਾਰਡ ਰੂਮ ’ਚੋਂ ਸਰਕਾਰੀ ਦਸਤਾਵੇਜ ਚੋਰੀ ਹੋਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਦੀ ਸ਼ਿਕਾਇਤ ’ਤੇ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲਾ ਸਰਕਾਰੀ ਰਿਕਾਰਡ ਨਾਲ ਜੁੜਿਆ ਹੋਣ ਕਾਰਣ ਇਸ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ।
Publish Date: Sat, 25 Jul 2026 12:48 PM (IST)
Updated Date: Sat, 25 Jul 2026 12:56 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਲੁਧਿਆਣਾ ਨਗਰ ਨਿਗਮ ਦੇ ਪੁਰਾਣੇ ਰਿਕਾਰਡ ਰੂਮ ’ਚੋਂ ਸਰਕਾਰੀ ਦਸਤਾਵੇਜ ਚੋਰੀ ਹੋਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਦੀ ਸ਼ਿਕਾਇਤ ’ਤੇ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲਾ ਸਰਕਾਰੀ ਰਿਕਾਰਡ ਨਾਲ ਜੁੜਿਆ ਹੋਣ ਕਾਰਣ ਇਸ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ।
ਲੁਧਿਆਣਾ ਦੇ ਡਿਵੀਜ਼ਨ ਨੰਬਰ-1 ਥਾਣੇ ਦੀ ਪੁਲਿਸ ਨੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 305 ਤਹਿਤ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਕਾਰਵਾਈ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ।
ਸ਼ਿਕਾਇਤ ਅਨੁਸਾਰ ਲੱਕੜ ਪੁਲ ਨੇੜੇ ਸਥਿਤ ਰੈਨ ਬਸੇਰੇ ਦੀ ਉੱਪਰਲੀ ਮੰਜ਼ਿਲ ’ਤੇ ਨਗਰ ਨਿਗਮ ਦਾ ਪੁਰਾਣਾ ਰਿਕਾਰਡ ਰੂਮ ਬਣਿਆ ਹੋਇਆ ਹੈ, ਜਿੱਥੇ ਨਿਗਮ ਦਾ ਅਹਿਮ ਅਤੇ ਸਰਕਾਰੀ ਰਿਕਾਰਡ ਸੰਭਾਲ ਕੇ ਰੱਖਿਆ ਜਾਂਦਾ ਹੈ। ਰਿਕਾਰਡ ਕੀਪਰ ਕਮਲਜੀਤ ਸਿੰਘ ਨੇ ਡਿਊਟੀ ਖ਼ਤਮ ਕਰਨ ਤੋਂ ਬਾਅਦ ਦਫ਼ਤਰ ਨੂੰ ਤਾਲਾ ਲਗਾ ਕੇ ਬੰਦ ਕੀਤਾ ਸੀ। ਜਦੋਂ ਉਹ ਅਗਲੇ ਦਿਨ ਮੁੜ ਡਿਊਟੀ ’ਤੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਉਸ ਵੱਲੋਂ ਲਗਾਇਆ ਗਿਆ ਤਾਲਾ ਗਾਇਬ ਸੀ ਅਤੇ ਉਸ ਦੀ ਥਾਂ ਕੋਈ ਹੋਰ ਤਾਲਾ ਲੱਗਾ ਹੋਇਆ ਸੀ।
ਮੁੱਢਲੀ ਜਾਂਚ ਦੌਰਾਨ ਇਹ ਸ਼ੱਕ ਜਤਾਇਆ ਗਿਆ ਕਿ ਰਿਕਾਰਡ ਰੂਮ ’ਚੋਂ ਸਰਕਾਰੀ ਰਿਕਾਰਡ ਚੋਰੀ ਕੀਤਾ ਗਿਆ ਹੈ। ਹੈਰਾਨੀ ਦੀ ਗੱਲ ਇਹ ਵੀ ਸਾਹਮਣੇ ਆਈ ਕਿ ਰਿਕਾਰਡ ਰੂਮ ’ਚ ਕੋਈ ਸੀਸੀਟੀਵੀ ਕੈਮਰਾ ਨਹੀਂ ਲੱਗਿਆ ਹੋਇਆ ਸੀ, ਜਿਸ ਕਾਰਨ ਘਟਨਾ ਦੇ ਸਬੂਤ ਇਕੱਠੇ ਕਰਨ ਵਿੱਚ ਮੁਸ਼ਕਲ ਆ ਰਹੀ ਹੈ।
ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਚੋਰੀ ਹੋਏ ਸਰਕਾਰੀ ਰਿਕਾਰਡ ਪਿੱਛੇ ਮਕਸਦ ਦਾ ਪਤਾ ਲਗਾਉਣ ਲਈ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸੰਬੰਧਿਤ ਰਿਕਾਰਡ ਅਤੇ ਹੋਰ ਸਬੂਤ ਇਕੱਠੇ ਕੀਤੇ ਜਾ ਰਹੇ ਹਨ।