ਸਾਹਨੇਵਾਲ-ਜਲੰਧਰ ਬਾਈਪਾਸ ਪ੍ਰੋਜੈਕਟ ’ਚ ਲਿਆਂਦੀ ਜਾਵੇ ਤੇਜ਼ੀ ਸੜਕ ਨਿਰਮਾਣ ਦੇ ਨਾਲ ਟਰੈਫਿਕ ਪ੍ਰਬੰਧ ਯਕੀਨੀ ਬਣਾਉਣ ਲਈ ਟ੍ਰੈਫ਼ਿਕ ਪੁਲਿਸ ਤੇ ਠੇਕੇਦਾਰ ਨੂੰ ਦਖ਼ਲ ਦੇਣ ਲਈ ਆਖਿਆ
Publish Date: Sun, 30 Aug 2026 08:18 PM (IST)
Updated Date: Mon, 31 Aug 2026 04:07 AM (IST)
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ ਨੈਸ਼ਨਲ ਹਾਈਵੇ ਵੱਲੋਂ ਤਕਰੀਬਨ 56 ਕਰੋੜ ਰੁਪਏ ਦੀ ਲਾਗਤ ਨਾਲ ਸਾਹਨੇਵਾਲ ਤੋਂ ਜਲੰਧਰ ਬਾਈਪਾਸ ਤੱਕ ਬਣਾਈ ਜਾਣ ਵਾਲੀ ਕੰਕਰੀਟ ਸੜਕ ਅਤੇ ਜਲੰਧਰ ਬਾਈਪਾਸ ਤੋਂ ਸਾਹਨੇਵਾਲ ਵੱਲ ਆਉਣ ਵਾਲੀ ਸਰਵਿਸ ਲਾਈਨ ਦਾ ਕੰਮ ਜੀਐੱਸ ਕੰਸਟ੍ਰੱਕਸ਼ਨ ਕੰਪਨੀ ਨੂੰ ਸੌਂਪਿਆ ਹੈ। ਕੰਪਨੀ ਵੱਲੋਂ ਪ੍ਰਾਜੈਕਟ ਦਾ ਕੰਮ ਸ਼ੁਰੂ ਕੀਤਾ ਹੈ। ਇਸ ਦੌਰਾਨ ਢੰਡਾਰੀ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਨੇ ਕੰਪਨੀ ਤੇ ਲੁਧਿਆਣਾ ਟ੍ਰੈਫਿਕ ਪੁਲਿਸ ਨੂੰ ਸੜਕ ਨਿਰਮਾਣ ਦੇ ਨਾਲ-ਨਾਲ ਟਰੈਫਿਕ ਪ੍ਰਬੰਧਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਅਪੀਲ ਕੀਤੀ ਹੈ। ਐਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਮੱਕੜ ਨੇ ਕਿਹਾ ਕਿ ਇਹ ਇੱਕ ਵੱਡਾ ਅਤੇ ਲੰਬੇ ਸਮੇਂ ਤੱਕ ਚੱਲਣ ਵਾਲਾ ਪ੍ਰਾਜੈਕਟ ਹੈ, ਇਸ ਲਈ ਕੰਮ ਨੂੰ ਬਿਨਾਂ ਬੇਲੋੜੀ ਦੇਰੀ ਦੇ ਮੁਕੰਮਲ ਕਰਨ ਲਈ ਸੁਚੱਜੀ ਯੋਜਨਾਬੰਦੀ ਤੇ ਕੰਮ ਦੀ ਰਫ਼ਤਾਰ ਵਧਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਕੰਮ ਦੀ ਰਫ਼ਤਾਰ ਕਾਫ਼ੀ ਹੌਲੀ ਮਹਿਸੂਸ ਹੋ ਰਹੀ ਹੈ, ਜਿਸ ਵੱਲ ਕੰਪਨੀ ਨੂੰ ਤੁਰੰਤ ਧਿਆਨ ਦੇਣਾ ਚਾਹੀਦਾ ਹੈ। ਮੱਕੜ ਨੇ ਕਿਹਾ ਕਿ ਜਿੱਥੇ ਸੜਕ ਦੀ ਹਾਲਤ ਸਭ ਤੋਂ ਵੱਧ ਖਰਾਬ ਹੈ ਅਤੇ ਵੱਡੇ-ਵੱਡੇ ਖੱਡੇ ਬਣੇ ਹੋਏ ਹਨ, ਉਨ੍ਹਾਂ ਥਾਵਾਂ ਦੀ ਮੁਰੰਮਤ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਣਾ ਚਾਹੀਦਾ ਹੈ। ਇਨ੍ਹਾਂ ਖੱਡਿਆਂ ਕਾਰਨ ਕਈ ਥਾਵਾਂ ਤੇ ਰੋਜ਼ਾਨਾ ਟਰੈਫਿਕ ਜਾਮ ਦੀ ਸਥਿਤੀ ਬਣ ਰਹੀ ਹੈ, ਜਿਸ ਦਾ ਸਿੱਧਾ ਅਸਰ ਰਾਹਗੀਰਾਂ ਦੇ ਨਾਲ-ਨਾਲ ਲੁਧਿਆਣਾ ਦੀ ਇੰਡਸਟਰੀ ਤੇ ਵੀ ਪੈ ਰਿਹਾ ਹੈ। ਉਨ੍ਹਾਂ ਖਾਸ ਤੌਰ ਤੇ ਗਿਆਸਪੁਰਾ ਪੁਲ ਅਤੇ ਇਸ ਨਾਲ ਲੱਗਦੀਆਂ ਸਰਵਿਸ ਸੜਕਾਂ, ਢੰਡਾਰੀ ਰੇਲਵੇ ਸਟੇਸ਼ਨ ਦੇ ਸਾਹਮਣੇ ਵਾਲਾ ਇਲਾਕਾ, ਮਿੱਤਲ ਕੰਡੇ ਦੇ ਆਸ-ਪਾਸ ਦਾ ਖੇਤਰ, ਅਪੋਲੋ ਹਸਪਤਾਲ ਨੇੜਿਓਂ ਢੋਲੇਵਾਲ ਵੱਲ ਜਾਣ ਵਾਲੀ ਸੜਕ ਅਤੇ ਸ਼ੇਰਪੁਰ ਚੌਂਕ ਤੋਂ ਅੱਗੇ ਟਰਾਂਸਪੋਰਟ ਨਗਰ ਵਾਲੇ ਇਲਾਕੇ ਵਿੱਚ ਤੁਰੰਤ ਮੁਰੰਮਤ ਦੀ ਮੰਗ ਕੀਤੀ। ਮੱਕੜ ਨੇ ਕਿਹਾ ਕਿ ਇਨ੍ਹਾਂ ਥਾਵਾਂ ਤੇ ਸੜਕ ਦੀ ਮਾੜੀ ਹਾਲਤ ਕਾਰਨ ਵਾਹਨਾਂ ਦੀ ਰਫ਼ਤਾਰ ਪ੍ਰਭਾਵਿਤ ਹੋ ਰਹੀ ਹੈ ਅਤੇ ਟਰੈਫਿਕ ਜਾਮ ਦੀ ਸਮੱਸਿਆ ਵਧ ਰਹੀ ਹੈ। ਜੇਕਰ ਵੱਡੇ ਖੱਡਿਆਂ ਦੀ ਮੁਰੰਮਤ ਪਹਿਲ ਦੇ ਆਧਾਰ ਤੇ ਕਰ ਦਿੱਤੀ ਜਾਵੇ, ਤਾਂ ਆਮ ਲੋਕਾਂ ਅਤੇ ਇੰਡਸਟਰੀ ਨੂੰ ਕਾਫ਼ੀ ਰਾਹਤ ਮਿਲ ਸਕਦੀ ਹੈ। ਮੱਕੜ ਨੇ ਕਿਹਾ ਕਿ ਜਿੱਥੇ ਵੀ ਕੰਪਨੀ ਵੱਲੋਂ ਸੜਕ ਦਾ ਕੰਮ ਸ਼ੁਰੂ ਕੀਤਾ ਜਾਂਦਾ ਹੈ, ਉੱਥੇ ਟਰੈਫਿਕ ਨੂੰ ਚਲਦਾ ਰੱਖਣ ਲਈ ਪਹਿਲਾਂ ਹੀ ਢੁੱਕਵੇਂ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਸਾਹਨੇਵਾਲ ਤੋਂ ਕੰਮ ਸ਼ੁਰੂ ਹੋਣ ਤੋਂ ਬਾਅਦ ਟਰੈਫਿਕ ਜਾਮ ਦੀ ਸਮੱਸਿਆ ਵਧੀ ਹੈ ਅਤੇ ਕਈ ਵਾਰ ਲੋਕਾਂ ਨੂੰ ਕਈ-ਕਈ ਘੰਟੇ ਜਾਮ ਵਿੱਚ ਫਸਣਾ ਪੈ ਰਿਹਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਜਿੱਥੇ ਕੰਮ ਸ਼ੁਰੂ ਕੀਤਾ ਜਾਣਾ ਹੈ, ਉਸ ਥਾਂ ਤੋਂ ਪਹਿਲਾਂ ਆਰਜ਼ੀ ਤੌਰ ਤੇ ਇੱਕ ਢੁੱਕਵਾਂ ਰਸਤਾ ਤਿਆਰ ਕੀਤਾ ਜਾਵੇ, ਤਾਂ ਜੋ ਸਰਵਿਸ ਲਾਈਨ ਦਾ ਟਰੈਫਿਕ ਆਸਾਨੀ ਨਾਲ ਨੈਸ਼ਨਲ ਹਾਈਵੇ ਤੇ ਚੜ੍ਹ ਸਕੇ ਅਤੇ ਜਿੱਥੇ ਲੋੜ ਹੋਵੇ, ਉੱਥੋਂ ਸੁਰੱਖਿਅਤ ਢੰਗ ਨਾਲ ਮੁੜ ਹੇਠਾਂ ਉਤਾਰਿਆ ਜਾ ਸਕੇ। ਉਨ੍ਹਾਂ ਕਿਹਾ ਕਿ ਅਜਿਹੀ ਯੋਜਨਾਬੰਦੀ ਨਾਲ ਟਰੈਫਿਕ ਜਾਮ ਦੀ ਸਮੱਸਿਆ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਮੱਕੜ ਨੇ ਲੁਧਿਆਣਾ ਟਰੈਫਿਕ ਪੁਲਿਸ ਦੇ ਅਧਿਕਾਰੀਆਂ ਨੂੰ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਟਰੈਫਿਕ ਪੁਲਿਸ ਜੀਐਸ ਕੰਨਸਟਰਕਸ਼ਨ ਕੰਪਨੀ ਨਾਲ ਤਾਲਮੇਲ ਕਰਕੇ ਸੜਕ ਨਿਰਮਾਣ ਦੌਰਾਨ ਟਰੈਫਿਕ ਪ੍ਰਬੰਧਾਂ ਸਬੰਧੀ ਲੁੜੀਂਦੇ ਨਿਰਦੇਸ਼ ਜਾਰੀ ਕਰੇ। ਲੋੜ ਪੈਣ ਤੇ ਕੰਪਨੀ ਨੂੰ ਲਿਖਤੀ ਤੌਰ ਤੇ ਵੀ ਟਰੈਫਿਕ ਪ੍ਰਬੰਧਾਂ ਬਾਰੇ ਹਦਾਇਤਾਂ ਦਿੱਤੀਆਂ ਜਾਣ। ਉਨ੍ਹਾਂ ਸਬੰਧਤ ਕੰਪਨੀ ਤੇ ਟ੍ਰੈਫਿਕ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸੜਕ ਨਿਰਮਾਣ ਦੇ ਨਾਲ-ਨਾਲ ਟ੍ਰੈਫਿਕ ਨੂੰ ਸੁਚਾਰੂ ਰੱਖਣ ਲਈ ਪੂਰੇ ਪ੍ਰਬੰਧ ਕੀਤੇ ਜਾਣ ਤੇ ਇਸ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ।