ਵਿਆਹ ਸਮਾਰੋਹ 'ਚ ਵੱਡੀ ਚੋਰੀ: ਫੈਮਿਲੀ ਫੋਟੋ ਖਿਚਵਾਉਂਦੇ ਰਹੇ ਘਰਵਾਲੇ, ਚੋਰ ਲਾੜੀ ਦੀ ਮਾਂ ਦਾ ਗਹਿਣਿਆਂ ਤੇ ਸ਼ਗਨਾਂ ਵਾਲਾ ਬੈਗ ਲੈ ਕੇ ਹੋਏ ਫ਼ਰਾਰ
ਇਸੇ ਦੌਰਾਨ ਸਟੂਡੀਓ ਦੇ ਕੈਮਰਾਮੈਨ ਨੇ ਉਸ ਦੀ ਪਤਨੀ ਨੀਤੂ ਨੂੰ ਆਪਣਾ ਪਰਸ ਥੱਲੇ ਰੱਖਣ ਲਈ ਕਿਹਾ। ਨੀਤੂ ਨੇ ਕੈਮਰਾਮੈਨ ਦੇ ਕਹਿਣ ’ਤੇ ਪਰਸ ਥੱਲੇ ਰੱਖ ਦਿੱਤਾ ਅਤੇ ਪਰਿਵਾਰ ਫੋਟੋਆਂ ਖਿਚਵਾਉਣ ’ਚ ਰੁੱਝ ਗਿਆ। ਕੁਝ ਸਮੇਂ ਬਾਅਦ ਜਦੋਂ ਪਰਸ ਵੱਲ ਧਿਆਨ ਗਿਆ ਤਾਂ ਉਹ ਆਪਣੀ ਥਾਂ ਤੋਂ ਗਾਇਬ ਸੀ।
Publish Date: Thu, 17 Sep 2026 12:09 PM (IST)
Updated Date: Thu, 17 Sep 2026 12:15 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਲੁਧਿਆਣਾ ਦੇ ਮੱਲੀ ਪੈਲੇਸ ’ਚ ਵਿਆਹ ਸਮਾਰੋਹ ਦੇ ਦੌਰਾਨ ਉਸ ਵੇਲੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ, ਜਦੋਂ ਪਰਿਵਾਰਕ ਫੋਟੋਆਂ ਖਿਚਵਾਉਣ ਦੌਰਾਨ ਲੜਕੀ ਦੀ ਮਾਂ ਵੱਲੋਂ ਥੱਲੇ ਰੱਖਿਆ ਪਰਸ ਅਚਾਨਕ ਗਾਇਬ ਹੋ ਗਿਆ। ਪਰਸ ’ਚ ਸੋਨੇ ਦਾ ਕਿੱਟੀ ਸੈੱਟ, ਚਾਂਦੀ ਦੇ ਬਿਛੂਏ, ਚਾਂਦੀ ਦੇ ਦੋ ਕੜੇ, 15 ਹਜ਼ਾਰ ਰੁਪਏ ਨਕਦ ਅਤੇ ਸ਼ਗਨਾਂ ਵਾਲੇ ਲਿਫਾਫੇ ਸਨ।
ਘਟਨਾ ਤੋਂ ਬਾਅਦ ਪਰਿਵਾਰ ਨੇ ਕਾਫ਼ੀ ਭਾਲ ਕੀਤੀ ਪਰ ਪਰਸ ਦਾ ਕੋਈ ਪਤਾ ਨਾ ਲੱਗਾ। ਪੁਲਿਸ ਨੂੰ ਦਿੱਤੇ ਬਿਆਨ ’ਚ ਦਲੇਰ ਨਗਰ ਵਾਸੀ ਬੂਟਾ ਰਾਮ ਨੇ ਦੱਸਿਆ ਕਿ ਉਹ ਵਿਆਹ ਸਮਾਗਮਾਂ ’ਚ ਕੈਟਰਿੰਗ ਦਾ ਕੰਮ ਕਰਦਾ ਹੈ।
ਉਸਨੇ ਆਪਣੀ ਵੱਡੀ ਬੇਟੀ ਅਲਕਾ ਦਾ ਵਿਆਹ ਮੱਲੀ ਪੈਲਸ ’ਚ ਕੀਤਾ। ਦੇਰ ਰਾਤ ਨੂੰ ਮੱਲੀ ਪੈਰਿਸ ’ਚ ਪੂਰੇ ਜਸ਼ਨ ਦਾ ਮਾਹੌਲ ਸੀ। ਵਿਆਹ ਸਮਾਗਮ ਦੌਰਾਨ ਪਰਿਵਾਰ ਦੀਆਂ ਫੋਟੋਆਂ ਖਿੱਚੀਆਂ ਜਾ ਰਹੀਆਂ ਸਨ।
ਇਸੇ ਦੌਰਾਨ ਸਟੂਡੀਓ ਦੇ ਕੈਮਰਾਮੈਨ ਨੇ ਉਸ ਦੀ ਪਤਨੀ ਨੀਤੂ ਨੂੰ ਆਪਣਾ ਪਰਸ ਥੱਲੇ ਰੱਖਣ ਲਈ ਕਿਹਾ। ਨੀਤੂ ਨੇ ਕੈਮਰਾਮੈਨ ਦੇ ਕਹਿਣ ’ਤੇ ਪਰਸ ਥੱਲੇ ਰੱਖ ਦਿੱਤਾ ਅਤੇ ਪਰਿਵਾਰ ਫੋਟੋਆਂ ਖਿਚਵਾਉਣ ’ਚ ਰੁੱਝ ਗਿਆ। ਕੁਝ ਸਮੇਂ ਬਾਅਦ ਜਦੋਂ ਪਰਸ ਵੱਲ ਧਿਆਨ ਗਿਆ ਤਾਂ ਉਹ ਆਪਣੀ ਥਾਂ ਤੋਂ ਗਾਇਬ ਸੀ।
ਜਦ ਬੂਟਾ ਰਾਮ ਦੀ ਪਤਨੀ ਨੀਤੂ ਨੇ ਪਰਸ ’ਚ ਪਏ ਸਮਾਨ ਬਾਰੇ ਦੱਸਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਨੀਤੂ ਦੇ ਮੁਤਾਬਕ ਪਰਸ ’ਚ ਸੋਨੇ ਦਾ ਕਿੱਟੀ ਸੈੱਟ, ਚਾਂਦੀ ਦੇ ਬਿਛੂਏ, ਚਾਂਦੀ ਦੇ ਦੋ ਕੜੇ, 15 ਹਜ਼ਾਰ ਰੁਪਏ ਨਕਦ ਤੋਂ ਇਲਾਵਾ ਸ਼ਗਨਾਂ ਵਾਲੇ ਲਿਫਾਫੇ ਵੀ ਸਨ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਥਾਣਾ ਹੈਬੋਵਾਲ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਤਫਤੀਸ਼ ਸ਼ੁਰੂ ਕੀਤੀ ਪੁਲਿਸ ਪੈਲਸ ’ਚ ਲੱਗੇ ਸੀ.ਸੀ.ਟੀ.ਵੀ. ਕੈਮਰੇਆਂ ਦੀ ਫੁਟੇਜ ਖੰਗਾਲਣ ’ਚ ਜੁਟ ਗਈ ਹੈ।
ਮਾਮਲੇ ਸਬੰਧੀ ਥਾਣਾ ਹੈਬੋਵਾਲ ਪੁਲਿਸ ਨੇ ਬੂਟਾ ਰਾਮ ਦੇ ਬਿਆਨ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਧਾਰਾ 305 ਬੀ.ਐੱਨ.ਐੱਸ. ਤਹਿਤ ਮੁਕਦਮਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਚੋਰੀ ਕਰਨ ਵਾਲੇ ਵਿਅਕਤੀ ਦੀ ਪਛਾਣ ਲਈ ਸਮਾਗਮ ਨਾਲ ਜੁੜੀ ਜਾਣਕਾਰੀ ਦੀ ਜਾਂਚ ਕੀਤੀ ਜਾ ਰਹੀ ਹੈ।