ਐਤਵਾਰ ਨੂੰ ਮਹਾਂਨਗਰ ’ਚ ਨਿਕਲੀ ਧੁੱਪ ਨੇ ਸੜਕਾਂ ਅਤੇ ਬਾਜ਼ਾਰਾਂ ’ਚ ਵਧਾਈ ਚਹਿਲ-ਪਹਿਲ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਸ਼ਨਿੱਚਰਵਾਰ ਨੂੰ ਮਹਾਂਨਗਰ ਵਿੱਚ ਪਏ ਭਾਰੀ ਮੀਂਹ ਤੋਂ ਬਾਅਦ ਐਤਵਾਰ ਨੂੰ ਹਲਕੀ ਧੁੱਪ ਨਿਕਲੀ ਜਿਸ ਕਾਰਨ ਬਾਜ਼ਾਰਾਂ ’ਤੇ ਸੜਕਾਂ ਉੱਪਰ ਕਾਫੀ ਰੌਣਕ ਵੇਖਣ ਨੂੰ ਮਿਲੀ। ਇਹ ਇੱਕ ਦਿਨ ਪਹਿਲਾਂ ਪਏ ਮੀਂਹ ਦਾ ਅਸਰ ਹੀ ਸੀ ਕਿ ਧੁੱਪ ਗਰਮੀ ਦਾ ਕਾਰਨ ਨਹੀਂ ਬਣ ਸਕੀ ਅਤੇ ਲੋਕ ਖਿੜੇ ਚੇਹਰਿਆਂ ਨਾਲ ਇੱਧਰ ਘੁੰਮਦੇ ਨਜ਼ਰ ਆਏ। ਸਵੇਰ ਤੋਂ ਹੀ ਮੌਸਮ ਸੁਹਾਵਣਾ ਰਿਹਾ ਅਤੇ ਹਵਾ ਵਿੱਚ ਤਾਜ਼ਗੀ ਮਹਿਸੂਸ ਹੋ ਰਹੀ ਸੀ।
ਆਮ ਤੌਰ 'ਤੇ ਜਦੋਂ ਧੁੱਪ ਨਿਕਲਦੀ ਹੈ ਤਾਂ ਤਾਪਮਾਨ ਵਿੱਚ ਵਾਧਾ ਹੋ ਜਾਂਦਾ ਹੈ ਪਰ ਇਸ ਦਿਨ ਅਸਮਾਨ ਵਿੱਚ ਹਲਕੇ ਬੱਦਲ ਵੀ ਮੌਜੂਦ ਸਨ, ਜਿਨ੍ਹਾਂ ਨੇ ਧੁੱਪ ਦੀ ਤੀਬਰਤਾ ਨੂੰ ਘੱਟ ਕਰ ਦਿੱਤਾ। ਇਸ ਕਾਰਨ ਲੋਕਾਂ ਨੂੰ ਨਾ ਤਾਂ ਘੁੱਟਣ ਵਾਲੀ ਗਰਮੀ ਮਹਿਸੂਸ ਹੋਈ ਅਤੇ ਨਾ ਹੀ ਧੁੱਪ ਚੁਭਦੀ ਹੋਈ ਲੱਗੀ। ਠੰਡੀ ਅਤੇ ਹਲਕੀ ਹਵਾ ਲਗਾਤਾਰ ਵੱਗਦੀ ਰਹੀ, ਜਿਸ ਨਾਲ ਮੌਸਮ ਹੋਰ ਵੀ ਸੁਖਦਾਈ ਬਣ ਗਿਆ। ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਪਾਰਕਾਂ, ਬਾਗਾਂ ਅਤੇ ਖੁੱਲ੍ਹੀਆਂ ਥਾਵਾਂ 'ਤੇ ਸਮਾਂ ਬਿਤਾਉਂਦੇ ਨਜ਼ਰ ਆਏ। ਬੱਚੇ ਖੇਡਾਂ ਵਿੱਚ ਰੁੱਝੇ ਰਹੇ ਅਤੇ ਬਜ਼ੁਰਗ ਵੀ ਆਰਾਮ ਨਾਲ ਸੈਰ ਕਰਦੇ ਦਿਖੇ। ਕਿਸਾਨਾਂ ਲਈ ਵੀ ਇਹ ਮੌਸਮ ਲਾਭਕਾਰੀ ਸਾਬਤ ਹੋਇਆ ਕਿਉਂਕਿ ਧੁੱਪ ਨੇ ਫਸਲਾਂ ਨੂੰ ਲੋੜੀਂਦੀ ਰੌਸ਼ਨੀ ਦਿੱਤੀ ਪਰ ਵਧੇਰੇ ਗਰਮੀ ਨਾ ਹੋਣ ਕਾਰਨ ਪੌਦਿਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਇਸ ਤਰ੍ਹਾਂ ਐਤਵਾਰ ਦਾ ਦਿਨ ਧੁੱਪ ਅਤੇ ਠੰਢਕ ਦਾ ਸੁੰਦਰ ਸੁਮੇਲ ਬਣ ਕੇ ਸਾਹਮਣੇ ਆਇਆ। ਧੁੱਪ ਨੇ ਚਮਕ ਤਾਂ ਬਖ਼ਸ਼ੀ, ਪਰ ਗਰਮੀ ਨਹੀਂ ਵਧਾਈ। ਇਹ ਮੌਸਮ ਹਰ ਕਿਸੇ ਲਈ ਸੁਖਦ ਅਤੇ ਮਨਮੋਹਕ ਸਾਬਤ ਹੋਇਆ। ਮੌਸਮ ਮਾਹਿਰਾਂ ਦੀ ਮੰਨੀਏ ਤਾਂ ਮੀਂਹ ਤੋਂ ਬਾਅਦ ਅਕਸਰ ਹਵਾ ਵਿੱਚ ਨਮੀ ਵਧ ਜਾਂਦੀ ਹੈ ਇਸ ਲਈ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਵੇ ਇਸ ਲਈ ਪਾਣੀ ਵਧ ਤੋਂ ਵੱਧ ਮਾਤਰਾ ਵਿੱਚ ਪੀਣਾ ਚਾਹੀਦਾ ਹੈ। ਕੱਪੜੇ ਹਲਕੇ ਪਹਿਨਣੇ ਚਾਹੀਦੇ ਹਨ ਅਤੇ ਜਿੱਥੋਂ ਤੱਕ ਹੋ ਸਕੇ ਦੁਪਹਿਰ ਵੇਲੇ ਬਿਨਾਂ ਲੋੜ ਤੋਂ ਬਾਹਰ ਜਾਣ ਤੋਂ ਬਚਿਆ ਜਾਵੇ। ਜ਼ੰਕ ਫੂਡ ਤੋ ਪਰਹੇਜ਼ ਕਰਦੇ ਹੋਏ ਘਰ ਦੇ ਭੋਜਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਮੀਂਹ ਤੋਂ ਬਾਅਦ ਅਕਸਰ ਮੱਛਰ ਵਧ ਜਾਂਦੇ ਹਨ ਇਸ ਤੋਂ ਖਾਸ ਬਚਾਅ ਰੱਖਣਾ ਚਾਹੀਦਾ ਹੈ। ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਥੋੜੀ ਜਿਹੀ ਸਾਵਧਾਨੀ ਨਾਲ ਮੌਸਮੀ ਬਿਮਾਰੀਆਂ ਤੋ ਬਚਿਆ ਜਾ ਸਕਦਾ ਹੈ। ਸਾਫ ਸਫਾਈ ਦਾ ਧਿਅਨ ਰੱਖਦੇ ਹੋਏ ਘਰ ਦੇ ਆਲੇ ਦੁਆਲੇ ਪਾਣੀ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ। ਪਾਣੀ ਵਾਲੀਆਂ ਟੈਂਕੀਆਂ ਅਤੇ ਕੂਲਰਾਂ ਨੂੰ ਨਿਯਮਤ ਤੌਰ ਤੇ ਸਾਫ ਰੱਖਣਾ ਚਾਹੀਦਾ ਹੈ। ਡਸਟਬਿਨ ਨੂੰ ਸਦਾ ਢੱਕ ਕੇ ਰੱਖੋ।
---
ਮੀਂਹ ਨੇ ਲਿਆਂਦੀ ਤਾਪਮਾਨ ਵਿਚ ਗਿਰਾਵਟ
ਮੌਸਮ ਵਿਭਾਗ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਮੁਖੀ ਡਾ. ਪਵਨੀਤ ਕੌਰ ਕਿੰਗਰਾ ਨੇ ਪੰਜਾਬੀ ਜਾਗਰਣ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਅੱਜ ਮੀਂਹ ਦੇ ਕੋਈ ਆਸਾਰ ਨਹੀਂ ਹਨ। ਮੌਸਮ ਖੁਸ਼ਕ ਹੀ ਰਹੇਗਾ। ਵਿਭਾਗ ਵੱਲੋਂ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਅਤੇ ਹੀਟ ਵੀਵ ਦੀ ਵੀ ਕੋਈ ਸੰਭਾਵਨਾ ਨਹੀਂ ਹੈ। ਸ਼ਨਿੱਚਰਵਾਰ ਨੂੰ ਪਏ ਮੀਂਹ ਨੇ ਤਾਪਮਾਨ ਵਿੱਚ ਕਾਫੀ ਗਿਰਾਵਟ ਲਿਆਂਦੀ। ਡਾ.ਕਿੰਗਰਾ ਨੇ ਦੱਸਿਆ ਕਿ ਐਤਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 31.8 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ 21.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜੋ ਸੋਮਵਾਰ ਨੂੰ ਵਧ ਸਕਦਾ ਹੈ।