ਮੌਸਮ ਦਾ ਮਿਜ਼ਾਜ ਬਦਲਿਆ: ਬੱਦਲਾਂ ਨੇ ਬਣਾਇਆ ਮੌਸਮ ਸੁਹਾਵਣਾ, ਲੋਕਾਂ ਨੂੰ ਮਿਲੀ ਭਿਆਨਕ ਗਰਮੀ ਤੋਂ ਰਾਹਤ
ਸ਼ਾਮ ਵੇਲੇ ਕਈ ਇਲਾਕਿਆਂ ’ਚ ਲੋਕ ਘਰਾਂ ਤੋਂ ਬਾਹਰ ਨਿਕਲ ਕੇ ਪਾਰਕਾਂ, ਸੜਕਾਂ ਅਤੇ ਖੁੱਲ੍ਹੀਆਂ ਥਾਵਾਂ 'ਤੇ ਸੈਰ ਕਰਦੇ ਨਜ਼ਰ ਆਏ। ਬੱਚਿਆਂ ਨੇ ਵੀ ਮੌਸਮ ਦਾ ਪੂਰਾ ਆਨੰਦ ਮਾਣਿਆ, ਜਦਕਿ ਨੌਜਵਾਨਾਂ ਤੇ ਪਰਿਵਾਰਾਂ ਨੇ ਖੁੱਲ੍ਹੇ ਮਾਹੌਲ ਵਿੱਚ ਸਮਾਂ ਬਿਤਾਇਆ। ਚਾਹ ਅਤੇ ਪਕੌੜਿਆਂ ਦੀਆਂ ਦੁਕਾਨਾਂ ’ਤੇ ਵੀ ਲੋਕਾਂ ਦੀ ਚੰਗੀ ਭੀੜ ਵੇਖਣ ਨੂੰ ਮਿਲੀ।
Publish Date: Sat, 08 Aug 2026 12:03 PM (IST)
Updated Date: Sat, 08 Aug 2026 12:06 PM (IST)
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ। ਸ਼ੁੱਕਰਵਾਰ ਸ਼ਾਮ ਸਮੇਂ ਅਸਮਾਨ ’ਤੇ ਛਾਏ ਬੱਦਲਾਂ ਨੇ ਸ਼ਹਿਰ ਵਾਸੀਆਂ ਨੂੰ ਸੁਹਾਵਣੇ ਮੌਸਮ ਦਾ ਅਹਿਸਾਸ ਕਰਵਾਇਆ। ਦਿਨ ਭਰ ਦੀ ਗਰਮੀ ਤੇ ਉਮਸ ਤੋਂ ਬਾਅਦ ਸ਼ਾਮ ਵੇਲੇ ਬੱਦਲਾਂ ਨਾਲ ਤਾਪਮਾਨ ’ਚ ਹਲਕੀ ਗਿਰਾਵਟ ਦਰਜ ਕੀਤੀ ਗਈ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਰਾਹਤ ਮਹਿਸੂਸ ਹੋਈ। ਠੰਡੀ ਹਵਾ ਅਤੇ ਬੱਦਲਾਂ ਨਾਲ ਢੱਕੇ ਅਸਮਾਨ ਨੇ ਸ਼ਹਿਰ ਦਾ ਮਾਹੌਲ ਖੁਸ਼ਗਵਾਰ ਬਣਾ ਦਿੱਤਾ।
ਸ਼ਾਮ ਵੇਲੇ ਕਈ ਇਲਾਕਿਆਂ ’ਚ ਲੋਕ ਘਰਾਂ ਤੋਂ ਬਾਹਰ ਨਿਕਲ ਕੇ ਪਾਰਕਾਂ, ਸੜਕਾਂ ਅਤੇ ਖੁੱਲ੍ਹੀਆਂ ਥਾਵਾਂ 'ਤੇ ਸੈਰ ਕਰਦੇ ਨਜ਼ਰ ਆਏ। ਬੱਚਿਆਂ ਨੇ ਵੀ ਮੌਸਮ ਦਾ ਪੂਰਾ ਆਨੰਦ ਮਾਣਿਆ, ਜਦਕਿ ਨੌਜਵਾਨਾਂ ਤੇ ਪਰਿਵਾਰਾਂ ਨੇ ਖੁੱਲ੍ਹੇ ਮਾਹੌਲ ਵਿੱਚ ਸਮਾਂ ਬਿਤਾਇਆ।
ਚਾਹ ਅਤੇ ਪਕੌੜਿਆਂ ਦੀਆਂ ਦੁਕਾਨਾਂ ’ਤੇ ਵੀ ਲੋਕਾਂ ਦੀ ਚੰਗੀ ਭੀੜ ਵੇਖਣ ਨੂੰ ਮਿਲੀ।
ਮੌਸਮ ’ਚ ਆਏ ਇਸ ਬਦਲਾਅ ਕਾਰਨ ਗਰਮੀ ਦਾ ਅਸਰ ਕੁੱਝ ਘੱਟ ਹੋਇਆ ਅਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ। ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਕੁੱਝ ਘੰਟਿਆਂ ਦੌਰਾਨ ਲੁਧਿਆਣਾ ਅਤੇ ਆਲੇ-ਦੁਆਲੇ ਦੇ ਖੇਤਰਾਂ ’ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਬਣੀ ਹੋਈ ਹੈ।
ਵਿਭਾਗ ਨੇ ਕਿਹਾ ਹੈ ਕਿ ਬੱਦਲਵਾਈ ਜਾਰੀ ਰਹਿ ਸਕਦੀ ਹੈ ਅਤੇ ਕੁੱਝ ਥਾਵਾਂ ’ਤੇ ਗਰਜ-ਚਮਕ ਨਾਲ ਫੁਹਾਰਾਂ ਵੀ ਪੈ ਸਕਦੀਆਂ ਹਨ। ਜੇਕਰ ਮੀਂਹ ਪੈਂਦਾ ਹੈ ਤਾਂ ਤਾਪਮਾਨ ’ਚ ਹੋਰ ਗਿਰਾਵਟ ਆ ਸਕਦੀ ਹੈ ਅਤੇ ਲੋਕਾਂ ਨੂੰ ਗਰਮੀ ਤੋਂ ਹੋਰ ਰਾਹਤ ਮਿਲੇਗੀ। ਹੁਣ ਸਭ ਦੀਆਂ ਨਜ਼ਰਾਂ ਆਉਣ ਵਾਲੇ ਸਮੇਂ ਵਿੱਚ ਸੰਭਾਵਿਤ ਮੀਂਹ 'ਤੇ ਟਿਕੀਆਂ ਹੋਈਆਂ ਹਨ, ਜਿਸ ਨਾਲ ਮੌਸਮ ਹੋਰ ਵੀ ਸੁਹਾਵਣਾ ਹੋਣ ਦੀ ਆਸ ਹੈ।