ਉਲਾਂਭਾ ਦੇਣ ਗਏ ਦੀ ਸਰਪੰਚ ਤੇ ਸਾਥੀਆਂ ਨੇ ਡਾਂਗਾ ਨਾਲ ਕੀਤੀ ਕੁੱਟਮਾਰ ਉਲਾਂਭਾ ਦੇਣ ਗਏ ਨੌਜਵਾਨ ਨੂੰ ਡਾਂਗਾ ਮਾਰ-ਮਾਰ ਸਰਪੰਚ ਨੇ ਹਸਪਤਾਲ ਪਹੁੰਚਾਇਆ
Publish Date: Sat, 26 Sep 2026 08:24 PM (IST)
Updated Date: Sun, 27 Sep 2026 04:09 AM (IST)
* ਜ਼ਖ਼ਮੀ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ * ਸੋਸ਼ਲ ਮੀਡੀਆ ’ਤੇ ਕੁੱਟਮਾਰ ਦੀ ਵੀਡੀਓ ਵਾਇਰਲ ਹੋਈ -01 ਬੇਟ ਇਲਾਕੇ ਦੇ ਪਿੰਡ ਸਲੇਮਪੁਰਾ ’ਚ ਨੌਜਵਾਨ ਦੀ ਸਰਪੰਚ ਵੱਲੋਂ ਕੁੱਟਮਾਰ ਕਰਦਿਆਂ ਦੀ ਵਾਇਰਲ ਵੀਡੀਓ ਦਾ ਸਕਰੀਨਸ਼ਾਰਟ। -02 ਜਗਰਾਓਂ ਸਿਵਲ ਹਸਪਤਾਲ ਵਿਚ ਜੇਰੇ ਇਲਾਜ ਨੌਜਵਾਨ ਹਰਪ੍ਰੀਤ ਸਿੰਘ। -03 ਪਿੰਡ ਸਲੇਮਪੁਰਾ ਦੇ ਸਰਪੰਚ ਦਵਿੰਦਰ ਸਿੰਘ ਵਾਇਰਲ ਵੀਡੀਓ ਸਬੰਧੀ ਜਾਣਕਾਰੀ ਦਿੰਦੇ ਹੋਏ। ਸੰਜੀਵ ਗੁਪਤਾ, ਪੰਜਾਬੀ ਜਾਗਰਣ ਜਗਰਾਓਂ : ਬੇਟ ਇਲਾਕੇ ਦੇ ਪਿੰਡ ਸਲੇਮਪੁਰਾ ਦੇ ਸਰਪੰਚ ਤੇ ਸਾਥੀਆਂ ਵੱਲੋਂ ਇਕ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੀ ਵੀਡੀਓ ਵਾਇਰਲ ਹੋਈ। ਇਸ ਘਟਨਾ ’ਚ ਜ਼ਖ਼ਮੀ ਹੋਏ ਪਿੰਡ ਸਲੇਮਪੁਰਾ ਦੇ ਹੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਰਪੰਚ ਨੇ ਉਸ ਦਾ ਨਾਮ ਨਸ਼ਾ ਤਸਕਰਾਂ ਦੀ ਸੂਚੀ ’ਚ ਸ਼ਾਮਲ ਕਰਦਿਆਂ ਪੁਲਿਸ ਨੂੰ ਸੌਂਪਿਆ ਗਿਆ ਸੀ, ਜੋ ਝੂਠ ਸੀ। ਉਹ ਇਸੇ ਝੂਠ ਦਾ ਉਲਾਂਭਾ ਦੇਣ ਬੀਤੀ ਸ਼ਾਮ ਸਰਪੰਚ ਦਵਿੰਦਰ ਸਿੰਘ ਸਲੇਮਪਰੀ ਦੇ ਘਰ ਪਹੁੰਚਿਆ। ਜਿੱਥੇ ਉਸ ਨੂੰ ਆਉਂਦਾ ਦੇਖ ਸਰਪੰਚ ਤੇ ਉਸ ਦੇ ਭਤੀਜਿਆਂ ਨੇ ਬਾਹਰ ਹੀ ਘੇਰ ਲਿਆ। ਸਰਪੰਚ ਨੇ ਗੁੱਸੇ ’ਚ ਆ ਕੇ ਡਾਂਗ ਚੁੱਕੀ ਅਤੇ ਉਸ ’ਤੇ ਵਰ੍ਹਾਉਣੀ ਸ਼ੁਰੂ ਕਰ ਦਿੱਤੀ। ਉਸ ਦੇ ਭਤੀਜਿਆਂ ਤੇ ਹੋਰਾਂ ਨੇ ਵੀ ਸੜਕ ’ਤੇ ਹੀ ਲੰਮਾ ਪਾ ਕੇ ਲੱਤਾਂ-ਪੈਰਾਂ ਨਾਲ ਦੱਬ ਕੇ ਕੁੱਟਮਾਰ ਕੀਤੀ। ਸਰਪੰਚ ਉਸ ਦੀ ਡਾਂਗ ਨਾਲ ਕੁੱਟਮਾਰ ਕਰਦਿਆਂ ਗਾਲ੍ਹਾਂ ਵੀ ਕੱਢ ਰਿਹਾ ਹੈ। ਇਸ ਮਾਮਲੇ ’ਚ ਅੱਜ ਸਵੇਰੇ ਪਿੰਡ ਦੇ ਸਰਪੰਚ ਵੱਲੋਂ ਨੌਜਵਾਨ ਦੀ ਕੁੱਟਮਾਰ ਕਰਦਿਆਂ ਦੀ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਈ। ਇਸ ਕੁੱਟਮਾਰ ਵਿਚ ਜ਼ਖ਼ਮੀ ਹੋਏ ਨੌਜਵਾਨ ਹਰਪ੍ਰੀਤ ਸਿੰਘ ਨੂੰ ਜਗਰਾਓਂ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ। ਜਿੱਥੇ ਉਸ ਨੇ ਸਰਪੰਚ ਵੱਲੋਂ ਕੁੱਟਮਾਰ ਕਰਨ ਦੇ ਸਰੀਰ ’ਤੇ ਪਏ ਜ਼ਖ਼ਮ ਤੇ ਡਾਂਗ ਦੇ ਨਿਸ਼ਾਨ ਦਿਖਾਉਂਦਿਆਂ ਹੱਡਬੀਤੀ ਸੁਣਾਈ। ਇਹ ਚੌਥਾ ਹਮਲਾ ਸੀ, ਬਸ ਹੁਣ ਸਿਰ ਤੋਂ ਪਾਣੀ ਲੰਘ ਗਿਆ ਸੀ ਪਿੰਡ ਸਲੇਮਪੁਰਾ ਦੇ ਸਰਪੰਚ ਦਵਿੰਦਰ ਸਿੰਘ ਸਲੇਮਪੁਰੀ ਨੇ ਨੌਜਵਾਨ ਦੀ ਕੁੱਟਮਾਰ ਮਾਮਲੇ ’ਚ ਵਾਇਰਲ ਵੀਡੀਓ ਨੂੰ ਇੱਕ ਪੱਖ ਦੱਸਿਆ। ਉਨ੍ਹਾਂ ਦੱਸਿਆ ਕਿ ਇਹ ਵੀਡੀਓ ਦਾ ਇਕ ਛੋਟਾ ਜਿਹਾ ਹਿੱਸਾ ਸੀ, ਜਦਕਿ ਪੂਰੀ ਵੀਡੀਓ ’ਚ ਉਹ ਉਕਤ ਨੌਜਵਾਨ ਦੀ ਮਿੰਨਤਾਂ ਕਰ ਰਹੇ ਹਨ ਕਿ ਉਸ ਦੀ ਸ਼ਰਾਬ ਪੀਤੀ ਹੈ, ਘਰ ਚਲੇ ਜਾਵੇ ਪਰ ਉਸ ਨੇ ਘਰ ਵਿਚ ਦਾਖ਼ਲ ਹੋ ਕੇ ਉਨ੍ਹਾਂ ਨੂੰ ਗਾਲ੍ਹਾਂ ਹੀ ਨਹੀਂ ਕੱਢੀਆਂ, ਬਲਕਿ ਉਨ੍ਹਾਂ ਦੀ ਪਤਨੀ ਨੂੰ ਵੀ ਧੱਕਾ ਮਾਰਿਆ। ਉਨ੍ਹਾਂ ਕਿਹਾ ਕਿ ਉਹ ਗਰੀਬ ਘਰ ਤੋਂ ਸਰਪੰਚ ਚੁਣੇ ਗਏ ਹਨ, ਜੋ ਵਿਰੋਧੀਆਂ ਨੂੰ ਰਾਸ ਨਹੀਂ ਆ ਰਿਹਾ। ਉਨ੍ਹਾਂ ਦੇ ਘਰ ਵਿਚ ਦਾਖਲ ਹੋ ਕੇ ਉਨ੍ਹਾਂ ’ਤੇ ਇਹ ਚੌਥਾ ਹਮਲਾ ਹੈ। ਜਿਸ ਕਾਰਨ ਇਸ ਵਾਰ ਸਿਰ ਤੋਂ ਪਾਣੀ ਲੰਘ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਵੀ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ।