ਪਹਿਲਾਂ ਨਾਲੋਂ ਔਖਾ ਹੋਇਆ ਅਧਿਆਪਕ ਦਾ ਕਾਰਜਭਾਰ : ਵੀਸੀ
ਪਹਿਲਾਂ ਨਾਲੋਂ ਔਖਾ ਹੋਇਆ ਅਧਿਆਪਕ ਦਾ ਕਾਰਜਭਾਰ-ਵਾਈਸ ਚਾਂਸਲਰ
Publish Date: Wed, 18 Feb 2026 07:02 PM (IST)
Updated Date: Thu, 19 Feb 2026 04:07 AM (IST)

- ਅਧਿਆਪਕਾਂ ਬਾਰੇ ਨਵੇਂ ਯੁੱਗ ਦੀਆਂ ਅਧਿਆਪਨ ਵਿਧੀਆਂ ਤੇ ਤਬਦੀਲੀਆਂ ਸਬੰਧੀ ਸੈਮੀਨਾਰ ਕਰਵਾਇਆ ਫੋਟੋ ਨੰਬਰ-10,11 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਬੁੱਧਵਾਰ ਨੂੰ ਬਦਲਦੇ ਸਿੱਖਿਆ ਦ੍ਰਿਸ਼ ਦੇ ਅਨੁਸਾਰ ਅਧਿਆਪਣੀ ਕਾਰਜਾਂ ਵਿੱਚ ਨਵੀਂ ਤਕਨੀਕ ਅਤੇ ਖੋਜਾਂ ਸ਼ਾਮਿਲ ਕਰਨ ਲਈ ਵਿਚਾਰ-ਚਰਚਾ ਕਰਨ ਦੇ ਮੰਤਵ ਨਾਲ ਪੀਏਯੂ ’ਚ ਅਧਿਆਪਕਾਂ ਬਾਰੇ ਨਵੇਂ ਯੁੱਗ ਦੀਆਂ ਅਧਿਆਪਨ ਵਿਧੀਆਂ ਅਤੇ ਭਵਿੱਖ ਵਿੱਚ ਅਧਿਆਪਨ ਦੇ ਕਿੱਤੇ ਵਿੱਚ ਤਬਦੀਲੀਆਂ ਸੰਬੰਧੀ ਸੈਮੀਨਾਰ ਕਰਵਾਇਆ ਗਿਆ। ਆਰੰਭਕ ਸ਼ੈਸਨ ਦੇ ਮੁੱਖ ਮਹਿਮਾਨ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਸਨ। ਇਸ ਮੌਕੇ ਡਾ. ਗੋਸਲ ਨੇ ਕਿਹਾ ਕਿ ਮੌਜੂਦਾ ਸੂਚਨਾ ਤਕਨਾਲੋਜੀ ਦੇ ਯੁੱਗ ਵਿੱਚ ਅਧਿਆਪਕ ਦਾ ਕਾਰਜ ਭਾਰ ਪਹਿਲਾਂ ਨਾਲੋਂ ਔਖਾ ਹੋਇਆ ਹੈ। ਸਮਾਜ ਉਸਾਰੀ ਦੀ ਇਕੀਵੀਂ ਸਦੀ ਦੀਆਂ ਚੁਣੌਤੀਆਂ ਦੇ ਸਾਹਮਣੇ ਅਧਿਆਪਕ ਦੀ ਜ਼ਿੰਮੇਵਾਰੀ ਵੀ ਵਧੀ ਹੈ। ਇਸ ਲਈ ਨਵੀਨ ਕਲਾਸਰੂਮਾਂ ਨੂੰ ਵਧੇਰੇ ਸੰਵਾਦੀ, ਤਕਨਾਲੋਜੀ ਅਧਾਰਿਤ ਅਤੇ ਸਿੱਟਿਆਂ ਵੱਲ ਸੇਧਿਤ ਹੋਣ ਦੀ ਲੋੜ ਹੈ। ਉਨਾਂ ਆਸ ਪ੍ਰਗਟਾਈ ਕਿ ਅੱਜ ਦਾ ਸੈਮੀਨਾਰ ਅਧਿਆਪਕਾਂ ਨੂੰ ਨਵੇਂ ਯੁੱਗ ਦੇ ਦਸੇਰੇ ਬਣਨ ਲਈ ਪ੍ਰੇਰਿਤ ਕਰਨ ਵਿੱਚ ਸਫਲ ਰਹੇਗਾ। ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਨੇ ਇਸ ਮੌਕੇ ਆਪਣੀ ਵਿਸ਼ੇਸ਼ ਹਾਜ਼ਰੀ ਭਰੀ। ਸੈਮੀਨਾਰ ਦੇ ਸੰਚਾਲਕ ਅਤੇ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਨੇ ਸਵਾਗਤ ਦੇ ਸ਼ਬਦ ਕਹੇ। ਇਸ ਮੌਕੇ ਉੱਚ ਅਧਿਕਾਰੀਆਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀ, ਅਧਿਆਪਕ, ਖੋਜਾਰਥੀ ਅਤੇ ਵਿਦਿਆਰਥੀ ਸ਼ਾਮਿਲ ਸਨ। ਆਰੰਭਕ ਸ਼ੈਸਨ ਵਿੱਚ ਵਿਸ਼ੇਸ਼ ਮਾਹਿਰਾਂ ਦੇ ਤੌਰ ਤੇ ਸ਼ਾਮਿਲ ਹੋਏ ਆਈਆਈਟੀ ਰੁੜਕੀ ਦੇ ਸਾਬਕਾ ਪ੍ਰੋਫੈਸਰ ਡਾ. ਕ੍ਰਿਸ਼ਨਨ ਮੁਰੁਗੇਸਨ ਨੇ ਅਜੋਕੇ ਸਮੇਂ ਵਿੱਚ ਅਧਿਆਪਕ ਦੀ ਸਹੂਲਤਾਂ ਅਤੇ ਚੁਣੌਤੀਆਂ ਵਿਸ਼ੇ ਤੇ ਗੱਲ ਕੀਤੀ। ਹੈਦਰਾਬਾਦ ਤੋਂ ਆਏ ਪ੍ਰਮੁੱਖ ਵਿਗਿਆਨੀ ਡਾ. ਜੀਆਰ ਰਾਮਾਕ੍ਰਿਸ਼ਨਾ ਮੂਰਤੀ ਨੇ ਸਮਾਰਟ ਅਤੇ ਇਨੋਵੇਟਿਵ ਅਧਿਆਪਨ ਵਿਧੀਆਂ ਬਾਰੇ ਵਿਸਥਾਰ ਨਾਲ ਆਪਣਾ ਭਾਸ਼ਣ ਦਿੱਤਾ। ਡਾ. ਸੁਨੀਲ ਦੱਤ ਨੇ ਇਸ ਮੌਕੇ ਸਿਖਿਆਰਥੀਆਂ ਨੂੰ ਸਮਝਣ ਅਤੇ ਅਧਿਆਪਨ ਨੂੰ ਪ੍ਰਭਾਵਸ਼ਾਲੀ ਬਨਾਉਣ ਅਤੇ ਆਈਆਈਟੀ ਮਦਰਾਸ ਦੇ ਪ੍ਰੋਫੈਸਰ ਡਾ. ਅਰਸ਼ਇੰਦਰ ਕੌਰ ਨੇ ਵਿਦਿਆਰਥੀਆਂ ਦੀ ਮਜ਼ਬੂਤੀ ਰਾਹੀਂ ਨੈਤਿਕ ਸਿੱਖਿਆ ਦਾ ਵਿਕਾਸ ਵਿਸ਼ੇ ਤੇ ਮਹੱਤਵਪੂਰਨ ਭਾਸ਼ਣ ਦਿੱਤੇ। ਡੀਐੱਮਸੀ ਲੁਧਿਆਣਾ ਦੇ ਸਹਾਇਕ ਪ੍ਰੋਫੈਸਰ ਡਾ. ਦਰਪਣ ਕੌਰ ਨੇ ਇਸ ਮੌਕੇ ਅਧਿਆਪਨ ਦੌਰਾਨ ਭਾਵੁਕ ਜੁਗਤਾਂ ਦੀ ਭੂਮਿਕਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸਭ ਬੁਲਾਰਿਆਂ ਨੇ ਅਧਿਆਪਨ, ਸੰਕਲਪ ਅਤੇ ਸਿਖਿਆਰਥੀ ਦੇ ਬਦਲਦੇ ਸੰਬੰਧਾਂ ਅਤੇ ਮੌਜੂਦਾ ਲੋੜਾਂ ਦੇ ਸਮਾਜਿਕ, ਆਰਥਿਕ, ਭਾਵੁਕ ਅਤੇ ਮਨੋਵਿਗਿਆਨਕ ਪੱਖਾਂ ਉੱਪਰ ਧਿਆਨ ਕੇਂਦਰਿਤ ਕੀਤਾ। ਅੰਤ ਵਿੱਚ ਧੰਨਵਾਦ ਦੇ ਸ਼ਬਦ ਕੰਟਰੋਲਰ ਪ੍ਰੀਖਿਆਵਾਂ ਅਤੇ ਸੈਮੀਨਾਰ ਦੇ ਸਹਿ ਸੰਚਾਲਕ ਡਾ. ਵਿਸ਼ਵਜੀਤ ਸਿੰਘ ਹਾਂਸ ਨੇ ਕਹੇ। ਸਮਾਰੋਹ ਦਾ ਸੰਚਾਲਨ ਡਾ. ਆਸ਼ੂ ਤੂਰ ਅਤੇ ਡਾ. ਹਿਨਾ ਗੋਇਲ ਨੇ ਕੀਤਾ। ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਨਵੇਂ ਯੁੱਗ ਦੀਆਂ ਸਿੱਖਿਆ ਵਿਧੀਆਂ ਬਾਰੇ ਗਿਆਨ ਦਿੰਦਾ ਇਹ ਸੈਮੀਨਾਰ ਯਾਦਗਾਰੀ ਹੋ ਨਿਬੜਿਆ। ਇਸ ਦੌਰਾਨ ਕਈ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।