ਸੀਆਰਪੀਐੱਫ ਕਾਲੋਨੀ ਦੇ ਫਲੈਟ ’ਚ ਹੋਈ ਚੋਰੀ
ਸੀਆਰਪੀਐਫ ਕਲੋਨੀ ਦੇ ਫਲੈਟ ਵਿੱਚ ਹੋਈ ਚੋਰੀ
Publish Date: Tue, 20 Jan 2026 07:42 PM (IST)
Updated Date: Wed, 21 Jan 2026 04:16 AM (IST)

* ਘਰ ’ਚ ਰਹਿ ਰਹੇ ਨੌਜਵਾਨ ਨੇ ਸਾਥੀਆਂ ਨਾਲ ਮਿਲ ਕੇ ਦਿੱਤਾ ਵਾਰਦਾਤ ਨੂੰ ਅੰਜਾਮ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਮਹਾਨਗਰ ਲੁਧਿਆਣਾ ਦੇ ਦੁੱਗਰੀ ਇਲਾਕੇ ’ਚ ਪੈਂਦੀ ਸੀਆਰਪੀਐੱਫ ਕਾਲੋਨੀ ਦੇ ਇਕ ਫਲੈਟ ’ਚ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ। ਇਸ ਮਾਮਲੇ ’ਚ ਪੁਲਿਸ ਨੇ ਦੁੱਗਰੀ ਵਾਸੀ ਸਤਨਾਮ ਸਿੰਘ ਦੀ ਸ਼ਿਕਾਇਤ ’ਤੇ ਸੰਗਰੂਰ ਵਾਸੀ ਪ੍ਰਿੰਸ ਤੇ ਉਸ ਦੇ ਦੋ ਅਣਪਛਾਤੇ ਸਾਥੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਵਾਕਫ ਪ੍ਰਿੰਸ ਕੁੱਝ ਸਮੇਂ ਤੋਂ ਉਨ੍ਹਾਂ ਦੇ ਘਰ ’ਚ ਰਹਿ ਰਿਹਾ ਸੀ। ਬੀਤੇ ਦਿਨੀਂ ਸਤਨਾਮ ਸਿੰਘ ਆਪਣੀ ਪਤਨੀ ਨਾਲ ਇਕ ਧਾਰਮਿਕ ਅਸਥਾਨ ’ਤੇ ਮੱਥਾ ਟੇਕਣ ਲਈ ਗਏ ਸਨ। ਘਰ ਵਾਪਸ ਆਉਣ ’ਤੇ ਸਤਨਾਮ ਸਿੰਘ ਦੀ ਪਤਨੀ ਨੇ ਜਿਵੇਂ ਹੀ ਅਲਮਾਰੀਆਂ ਚੈੱਕ ਕੀਤੀਆਂ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਔਰਤ ਮੁਤਾਬਕ ਅਲਮਾਰੀਆਂ ’ਚ ਪਿਆ ਮੰਗਲ ਸੂਤਰ, ਦੋ ਮੁੰਦਰੀਆਂ, ਵਾਲੀਆਂ ਦਾ ਜੋੜਾ, ਲੋਕਟ, ਚੇਨ, ਚਾਂਦੀ ਦੀਆਂ ਝਾਂਜਰਾਂ ਅਤੇ ਲਗਭਗ 20 ਹਜ਼ਾਰ ਰੁਪਏ ਦੀ ਨਗਦੀ ਗਾਇਬ ਸੀ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਇਸ ਵਾਰਦਾਤ ਨੂੰ ਅੰਜਾਮ ਪ੍ਰਿੰਸ ਨੇ ਹੀ ਦਿੱਤਾ। ਉਨ੍ਹਾਂ ਸ਼ਿਕਾਇਤ ਵਿੱਚ ਦੱਸਿਆ ਕਿ ਪ੍ਰਿੰਸ 15 ਜਨਵਰੀ ਤੋਂ ਬਿਨਾਂ ਦੱਸੇ ਹੀ ਕਿੱਤੇ ਚਲਾ ਗਿਆ ਸੀ। ਸਤਨਾਮ ਸਿੰਘ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਸੰਗਰੂਰ ਵਾਸੀ ਪ੍ਰਿੰਸ ਤੇ ਉਸ ਦੇ ਦੋ ਅਣਪਛਾਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਤਲਾਸ਼ ਕਰਨ ਲਈ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।